Charkha: ਬਸ ਸਟੇਜਾਂ ਦਾ ਸ਼ਿੰਗਾਰ ਹੀ ਬਣ ਕੇ ਰਹਿ ਗਿਆ ਹੈ ਚਰਖਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

Charkha: ‘ਮੈਂ ਕੱਤਾਂ ਪ੍ਰੀਤਾਂ ਨਾਲ ਚਰਖਾ ਚੰਨਣ ਦਾ’

Charkha has become only the decoration of the stages

 

Charkha has become only the decoration of the stages: ਚਰਖਾ ਸਾਡੇ ਸਭਿਆਚਾਰ ਦਾ ਅਹਿਮ ਹਿੱਸਾ ਰਿਹਾ ਹੈ ਜਿਸ  ਨਾਲ ਬਹੁਤ ਸਾਰੇ ਲੋਕ ਗੀਤ ਲੋਕ ਬੋਲੀਆਂ ਜੁੜੇ ਹੋਏ ਹਨ। ਜਿਵੇਂ ‘ਜੋਗੀ ਉਤਰ ਪਹਾੜੋਂ ਆਇਆ ਚਰਖੇ ਦੀ ਘੂਕ ਸੁਣ ਕੇ, ਚਰਖਾ ਮੈਂ ਕੱਤਦੀ ਤੰਦ ਤੇਰੀਆਂ ਯਾਦਾਂ ਦੇ ਪਾਵਾਂ’

‘ਮੈਂ ਕੱਤਾਂ ਪ੍ਰੀਤਾਂ ਨਾਲ ਚਰਖਾ ਚੰਨਣ ਦਾ’

ਤਿੰਨ ਕੁ ਦਹਾਕੇ ਪਹਿਲਾਂ ਚਰਖਾ ਤਕਰੀਬਨ ਹਰ ਘਰ ਦਾ ਸ਼ਿੰਗਾਰ ਹੁੰਦਾ ਸੀ ਅਤੇ ਸੁਆਣੀਆਂ ਇਸ ਤੇ ਬੜੇ ਹੀ ਚਾਅ ਅਤੇ ਪ੍ਰੇਮ ਨਾਲ ਪੂਣੀਆਂ ਕੱਤਦੀਆਂ ਸਨ। ਛੋਟੀ ਉਮਰ ਵਿਚ ਹੀ ਲੜਕੀਆਂ ਨੂੰ ਚਰਖਾ ਕੱਤਣਾ ਸਿਖਾ ਦਿਤਾ ਜਾਂਦਾ ਸੀ।  ਪਹਿਲਾਂ ਕਪਾਹ ਨੂੰ ਪਿੰਜ ਕੇ ਲੋਗੜ ਬਣਾ ਲਿਆ ਜਾਂਦਾ ਸੀ।  ਕਪਾਹ ਵੇਲਣਿਆਂ ਉਪਰ ਕਪਾਹ ਵੇਲਣ ਵੇਲੇ ਇਸ ਦੇ ਬੜੇਵੇਂ ਅਲੱਗ ਹੋ ਜਾਂਦੇ ਸਨ ਫਿਰ ਲੋਗੜ ਨੂੰ ਪਿੰਜ ਕੇ ਰੂੰ ਬਣਾ ਲਈ ਜਾਂਦੀ ਸੀ।

ਉਸ ਤੋਂ ਬਾਅਦ ਪੂਲੇ ਦੀਆਂ ਕਾਨੀਆਂ ਦੇ ਨਾਲ ਪੂਣੀਆਂ ਵੱਟੀਆਂ ਜਾਂਦੀਆਂ ਸਨ। ਫਿਰ ਪੂਣੀਆ ਨੂੰ ਚਰਖੇ ਤੇ ਕੱਤ ਕੇ ਗਲੋਟੇ ਬਣਾਏ ਜਾਂਦੇ ਸਨ। ਸੂਤ ਤਿਆਰ ਕਰ ਕੇ ਅੱਗੇ ਕਈ ਢੰਗਾਂ ਦਾ ਕਪੜਾ ਬੁਣਿਆ ਜਾਂਦਾ ਸੀ। ਸਾਡੇ ਦੇਸ਼ ਵਿਚ ਮਹਾਤਮਾ ਗਾਂਧੀ ਜੀ ਵੀ ਚਰਖਾ ਕੱਤਦੇ ਸਨ ਕਿਉਂਕਿ ਉਹ ਚਾਹੁੰਦੇ ਸਨ ਕਿ ਦੇਸ਼ ਦਾ ਹੀ ਕਪੜਾ ਬੁਣ ਕੇ ਪਹਿਨੋ ਵਿਦੇਸ਼ੀ ਕਪੜੇ ਪਾਉਣ ਤੋਂ ਗੁਰੇਜ਼ ਕਰੋ। ਘਰੇ ਖੱਦਰ ਦਾ ਕਪੜਾ ਬਣਾ ਕੇ ਆਮ ਤੌਰ ’ਤੇ ਭਾਰਤ ਵਿਚ ਪਹਿਨਿਆ ਜਾਂਦਾ ਸੀ।  

ਜਦੋਂ ਜ਼ਿਆਦਾ ਪੂਣੀਆ ਇਕੱਠੀਆਂ ਹੋ ਜਾਂਦੀਆਂ ਸਨ ਤਾਂ ਕਈ ਕਈ ਕੁੜੀਆਂ ਇਕੱਠੀਆਂ ਹੋ ਕੇ ਛੋਪ ਪਾਉਂਦੀਆਂ ਸਨ ਜਿਸ ਵਿਚ ਪੂਣੀਆਂ ਵੰਡ ਕੇ ਕੱਤਿਆ ਜਾਂਦਾ ਸੀ। ਮੈਂ ਬਚਪਨ ਵਿਚ ਵੇਖਿਆ ਹੈ ਕਿ ਕਿਵੇਂ ਧੀਆਂ ਭੈਣਾਂ ਇਕੱਠੀਆਂ ਹੋ ਕੇ ਛੋਪ ਪਾਉਂਦੀਆਂ ਸਨ ਜਿਸ ਨੂੰ ਭਨਿਆਰ ਕਹਿੰਦੇ ਸੀ ਅਤੇ ਸਾਰੀ ਸਾਰੀ ਰਾਤ ਗੀਤ ਗਾਉਂਦਿਆਂ ਚਰਖੇ ਕੱਤਦੀਆਂ ਸਨ।  ਤਕਰੀਬਨ ਹਰ ਪਿੰਡ ਵਿਚ ਮਿਸਤਰੀ ਚਰਖਾ ਬਣਾ ਲੈਂਦੇ ਸਨ।

ਫਿਰ ਵੀ ਕੁੱਝ ਥਾਵਾਂ ਦੇ ਚਰਖੇ ਬਹੁਤ ਮਸ਼ਹੂਰ ਸਨ।  ਜਿਵੇਂ ਕਿ ਸਾਡੇ ਨੇੜੇ ਧਨੌਲਾ, ਲੌਂਗੋਵਾਲ, ਭਦੌੜ, ਤੁੰਗਾਂ, ਭੀਖੀ, ਹੰਢਿਆਇਆ, ਬਰਨਾਲਾ ਅਤੇ ਸ਼ੇਰਪੁਰ ਦੇ ਬਣੇ ਚਰਖੇ ਮਸ਼ਹੂਰ ਸਨ। ਮੇਰੇ ਪਿੰਡ ਦੇ ਗਿਆਨੀ ਸਾਉਣ ਸਿੰਘ, ਹਜ਼ੂਰਾ ਸਿੰਘ, ਗੁਰਦਿਆਲ ਸਿੰਘ ਅਤੇ ਨੇਕ ਸਿੰਘ ਮਿਸਤਰੀ ਵੀ ਚਰਖੇ ਤਿਆਰ ਕਰਦੇ ਸਨ। ਮੇਰੀ ਭੈਣ ਦੇ ਸਹੁਰੇ ਪਿੰਡ ਤੁੰਗਾਂ ਵਿਖੇ ਮੇਰੇ ਜੀਜਾ ਜੀ ਲਛਮਣ ਸਿੰਘ  ਅਕਸਰ ਚਰਖੇ ਬਣਾਉਂਦੇ ਮੈਂ ਵੇਖਦਾ ਰਿਹਾ ਹਾਂ।

ਚਰਖੇ ਦੇ ਭਾਗਾਂ ਬਾਰੇ ਥੋੜ੍ਹੇ ਦਿਨ ਪਹਿਲਾਂ ਤਲਵੰਡੀ ਅਕਲੀਆ ਤੋਂ ਆਈ ਮੇਰੀ ਭੈਣ ਕਰਨੈਲ ਕੌਰ ਨੇ ਦਸਿਆ ਕਿ ਜਿਸ ਢਾਂਚੇ ਤੇ ਸਾਰਾ ਕੱੁਝ ਫਿੱਟ ਕੀਤਾ ਜਾਂਦਾ ਸੀ। ਉਸ ਨੂੰ ਫੱਲੜ੍ਹ ਕਿਹਾ ਜਾਂਦਾ ਸੀ ਫਿਰ ਇਸ ਉਪਰ ਖਰਾਦ ਤੇ ਤਿਆਰ ਕਰ ਕੇ ਮੁੰਨੇ ਗੁੱਡੀਆਂ ਤਰਤੀਬ ਨਾਲ ਫਿੱਟ ਕਰ ਕੇ ਗੁੱਝ ਵਿਚ ਮੰਝੇਰੂ ਪਾ ਕੇ ਫੱਟ ਫਿੱਟ ਕਰ ਦਿਤੇ ਜਾਂਦੇ ਸਨ। ਫੱਟਾਂ ਉਪਰ ਮਜ਼ਬੂਤ ਧਾਗਿਆਂ ਦੀ ਕਸ਼ਣ ਪਾਈ ਜਾਂਦੀ ਸੀ।

ਗੁੱਡੀਆਂ ਵਿਚ ਚਰਮਖਾਂ ਪਾ ਕੇ ਤੱਕਲੇ ਦੀ ਬੀੜ ਬੰਨ੍ਹ ਕੇ ਤੱਕਲਾ ਫਿੱਟ ਕਰਦੇ ਸਨ। ਫਿਰ ਮਾਲ ਪਾਈ ਜਾਂਦੀ ਸੀ। ਫਿਰ ਚਰਖੇ ਤੇ ਹਥੜਾ ਫਿੱਟ ਕਰ ਕੇ ਇਹ ਬਿਲਕੁਲ ਤਿਆਰ ਬਰ ਤਿਆਰ ਹੋ ਜਾਂਦਾ ਸੀ। ਚਰਖਾ ਆਮ ਤੌਰ ਤੇ ਰਹੂੜਾ ਟਾਹਲੀ ਜਾਂ ਚੰਦਨ ਦੀ ਲੱਕੜ ਤੋਂ ਤਿਆਰ ਕੀਤਾ ਜਾਂਦਾ ਸੀ ਅਤੇ ਇਸ ਨੂੰ ਰੰਗ ਕਰ ਕੇ ਫੁੱਲ ਬੂਟੀਆਂ ਨਾਲ ਸਜਾਇਆ ਜਾਂਦਾ ਸੀ। ਇਸ ਦੇ ਫੱਟਾਂ ਅਤੇ ਮੁੰਨਿਆਂ ਤੇ ਤਾਂਬੇ ਪਿੱਤਲ ਦੇ ਫੁੱਲ ਮੋਰ ਬਣਾ ਕੇ ਅਤੇ ਹੋਰ ਕਈ ਤਰ੍ਹਾਂ ਦੀ ਸਜਾਵਟ ਕੀਤੀ ਜਾਂਦੀ ਸੀ।

ਲੜਕੀਆਂ ਦੇ ਵਿਆਹ ਸਮੇਂ ਦਾਜ ਵਿਚ ਚਰਖਾ, ਮੰਜਾ, ਸਾਈਕਲ ਦਾਜ ਵਿਚ ਦੇਣ ਦਾ ਆਮ ਹੀ ਰਿਵਾਜ ਸੀ। ਚਰਖਾ ਸੁਆਣੀਆਂ ਲਈ ਆਮਦਨ ਦਾ ਸਾਧਨ ਵੀ ਰਿਹਾ ਹੈ। ਕਈ ਲੋੜਵੰਦ ਭੈਣਾਂ ਲੋਕਾਂ ਦੀ ਰੂੰ ਕੱਤਕੇ ਗੁਜ਼ਾਰੇ ਜੋਗੇ ਪੈਸੇ ਕਮਾ ਲੈਂਦੀਆਂ ਸਨ। ਅੱਜਕਲ ਆਧੁਨਿਕ ਮਸ਼ੀਨਾਂ ਨਾਲ ਲੈਸ ਵੱਡੀਆਂ ਮਿਲਾਂ ਰਾਹੀਂ ਕਪੜਾ ਤਿਆਰ ਹੋ ਰਿਹਾ ਹੈ।

ਸਾਡੇ ਨੌਜਵਾਨ ਬਰਾਂਡਡ ਕਪੜੇ ਪਾਉਣ ਦੇ ਸ਼ੌਕੀਨ ਹੋ ਗਏ ਹਨ। ਬਹੁਤ ਤੇਜ਼ੀ ਨਾਲ ਵਿਦੇਸ਼ੀ ਕਾਰੋਬਾਰ ਸਾਡੇ ਦੇਸ਼ ਵਿਚ ਫੈਲ ਰਿਹਾ ਹੈ ਜਿਸ ਕਰ ਕੇ ਘਰੇਲੂ ਵਸਤੂਆਂ ਅਲੋਪ ਹੋ ਰਹੀਆਂ ਹਨ ਅਤੇ ਅਸੀਂ ਮਹਿੰਗੀਆਂ ਚੀਜ਼ਾਂ ਖ਼ਰੀਦਣ ਲਈ ਮਜਬੂਰ ਹੋ ਗਏ ਹਾਂ ਜਿਥੋਂ ਤਕ ਹੋ ਸਕੇ ਘਰੇ ਬਣਾਈਆਂ ਵਸਤੂਆਂ ਖ਼ਰੀਦ ਕੇ ਅਸੀਂ ਅਪਣੀ ਮਿਹਨਤ ਨਾਲ ਕੀਤੀ ਕਮਾਈ ਨੂੰ ਵੀ ਬਚਾ ਸਕਦੇ ਹਾਂ। ਚਰਖਾ ਹੁਣ ਬੱਸ ਸਟੇਜਾਂ ਦਾ ਸ਼ਿੰਗਾਰ ਹੀ ਬਣ ਕੇ ਰਹਿ ਗਿਆ ਹੈ। ਨਾ ਉਹ ਚਰਖੇ ਹਨ, ਨਾ ਉਹ ਕੱਤਣ ਵਾਲੀਆਂ ਹਨ। ਸਾਨੂੰ ਸਾਡੇ ਸਭਿਆਚਾਰਕ ਵਿਰਸੇ ਦੀ ਸੰਭਾਲ ਕਰਨੀ ਚਾਹੀਦੀ ਹੈ। ਸੋ ਚਰਖਾ ਵੀ ਬੀਤੇ ਦੀ ਬਾਤ ਬਣ ਕਰ ਰਹਿ ਗਿਆ ਹੈ।

-ਮਲਕੀਤ ਸਿੰਘ ਗਿੱਲ (ਭੱਠਲਾਂ)। 
7986528225, 9417490943