ਹਰ ਔਰਤ ਲਈ ਪਹਿਲੀ ਵਾਰ ਮਾਂ ਬਣਨਾ ਇਕ ਸੁਖਦ ਅਹਿਸਾਸ ਹੁੰਦਾ ਹੈ ਪਰ ਬੱਚੇ ਦਾ ਪਾਲਣ ਪੋਸਣ ਕਰਨਾ ਆਸਾਨ ਕੰਮ ਨਹੀਂ। ਦਾਦੀ ਮਾਂ ਦੇ ਤਜਰਬਿਆਂ ਦਾ ਤੁਸੀ ਲਾਭ ਉਠਾ ਸਕਦੇ ਹੋ ਅਤੇ ਅਪਣੇ ਲਾਡਲਿਆਂ ਨੂੰ ਵਧੀਆ ਪਾਲਣ ਪੋਸ਼ਣ ਦੇ ਸਕਦੇ ਹੋ।
ਬੱਚੇ ਨੂੰ ਕਦੇ ਵੀ ਇਕੱਲਾ ਨਾ ਛਡੋ। ਨਾ ਹੀ ਇਕੱਲਾ ਛੱਡ ਕੇ ਖ਼ੁਦ ਘਰ ਤੋਂ ਬਾਹਰ ਜਾਉ। ਜਦੋਂ ਤਕ ਬੱਚੇ ਵਿਚ ਬੈਠਣ ਦੀ ਸਮਰੱਥਾ ਨਾ ਪੈਦਾ ਹੋ ਜਾਵੇ, ਉਦੋਂ ਤਕ ਉਸ ਨੂੰ ਬਿਠਾਉਣ ਦੀ ਕੋਸ਼ਿਸ਼ ਨਾ ਕਰੋ। ਇਸ ਨਾਲ ਬੱਚੇ ਦੀ ਰੀੜ੍ਹ ਦੀ ਹੱਡੀ ’ਤੇ ਮਾੜਾ ਅਸਰ ਪੈਂਦਾ ਹੈ। ਬੱਚੇ ਨੂੰ ਤੇਜ਼ ਹਵਾ, ਤੇਜ਼ ਧੁੱਪ, ਤੇਜ਼ ਰੌਸ਼ਨੀ ਆਦਿ ਤੋਂ ਬਚਾ ਕੇ ਰਖਣਾ ਚਾਹੀਦਾ ਹੈ।
ਬੱਚੇ ਨੂੰ ਕਦੇ ਵੀ ਉਪਰ ਵਲ ਨੂੰ ਉਠਾ ਕੇ ਉਛਾਲਣਾ ਨਹੀਂ ਚਾਹੀਦਾ। ਇਸ ਤਰ੍ਹਾਂ ਕਰਨ ਨਾਲ ਦੁਰਘਟਨਾ ਵੀ ਵਾਪਰ ਸਕਦੀ ਹੈ। ਬੱਚੇ ਨੂੰ ਵਾਰ ਵਾਰ ਉਪਰ ਹੇਠਾਂ ਨਾ ਕਰੋ।ਬੱਚਿਆਂ ਨੂੰ ਕੰਧ ’ਤੇ ਬਣੀ ਪਰਛਾਈ ਦਿਖਾ ਕੇ ਡਰਾਉਣਾ ਨਹੀਂ ਚਾਹੀਦਾ। ਇਸ ਤਰ੍ਹਾਂ ਕਰਨ ਨਾਲ ਬੱਚੇ ਦੇ ਸਹੀ ਵਿਕਾਸ ਵਿਚ ਕਮੀ ਆ ਸਕਦੀ ਹੈ। ਬੱਚੇ ਦੇ ਹੱਥ ਵਿਚ ਸਿੱਕਾ, ਕਿੱਲ ਆਦਿ ਕੋਈ ਵੀ ਨੋਕਦਾਰ ਵਸਤੂ ਨਾ ਦਿਉ। ਇਸ ਨਾਲ ਬੱਚਾ ਖ਼ੁਦ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਬੱਚੇ ਨੂੰ ਕਦੇ ਵੀ ਤਲਾਬ, ਨਦੀ, ਨਾਲੇ ਕੋਲ ਇਕੱਲਾ ਨਾ ਛੱਡੋ। ਸੁੱਤੇ ਪਏ ਬੱਚੇ ਨੂੰ ਇਕਦਮ ਨਾ ਉਠਾਉ। ਇਸ ਤਰ੍ਹਾਂ ਕਰਨ ਨਾਲ ਉਹ ਡਰ ਸਕਦਾ ਹੈ ਅਤੇ ਬੀਮਾਰ ਵੀ ਪੈ ਸਕਦਾ ਹੈ। ਵੈਸੇ ਵੀ ਬੱਚੇ ਨੂੰ ਡਰਾਉਣਾ ਉਸ ਦੇ ਵਿਕਾਸ ਲਈ ਉਚਿਤ ਨਹੀਂ ਹੈ।
ਬੱਚੇ ਨੂੰ ਨਰਮ ਬਿਸਤਰ ’ਤੇ ਲਿਟਾਉ। ਬੱਚੇ ਨੂੰ ਗਿੱਲਾ ਅਤੇ ਨੰਗਾ ਨਾ ਰੱਖੋ। ਜਦੋਂ ਬੱਚਾ ਜਾਗ ਰਿਹਾ ਹੋਵੇ ਤਾਂ ਉਸ ਨੂੰ ਖੇਡਣ ਦਿਉ ਅਤੇ ਧਿਆਨ ਰਖੋ ਕਿ ਉਹ ਹੇਠਾਂ ਨਾ ਡਿਗੇ। ਬੱਚੇ ਨੂੰ ਦਿਨ ਵਿਚ ਤਿੰਨ ਚਾਰ ਵਾਰ ਅਪਣੀ ਛਾਤੀ ਨਾਲ ਲਗਾ ਕੇ ਪਿਆਰ ਜ਼ਰੂਰ ਕਰੋ ਤਾਕਿ ਬੱਚਾ ਅਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੇ।
- ਰੁਪਿੰਦਰ ਕੌਰ ਜੋਸਨ