ਅਲੋਪ ਹੋ ਗਏ ਨੇ ਪੀਚੋ ਬਕਰੀ ਖੇਡਣ ਦੇ ਦ੍ਰਿਸ਼

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਪੁਰਤਾਨ ਸਮਿਆਂ ਸਮੇਂ 'ਚ ਬੱਚਿਆਂ ਦੇ ਮਨੋਰੰਜਨ ਦਾ ਮੁੱਖ ਸਾਧਨ ਰਹੀਆਂ ਬਾਲ ਖੇਡਾਂ 'ਚੋਂ ਇਕ ਹੈ ਪੀਚੋ ਬਕਰੀ। ਇਹ ਖੇਡ ਜ਼ਿਆਦਾਤਰ ਕੁੜੀਆਂ ਵਲੋਂ ਖੇਡੀ ਜਾਂਦੀ ਹੈ

ਪੀਚੋ ਬਕਰੀ

ਪੁਰਤਾਨ ਸਮਿਆਂ ਸਮੇਂ 'ਚ ਬੱਚਿਆਂ ਦੇ ਮਨੋਰੰਜਨ ਦਾ ਮੁੱਖ ਸਾਧਨ ਰਹੀਆਂ ਬਾਲ ਖੇਡਾਂ 'ਚੋਂ ਇਕ ਹੈ ਪੀਚੋ ਬਕਰੀ। ਇਹ ਖੇਡ ਜ਼ਿਆਦਾਤਰ ਕੁੜੀਆਂ ਵਲੋਂ ਖੇਡੀ ਜਾਂਦੀ ਹੈ। ਇਸ ਖੇਡ 'ਚ ਟੀਮ ਬਣਾਉਣ ਦੀ ਬਜਾਏ ਹਰ ਖਿਡਾਰੀ ਅਪਣੇ ਬਲਬੂਤੇ ਖੇਡ ਰਚਾਉਂਦਾ ਹੈ। ਪੀਚੋ ਆਮ ਤੌਰ ਤੇ ਦੋ ਤਰ੍ਹਾਂ ਦੀ ਹੁੰਦੀ ਹੈ। ਇਕ ਸਰਲ ਅਤੇ ਦੂਜੀ ਥੋੜ੍ਹੀ ਜਿਹੀ ਔਖੀ।

ਸੌਖੀ ਪੀਚੋ ਵਿਚ ਜ਼ਮੀਨ ਤੇ ਢਾਈ ਤਿੰਨ ਮੀਟਰ ਦੀ ਲੰਬਾਈ ਅਤੇ ਦੋ ਡੇਢ ਮੀਟਰ ਦੀ ਚੌੜਾਈ ਦੀ ਆਇਤਕਾਰ ਲਾਈਨ ਖਿੱਚ ਕੇ ਉਸ ਨੂੰ ਚੌੜਾਈ ਰੁੱਖ ਚਾਰ ਜਾਂ ਪੰਜ ਡੱਬਿਆਂ 'ਚ ਵੰਡ ਲਿਆ ਜਾਂਦਾ ਹੈ ਜਿਸ ਨੂੰ ਪੀਚੋ ਬਣਾਉਣਾ ਕਿਹਾ ਜਾਂਦਾ ਹੈ। ਔਖੀ ਪੀਚੋ ਵਿਚ ਇਨ੍ਹਾਂ ਚਾਰ ਜਾਂ ਪੰਜ ਡੱਬਿਆਂ ਨੂੰ ਵਿਚਕਾਰੋਂ ਵੰਡ ਕੇ ਅੱਠ ਜਾਂ ਦਸ ਡੱਬੇ ਬਣਾ ਲਏ ਜਾਂਦੇ ਹਨ। ਪੀਚੋ ਤਿਆਰ ਕਰਨ ਉਪਰੰਤ ਇਕ ਛੋਟੀ ਜਿਹੀ ਗੋਲ ਠੀਕਰੀ ਤਿਆਰ ਕੀਤੀ ਜਾਂਦੀ ਹੈ ਜਿਸ ਨੂੰ ਗੀਟੀ ਕਿਹਾ ਜਾਂਦਾ ਹੈ।

 

ਖੇਡ ਖੇਡਣ ਲਈ ਸਾਰੀਆਂ ਖਿਡਾਰਨਾਂ ਵਾਰੀ ਨਿਸ਼ਚਤ ਕਰ ਲੈਂਦੀਆਂ ਹਨ। ਖੇਡ ਸ਼ੁਰੂ ਕਰਨ ਲਈ ਸੱਭ ਤੋਂ ਪਹਿਲਾਂ ਬਣਾਈ ਪੀਚੋ ਦੇ ਇਕ ਪਾਸੇ ਖੜ ਕੇ ਗੀਟੀ ਨੂੰ ਹੱਥ ਨਾਲ ਅਖੀਰਲੇ ਡੱਬੇ 'ਚ ਸੁਟਿਆ ਜਾਂਦਾ ਹੈ ਅਤੇ ਫਿਰ ਇਕ ਪੈਰ 'ਤੇ ਚੱਲ ਕੇ ਉਸ ਗੀਟੀ ਤਕ ਪੁੱਜ ਕੇ ਉਸ ਗੀਟੀ ਨੂੰ ਪੈਰ ਦੀ ਠੋਕਰ ਸਹਾਰੇ ਵਾਪਸ ਉਸੇ ਸਥਾਨ 'ਤੇ ਲਿਆਂਦਾ ਜਾਂਦਾ ਹੈ ਜਿੱਥੇ ਖੜ ਕੇ ਇਸ ਨੂੰ ਸੁਟਿਆ ਗਿਆ ਸੀ।

ਅਖ਼ੀਰਲੇ ਡੱਬੇ ਤੋਂ ਗੀਟੀ ਵਾਪਸ ਲਿਆਉਣ ਦਾ ਸ਼ੁਰੂ ਹੋਇਆ ਸਿਲਸਿਲਾ ਪਹਿਲੇ ਡੱਬੇ ਤਕ ਜਾਰੀ ਰਹਿੰਦਾ ਹੈ। ਇਸ ਦੌਰਾਨ ਧਿਆਨ ਇਹ ਰਖਣਾ ਪੈਂਦਾ ਹੈ ਕਿ ਗੀਟੀ ਨੂੰ ਇਕ ਪੈਰ ਨਾਲ ਵਾਪਸ ਲਿਆਉਣ ਸਮੇਂ ਦੂਜਾ ਪੈਰ ਥੱਲੇ ਨਹੀਂ ਲਗਣਾ ਚਾਹੀਦਾ ਅਤੇ ਗੀਟੀ ਨਾ ਪੀਚੋ ਤੋਂ ਬਾਹਰ ਜਾਣੀ ਚਾਹੀਦੀ ਹੈ ਅਤੇ ਨਾ ਹੀ ਗੀਟੀ ਅਤੇ ਪੈਰ ਪੀਚੋ ਦੀਆਂ ਲਾਈਨਾਂ ਨੂੰ ਛੂਹਣੇ ਚਾਹੀਦੇ ਹਨ। ਜੇਕਰ ਗੀਟੀ ਵਾਪਸ ਲਿਆਉਣ ਸਮੇਂ ਖਿਡਾਰੀ ਦਾ ਦੂਜਾ ਪੈਰ ਥੱਲੇ ਲਗਦਾ ਹੈ ਜਾਂ ਗੀਟੀ ਲਾਈਨ ਤੇ ਰੁਕ ਜਾਂਦੀ ਹੈ ਜਾਂ ਪੈਰ ਲਾਈਨ ਨੂੰ ਛੂਹਦਾ ਹੈ ਤਾਂ ਖਿਡਾਰੀ ਨੂੰ ਖੇਡ ਤੋਂ ਬਾਹਰ ਹੋਣਾ ਪੈਂਦਾ ਹੈ।

 

ਸਿੱਧੇ ਪਾਸੇ ਤੋਂ ਗੀਟੀ ਸੁੱਟ ਕੇ ਵਾਪਸ ਲਿਆਉਣ ਦਾ ਟੀਚਾ ਪੂਰਾ ਕਰਨ ਉਪਰੰਤ ਖਿਡਾਰੀ ਨੇ ਦੂਜੇ ਗੇੜ ਦੀ ਖੇਡ ਸ਼ੁਰੂ ਕਰਨੀ ਹੁੰਦੀ ਹੈ। ਇਸ ਗੇੜ 'ਚ ਖਿਡਾਰੀ ਨੇ ਬਿਲਕੁਲ ਅਖ਼ੀਰਲੇ ਡੱਬੇ ਕੋਲ ਜਾ ਕੇ ਪੀਚੋ ਵੱਲ ਪਿੱਠ ਕਰ ਕੇ ਅਪਣੇ ਸਿਰ ਉੱਪਰ ਦੀ ਗੀਟੀ ਨੂੰ ਇਸ ਪ੍ਰਕਾਰ ਸੁਟਣਾ ਹੁੰਦਾ ਹੈ ਕਿ ਉਹ ਪਹਿਲੇ ਡੱਬੇ ਵਿਚ ਆ ਡਿੱਗੇ। ਜੇਕਰ ਗੀਟੀ ਪਹਿਲੇ ਡੱਬੇ ਦੀ ਬਜਾਏ ਕਿਸੇ ਹੋਰ ਡੱਬੇ ਵਿਚ ਜਾਂ ਪੀਚੋ ਤੋਂ ਬਾਹਰ ਜਾਂ ਫਿਰ ਪੀਚੋ ਦੀ ਲਾਈਨ ਤੇ ਡਿਗਦੀ ਹੈ ਤਾਂ ਖਿਡਾਰੀ ਨੂੰ ਹਾਰ ਸਵੀਕਾਰ ਕਰਦਿਆਂ ਅਪਣੀ ਖੇਡ ਖ਼ਤਮ ਕਰਨੀ ਪੈਂਦੀ ਹੈ।

ਜੇਕਰ ਗੀਟੀ ਸਹੀ ਪਹਿਲੇ ਡੱਬੇ ਵਿਚ ਡਿਗਦੀ ਹੈ ਤਾਂ ਫਿਰ ਉਸੇ ਤਰ੍ਹਾਂ ਇਕ ਪੈਰ ਦੇ ਸਹਾਰੇ ਸਾਰੀ ਪੀਚੋ ਵਿਚੋਂ ਗੁਜ਼ਰਦਿਆਂ ਪਹਿਲਾਂ ਗੀਟੀ ਤਕ ਪਹੁੰਚਣਾ ਪੈਂਦਾ ਹੈ ਅਤੇ ਫਿਰ ਪੈਰ ਦੀ ਠੋਕਰ ਨਾਲ ਗੀਟੀ ਨੂੰ ਬਿਨਾਂ ਬਾਹਰ ਕੱਢੇ ਜਾਂ ਕਿਸੇ ਲਾਈਨ ਤੇ ਖੜਨ ਤੋਂ ਬਚਾ ਕੇ ਗੀਟੀ ਨੂੰ ਸੁੱਟਣ ਵਾਲੀ ਜਗ੍ਹਾ 'ਤੇ ਵਾਪਸ ਲਿਜਾਣਾ ਹੁੰਦਾ ਹੈ। ਇਸੇ ਤਰ੍ਹਾਂ ਪਿੱਠ ਕਰ ਕੇ ਸਿਰ ਉੱਪਰ ਦੀ ਗੀਟੀ ਸੁੱਟਣ ਅਤੇ ਫਿਰ ਵਾਪਸ ਲਿਆਉਣ ਦੀ ਕਿਰਿਆ ਸਾਰੇ ਡੱਬਿਆਂ ਵਿਚ ਕਰਨੀ ਪੈਂਦੀ ਹੈ।

 

ਜਿਹੜਾ ਖਿਡਾਰੀ ਪਹਿਲਾਂ ਸਿੱਧੇ ਖੜ੍ਹ ਕੇ ਅਤੇ ਫਿਰ ਪਿੱਠ ਕਰ ਕੇ ਸਿਰ ਉੱਪਰੋਂ ਦੀ ਗੀਟੀ ਸੁੱਟ ਕੇ ਬਿਨਾਂ ਗ਼ਲਤੀ ਕੀਤੇ ਗੀਟੀ ਵਾਪਸ ਲਿਆਉਣ ਦੀ ਸਾਰੀ ਪ੍ਰਕ੍ਰਿਆ ਪੂਰੀ ਕਰਦਾ ਹੈ ਉਹ ਜੇਤੂ ਖਿਡਾਰੀ ਬਣ ਕੇ ਦੁਬਾਰਾ ਖੇਡ ਸ਼ੁਰੂ ਕਰ ਸਕਦਾ ਹੈ ਅਤੇ ਜੇਕਰ ਖਿਡਾਰੀ ਗੀਟੀ ਨੂੰ ਸੁੱਟਣ ਜਾਂ ਪੈਰ ਦੀ ਠੋਕਰ ਨਾਲ ਵਾਪਸ ਲਿਜਾਣ ਸਮੇਂ ਕੋਈ ਗ਼ਲਤੀ ਕਰ ਜਾਂਦਾ ਹੈ ਤਾਂ ਉਸ ਨੂੰ ਹਾਰ ਸਵੀਕਾਰ ਕਰ ਕੇ ਖੇਡ ਦੀ ਵਾਰੀ ਅਗਲੇ ਖਿਡਾਰੀ ਨੂੰ ਦੇਣੀ ਪੈਂਦੀ ਹੈ। ਇਸ ਤਰ੍ਹਾਂ ਇਹ ਪੀਚੋ ਦੀ ਖੇਡ ਅੱਗੇ ਵਧਦੀ ਰਹਿੰਦੀ ਹੈ। ਸਕੂਲਾਂ 'ਚ ਅੱਧੀ ਛੁੱਟੀ ਦੇ ਸਮੇਂ ਅਤੇ ਘਰਾਂ 'ਚ ਵਿਹਲੇ ਸਮੇਂ ਮਨੋਰੰਜਨ ਦਾ ਮੁੱਖ ਸਾਧਨ ਰਹੀ ਪੀਚੋ ਬਕਰੀ ਦੀ ਖੇਡ ਅੱਜਕਲ੍ਹ ਖ਼ਤਮ ਹੋ ਗਈ ਹੈ।

-ਬਿੰਦਰ ਸਿੰਘ ਖੁੱਡੀ ਕਲਾਂ,
ਸੰਪਰਕ : 98786-05965