ਰਸੋਈ ਵਿਚੋਂ ਆ ਰਹੀ ਬਦਬੂ ਨੂੰ ਦੂਰ ਕਰਨ ਦੇ ਘਰੇਲੂ ਨੁਸਖ਼ੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਮਸਾਲਿਆਂ ਦੀ ਮਹਿਕ ਨਾਲ ਰਸੋਈ ਵਿਚੋਂ ਬਦਬੂ ਆਉਣ ਲਗਦੀ ਹੈ, ਜੋ ਸੌਖੇ ਢੰਗ ਨਾਲ ਨਹੀਂ ਜਾਂਦੀ।

Kitchen Cleaning

ਚੰਡੀਗੜ੍ਹ: ਸਾਰੇ ਘਰਾਂ ਦੀਆਂ ਔਰਤਾਂ ਅਪਣਾ ਅੱਧੇ ਨਾਲੋਂ ਜ਼ਿਆਦਾ ਸਮਾਂ ਰਸੋਈ ਵਿਚ ਹੀ ਬਿਤਾਉਂਦੀਆਂ ਹਨ। ਉਹ ਅਪਣੇ ਘਰ-ਪ੍ਰਵਾਰ ਦੇ ਮੈਂਬਰਾਂ ਲਈ ਸਵਾਦਿਸ਼ਟ ਖਾਣਾ ਬਣਾਉਂਦੀਆਂ ਹਨ। ਖਾਣਾ ਬਣਾਉਣ ਲਈ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਇਨ੍ਹਾਂ ਮਸਾਲਿਆਂ ਦੀ ਮਹਿਕ ਨਾਲ ਰਸੋਈ ਵਿਚੋਂ ਬਦਬੂ ਆਉਣ ਲਗਦੀ ਹੈ, ਜੋ ਸੌਖੇ ਢੰਗ ਨਾਲ ਨਹੀਂ ਜਾਂਦੀ।

ਇਸ ਬਦਬੂ ਨੂੰ ਦੂਰ ਕਰਨ ਲਈ ਲੋਕ ਤਰ੍ਹਾਂ-ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ ਪਰ ਇਸ ਨਾਲ ਕੋਈ ਫ਼ਾਇਦਾ ਨਹੀਂ ਹੁੰਦਾ। ਅਜਿਹੇ ਵਿਚ ਅੱਜ ਅਸੀਂ ਤੁਹਾਨੂੰ ਕੁੱਝ ਘਰੇਲੂ ਚੀਜ਼ਾਂ ਬਾਰੇ ਦਸਾਂਗੇ ਜੋ ਤੁਹਾਨੂੰ ਰਸੋਈ ਦੀ ਬਦਬੂ ਨੂੰ ਦੂਰ ਕਰਨ ਵਿਚ ਕਾਫ਼ੀ ਕੰਮ ਆਉਣਗੀਆਂ:

ਸੰਤਰੇ ਦੇ ਛਿਲਕੇ: ਸਭ ਤੋਂ ਪਹਿਲਾਂ 1 ਕੱਪ ਪਾਣੀ ਲਉ ਅਤੇ ਉਸ ਨੂੰ ਘੱਟ ਗੈਸ 'ਤੇ ਗਰਮ ਕਰੋ। ਫਿਰ ਇਸ ਪਾਣੀ ਵਿਚ ਸੰਤਰੇ ਦੇ ਛਿਲਕੇ ਮਿਲਾ ਦਿਉ। ਤਕਰੀਬਨ 2 ਮਿੰਟ ਲਈ ਇਸ ਨੂੰ ਇੰਝ ਹੀ ਰਹਿਣ ਦਿਉ। ਤੁਸੀਂ ਚਾਹੋ ਤਾਂ ਇਸ ਪਾਣੀ ਵਿਚ ਇਲਾਇਚੀ, ਦਾਲਚੀਨੀ ਮਿਲਾ ਸਕਦੇ ਹੋ। ਇਸ ਪਾਣੀ ਨੂੰ ਰਸੋਈ ਦੇ ਕੋਨਿਆਂ ਵਿਚ ਫੈਲਾ ਦਿਉ। ਇਸ ਤਰ੍ਹਾਂ ਬਦਬੂ ਦੂਰ ਹੋ ਜਾਵੇਗੀ।

ਬੇਕਿੰਗ ਸੋਡਾ: ਬੇਕਿੰਗ ਸੋਡਾ ਵੀ ਬਦਬੂ ਨੂੰ ਦੂਰ ਕਰਦਾ ਹੈ। ਥੋੜ੍ਹੇ ਜਿਹੇ ਪਾਣੀ ਵਿਚ ਬੇਕਿੰਗ ਸੋਡਾ ਮਿਲਾ ਕੇ ਇਸ ਨੂੰ ਬਦਬੂ ਵਾਲੀ ਥਾਂ 'ਤੇ ਛਿੜਕ ਦਿਉ। ਅਜਿਹਾ ਕਰਨ ਨਾਲ ਰਸੋਈ ਦੀ ਬਦਬੂ ਦੂਰ ਹੋ ਜਾਵੇਗੀ।

ਨਿੰਬੂ ਦੀਆਂ ਕੁੱਝ ਬੂੰਦਾਂ: ਫ਼ਰਿੱਜ ਵਿਚੋਂ ਬਦਬੂ ਆਉਣ ਲਗਦੀ ਹੈ। ਇਸ ਬਦਬੂ ਨੂੰ ਦੂਰ ਕਰਨ ਲਈ ਇਕ ਕੌਲੀ ਵਿਚ ਪਾਣੀ ਭਰ ਕੇ ਉਸ 'ਚ ਨਿੰਬੂ ਦੀਆਂ ਕੁੱਝ ਬੂੰਦਾਂ ਮਿਲਾ ਲਉ। ਫਿਰ ਇਸ ਪਾਣੀ ਨਾਲ ਫ਼ਰਿੱਜ ਦੀ ਸਫ਼ਾਈ ਕਰੋ। ਅਜਿਹਾ ਕਰਨ ਨਾਲ ਬਦਬੂ ਦੂਰ ਹੋ ਜਾਵੇਗੀ।

ਸਿਰਕੇ ਦੀਆਂ ਕੁੱਝ ਬੂੰਦਾਂ: ਸਿਰਕੇ ਦੀਆਂ ਕੁੱਝ ਬੂੰਦਾਂ ਨੂੰ ਪੌਚਾ ਲਗਾਉਣ ਵਾਲੇ ਪਾਣੀ ਵਿਚ ਮਿਲਾ ਲਉ। ਫਿਰ ਇਸ ਪਾਣੀ ਨਾਲ ਪੋਚਾ ਲਗਾਉ। ਅਜਿਹਾ ਕਰਨ ਨਾਲ ਤੁਹਾਡੀ ਰਸੋਈ ਦੀ ਬਦਬੂ ਦੂਰ ਹੋ ਜਾਵੇਗੀ।