ਪੈਰਾਸੀਟਾਮੋਲ ਦੀ ਗੋਲੀ ਦਾ ਬਜ਼ੁਰਗ ਲੋਕਾਂ ’ਤੇ ਪੈ ਸਕਦੈ ਮਾੜਾ ਅਸਰ : ਅਧਿਐਨ
ਅਧਿਐਨ ’ਚ ਪਾਚਨ ਪ੍ਰਣਾਲੀ, ਦਿਲ ਅਤੇ ਗੁਰਦਿਆਂ ’ਤੇ ਮਾੜੇ ਅਸਰਾਂ ਦਾ ਪ੍ਰਗਟਾਵਾ ਹੋਇਆ
ਨਵੀਂ ਦਿੱਲੀ : ਬਗ਼ੈਰ ਡਾਕਟਰੀ ਪਰਚੀ ਤੋਂ ਮਿਲਣ ਵਾਲੀਆਂ ਦਵਾਈਆਂ ’ਚ ਸ਼ਾਮਲ ਪੈਰਾਸੀਟਾਮੋਲ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ’ਚ ਅੰਤੜੀਆਂ, ਦਿਲ ਅਤੇ ਗੁਰਦੇ ਦੀਆਂ ਬਿਮਾਰੀਆਂ ਦੇ ਖਤਰੇ ਨੂੰ ਵਧਾ ਸਕਦੀਆਂ ਹਨ। ਇਕ ਨਵੇਂ ਅਧਿਐਨ ’ਚ ਇਹ ਦਾਅਵਾ ਕੀਤਾ ਗਿਆ ਹੈ। ਪੈਰਾਸੀਟਾਮੋਲ, ਜੋ ਆਮ ਤੌਰ ’ਤੇ ਹਲਕੇ ਤੋਂ ਦਰਮਿਆਨੇ ਬੁਖਾਰ ਦੌਰਾਨ ਵਰਤੀ ਜਾਂਦੀ ਹੈ, ਹੱਡੀਆਂ ਦੀਆਂ ਬਿਮਾਰੀਆਂ ਦੇ ਇਲਾਜ ਲਈ ਵੀ ਡਾਕਟਰਾਂ ਵਲੋਂ ਤਜਵੀਜ਼ ਕੀਤੀ ਜਾਣ ਵਾਲੀ ਪਹਿਲੀ ਦਵਾਈ ਹੈ ਕਿਉਂਕਿ ਇਸ ਨੂੰ ਅਸਰਦਾਰ, ਮੁਕਾਬਲਤਨ ਸੁਰੱਖਿਅਤ ਅਤੇ ਪਹੁੰਚਯੋਗ ਮੰਨਿਆ ਜਾਂਦਾ ਹੈ।
ਹਾਲਾਂਕਿ ਕੁੱਝ ਅਧਿਐਨਾਂ ’ਚ ਦਰਦ ਤੋਂ ਰਾਹਤ ’ਚ ਪੈਰਾਸੀਟਾਮੋਲ ਦੇ ਅਸਰਦਾਰ ਹੋਣ ’ਤੇ ਸਵਾਲ ਚੁਕੇ ਗਏ ਹਨ, ਜਦਕਿ ਹੋਰਾਂ ’ਚ ਲੰਮੇ ਸਮੇਂ ਦੀ ਵਰਤੋਂ ਤੋਂ ਪਾਚਨ ਸੰਬੰਧੀ ਮਾੜੇ ਅਸਰਾਂ, ਜਿਵੇਂ ਕਿ ਅਲਸਰ ਅਤੇ ਖੂਨ ਵਗਣ ਦੇ ਵਧੇ ਹੋਏ ਜੋਖਮ ਵਲ ਇਸ਼ਾਰਾ ਕੀਤਾ ਹੈ। ਬਰਤਾਨੀਆਂ ਦੀ ਨਾਟਿੰਘਮ ਯੂਨੀਵਰਸਿਟੀ ਦੇ ਖੋਜਕਰਤਾਵਾਂ ਦੇ ਤਾਜ਼ਾ ਅਧਿਐਨ ਵਿਚ ਪਾਇਆ ਗਿਆ ਕਿ ਪੈਰਾਸੀਟਾਮੋਲ ਦੀ ਵਰਤੋਂ ਨਾਲ ਪੈਪਟਿਕ ਅਲਸਰ ਖੂਨ ਵਗਣ (ਪਾਚਨ ਤੰਤਰ ਵਿਚ ਅਲਸਰ ਕਾਰਨ ਖੂਨ ਵਗਣਾ) ਦਾ ਖਤਰਾ ਕ੍ਰਮਵਾਰ 24 ਫੀ ਸਦੀ ਅਤੇ 36 ਫੀ ਸਦੀ ਵਧ ਜਾਂਦਾ ਹੈ।
ਅਧਿਐਨ ਦੇ ਅਨੁਸਾਰ, ਪੈਰਾਸੀਟਾਮੋਲ ਨਾਲ ਗੁਰਦੇ ਦੀ ਗੰਭੀਰ ਬਿਮਾਰੀ ਦਾ ਖਤਰਾ 19 ਫ਼ੀ ਸਦੀ, ਦਿਲ ਦਾ ਦੌਰਾ 9 ਫ਼ੀ ਸਦੀ ਅਤੇ ਹਾਈ ਬਲੱਡ ਪ੍ਰੈਸ਼ਰ ਦਾ ਖ਼ਤਰਾ 7 ਫ਼ੀ ਸਦੀ ਵੱਧ ਜਾਂਦਾ ਹੈ। ਖੋਜਕਰਤਾਵਾਂ ਨੇ 1,80,483 ਲੋਕਾਂ ਦੇ ਸਿਹਤ ਰੀਕਾਰਡਾਂ ਦਾ ਵਿਸ਼ਲੇਸ਼ਣ ਕੀਤਾ ਜਿਨ੍ਹਾਂ ਨੂੰ ਵਾਰ-ਵਾਰ ਪੈਰਾਸੀਟਾਮੋਲ ਦਿਤੀ ਗਈ ਸੀ। ਖੋਜਕਰਤਾਵਾਂ ਨੇ ਇਨ੍ਹਾਂ ਸਿਹਤ ਰੀਪੋਰਟਾਂ ਦੀ ਤੁਲਨਾ ਉਸੇ ਉਮਰ ਦੇ 4,02,478 (4.02 ਲੱਖ) ਲੋਕਾਂ ਨਾਲ ਕੀਤੀ, ਜਿਨ੍ਹਾਂ ਨੂੰ ਕਦੇ ਵੀ ਪੈਰਾਸੀਟਾਮੋਲ ਵਾਰ-ਵਾਰ ਨਹੀਂ ਦਿਤੀ ਗਈ ਸੀ।