ਭੂਰੇ ਚੌਲ ਖਾਣ ਨਾਲ ਹੁੰਦੇ ਹਨ ਕਈ ਫ਼ਾਇਦੇ
ਭੂਰੇ ਚੌਲਾਂ ਅੰਦਰ ਕੈਲੋਰੀ ਘੱਟ ਮਾਤਰਾ ਵਿਚ ਹੁੰਦੀ ਹੈ ਅਤ ਫ਼ਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ।
ਦੇਸ਼ ਦੇ ਲਗਭਗ ਹਰ ਹਿੱਸੇ ਵਿਚ ਚੌਲ ਬਹੁਤ ਚਾਅ ਨਾਲ ਖਾਧੇ ਜਾਂਦੇ ਹਨ। ਚੌਲਾਂ ਵਿਚ ਕੈਲੋਰੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਅਜਿਹੇ ਵਿਚ ਕਈ ਵਾਰ ਲੋਕ ਇਸ ਨੂੰ ਖਾਣ ਤੋਂ ਪ੍ਰਹੇਜ਼ ਕਰਦੇ ਹਨ। ਖ਼ਾਸ ਤੌਰ ’ਤੇ ਉਹ ਲੋਕ ਜਿਨ੍ਹਾਂ ਨੂੰ ਸ਼ੂਗਰ ਦੀ ਸ਼ਿਕਾਇਤ ਰਹਿੰਦੀ ਹੈ। ਜੇਕਰ ਤੁਹਾਨੂੰ ਚੌਲ ਖਾਣੇ ਚੰਗੇ ਲਗਦੇ ਨੇ ਅਤੇ ਸਿਹਤ ਕਰ ਕੇ ਤੁਸੀਂ ਚੌਲ ਨਹੀਂ ਖਾ ਰਹੇ ਤਾਂ ਭੂਰੇ ਚੌਲ ਤੁਹਾਡੇ ਲਈ ਬਿਹਤਰ ਰਹਿਣਗੇ।
ਭੂਰੇ ਚੌਲਾਂ ਅੰਦਰ ਕੈਲੋਰੀ ਘੱਟ ਮਾਤਰਾ ਵਿਚ ਹੁੰਦੀ ਹੈ ਅਤ ਫ਼ਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ। ਇਸ ਨਾਲ ਪਾਚਨ-ਤੰਤਰ ਬਿਹਤਰ ਹੁੰਦਾ ਹੈ। ਜੇਕਰ ਤੁਸੀਂ ਅਪਣਾ ਭਾਰ ਘਟਾਉਣ ਦੀ ਸੋਚ ਰਹੇ ਹੋ ਤਾਂ ਭੂਰੇ ਚੌਲ ਖਾਣਾ ਤੁਹਾਡੇ ਲਈ ਫ਼ਾਇਦੇਮੰਦ ਰਹੇਗਾ। ਕੋਲੈਸਟਰੋਲ ਦਾ ਪੱਧਰ ਵੱਧ ਜਾਣ ਨਾਲ ਦਿਲ ਨਾਲ ਜੁੜੀਆਂ ਬੀਮਾਰੀਆਂ ਹੋਣ ਦੀ ਆਸ਼ੰਕਾ ਕਾਫ਼ੀ ਵੱਧ ਜਾਂਦੀ ਹੈ।
ਭੂਰੇ ਚੌਲ ਕੋਲੈਸਟਰੋਲ ਨੂੰ ਵੀ ਘੱਟ ਕਰਨ ਵਿਚ ਮਦਦਗਾਰ ਹੁੰਦੇ ਹਨ। ਇਸ ਨਾਲ ਨਾੜੀਆਂ ਨਹੀਂ ਰੁਕਦੀਆਂ ਅਤੇ ਦਿਲ ਨਾਲ ਜੁੜੀਆਂ ਬੀਮਾਰੀਆਂ ਹੋਣ ਦਾ ਖ਼ਤਰਾ ਵੀ ਘੱਟ ਹੋ ਜਾਂਦਾ ਹੈ। ਭੂਰੇ ਚੌਲ ਖਾਣ ਨਾਲ ਬਲੱਡ ਸ਼ੂਗਰ ਵੀ ਛੇਤੀ ਨਹੀਂ ਵਧਦਾ। ਰੋਜ਼ਾਨਾ ਭੂਰੇ ਚੌਲ ਖਾਣ ਨਾਲ ਡਾਇਬਿਟੀਜ਼ ਹੋਣ ਦਾ ਖ਼ਤਰਾ ਵੀ ਕਾਫ਼ੀ ਘੱਟ ਹੋ ਜਾਂਦਾ ਹੈ। ਭੂਰੇ ਚੌਲਾਂ ਵਿਚ ਮੈਗਨੀਸ਼ੀਅਮ ਦੀ ਚੰਗੀ ਮਾਤਰਾ ਮੌਜੂਦ ਹੁੰਦੀ ਹੈ ਜੋ ਹੱਡੀਆਂ ਲਈ ਜ਼ਰੂਰੀ ਤੱਤ ਹੈ।