ਦੀਵਾਲੀ ਤੋਂ ਪਹਿਲਾਂ ਅਪਣੇ ਘਰ ਦੀ ਇਨ੍ਹਾਂ ਤਰੀਕਿਆਂ ਨਾਲ ਕਰੋ ਸਫ਼ਾਈ, ਚਮਕੇਗਾ ਘਰ

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

Before Diwali, clean your house with these methods, the house will shine

Before Diwali, clean your house with these methods

 

ਮੁਹਾਲੀ: ਦੀਵਾਲੀ ਤੋਂ ਪਹਿਲਾਂ ਹਰ ਕੋਈ ਅਪਣੇ ਘਰ ਦੀ ਸਫ਼ਾਈ ਕਰਦਾ ਹੈ। ਦੀਵਾਲੀ ਤੋਂ ਪਹਿਲਾਂ ਪੂਰੇ ਘਰ ਦੀ ਸਫ਼ਾਈ ਕਰਨਾ ਇਕ ਤਰ੍ਹਾਂ ਨਾਲ ਰੀਤ ਹੀ ਬਣ ਗਈ ਹੈ। ਪੂਰੇ ਘਰ ਦੀ ਸਫ਼ਾਈ ਕਰਨਾ ਇਕ ਔਖਾ ਕੰਮ ਹੈ। ਕੁੱਝ ਨੁਸਖ਼ੇ ਅਪਣਾ ਕੇ ਘਰ ਦੀ ਸਫ਼ਾਈ ਸੌਖਿਆਂ ਹੀ ਕੀਤੀ ਜਾ ਸਕਦੀ ਹੈ। ਜੇਕਰ ਤੁਹਾਨੂੰ ਵੀ ਘਰ ਦੀ ਸਫ਼ਾਈ ਕਰਨੀ ਬਹੁਤ ਔਖੀ ਲੱਗ ਰਹੀ ਹੈ ਤਾਂ ਘਬਰਾਉਣ ਦੀ ਲੋੜ ਨਹੀਂ। ਅਜਿਹੀ ਸਥਿਤੀ ਵਿਚ ਤੁਸੀਂ ਕੁੱਝ ਕੁਦਰਤੀ ਤਰੀਕੇ ਅਪਣਾ ਕੇ ਘਰ ਦੀ ਸਫ਼ਾਈ ਦੇ ਕੰਮ ਨੂੰ ਆਸਾਨ ਬਣਾ ਸਕਦੇ ਹੋ। ਇਨ੍ਹਾਂ ਤਰੀਕਿਆਂ ਨੂੰ ਅਪਣਾਉਣ ਨਾਲ ਤੁਸੀਂ ਘੱਟ ਸਮੇਂ ਅਤੇ ਘੱਟ ਮਿਹਨਤ ਨਾਲ ਅਪਣੇ ਘਰ ਨੂੰ ਦੀਵਾਲੀ ਤੋਂ ਪਹਿਲਾਂ ਚਮਕਦਾਰ ਬਣਾ ਸਕਦੇ ਹੋ। ਆਉ ਜਾਣਦੇ ਹਾਂ ਇਨ੍ਹਾਂ ਤਰੀਕਿਆਂ ਬਾਰੇ:

ਘਰ ਦੇ ਬਾਥਰੂਮ ਨੂੰ ਸਾਫ਼ ਰੱਖਣਾ ਬਹੁਤ ਜ਼ਰੂਰੀ ਹੈ। ਪਰ ਕਈ ਵਾਰ ਸਾਡੇ ਘਰ ਦੀ ਬਾਥਰੂਮ ਸ਼ੀਟ ਉਤੇ ਕੁੱਝ ਦਾਗ਼-ਧੱਬੇ ਲੱਗ ਜਾਂਦੇ ਹਨ ਜੋ ਕਿ ਬਹੁਤ ਜ਼ਿਆਦਾ ਸਫ਼ਾਈ ਕਰਨ ਨਾਲ ਵੀ ਨਹੀਂ ਜਾਂਦੇ। ਅਜਿਹੀ ਸਥਿਤੀ ਵਿਚ ਤੁਹਾਨੂੰ ਕੁੱਝ ਖ਼ਾਸ ਤਰ੍ਹਾਂ ਦੇ ਤੇਲਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਬਾਥਰੂਮ ਦੀਆਂ ਟਾਈਲਾਂ ਨੂੰ ਸਾਫ਼ ਕਰਨ ਲਈ ਪਾਣੀ ਵਿਚ ਬੇਕਿੰਗ ਸੋਡਾ, ਲੈਵੇਂਡਰ ਤੇਲ ਮਿਲਾ ਕੇ ਟਾਈਲਾਂ ’ਤੇ ਲਗਾਉ। ਹੁਣ 10 ਮਿੰਟ ਰਗੜਨ ਤੋਂ ਬਾਅਦ ਪਾਣੀ ਨਾਲ ਚੰਗੀ ਤਰ੍ਹਾਂ ਧੋ ਦਿਉ। ਇਸ ਤਰ੍ਹਾਂ ਤੁਹਾਡੇ ਘਰ ਦਾ ਬਾਥਰੂਮ ਆਸਾਨੀ ਨਾਲ ਸਾਫ਼ ਹੋ ਜਾਵੇਗਾ।

ਨਿੰਬੂ ਬਹੁਤ ਗੁਣਕਾਰੀ ਪਦਾਰਥ ਹੈ। ਇਸ ਦੀ ਵਰਤੋਂ ਸਫ਼ਾਈ ਵਿਚ ਕਈ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ। ਜ਼ਿੱਦੀ ਦਾਗ਼ ਉਤਾਰਨ ਤੋਂ ਇਲਾਵਾ ਇਹ ਘਰ ਵਿਚੋਂ ਬਦਬੂ ਦੂਰ ਕਰਨ ਦਾ ਵੀ ਕੰਮ ਕਰਦਾ ਹੈ। ਕਈ ਵਾਰ ਸਫ਼ਾਈ ਕਰਨ ਤੋਂ ਬਾਅਦ ਕਿਸੇ ਕਾਰਨ ਕਰ ਕੇ ਘਰ ਵਿਚ ਬਦਬੂ ਆਉਣ ਲਗਦੀ ਹੈ। ਜੇਕਰ ਤੁਹਾਡੇ ਘਰ ਵਿਚ ਵੀ ਅਜਿਹੀ ਸਮੱਸਿਆ ਆ ਰਹੀ ਹੈ ਤਾਂ ਨਿੰਬੂ ਦੇ ਰਸ ਵਿਚ ਸਿਰਕਾ ਅਤੇ ਬੇਕਿੰਗ ਸੋਡਾ ਮਿਲਾ ਕੇ ਪੂਰੇ ਘਰ ਵਿਚ ਸਪਰੇਅ ਕਰੋ।

ਘਰ ਦੇ ਫ਼ਰਨੀਚਰ ਤੇ ਭਾਂਡਿਆਂ ਨੂੰ ਸਾਫ਼ ਤੇ ਪਾਲਿਸ਼ ਕਰਨ ਲਈ ਤੁਸੀਂ ਜੈਤੂਨ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ। ਲੱਕੜ ਦੀਆਂ ਚੀਜ਼ਾਂ ’ਤੇ ਜੈਤੂਨ ਦਾ ਤੇਲ ਪਾਉ ਅਤੇ 5 ਮਿੰਟ ਬਾਅਦ ਕਿਸੇ ਸਾਫ਼ ਕਪੜੇ ਨਾਲ ਇਸ ਨੂੰ ਚੰਗੀ ਤਰ੍ਹਾਂ ਪੂੰਝ ਦਿਉ। ਇਸ ਤੋਂ ਇਲਾਵਾ ਨਰਮ ਕਪੜੇ ’ਤੇ ਜੈਤੂਨ ਦਾ ਤੇਲ ਲਾ ਕੇ, ਤੁਸੀਂ ਭਾਂਡਿਆਂ ਨੂੰ ਹਲਕੇ ਹੱਥਾਂ ਨਾਲ ਪੂੰਝ ਸਕਦੇ ਹੋ।

ਦੀਵਾਲੀ ਤੋਂ ਪਹਿਲਾਂ ਪੂਰੇ ਘਰ ਦੀ ਸਫ਼ਾਈ ਦੌਰਾਨ ਛੱਤ ਵਾਲੇ ਪੱਖਿਆਂ ਨੂੰ ਸਾਫ਼ ਕਰਨਾ ਬਹੁਤ ਹੀ ਔਖਾ ਹੁੰਦਾ ਹੈ। ਛੱਤ ਵਾਲੇ ਪੱਖਿਆਂ ਨੂੰ ਆਸਾਨੀ ਨਾਲ ਸਾਫ਼ ਕਰਨ ਲਈ ਤੁਸੀਂ ਸਿਰਹਾਣੇ ਦੇ ਕਵਰ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਹੀ ਧਿਆਨ ਰੱਖੋ ਕਿ ਛੱਤ ਵਾਲੇ ਪੱਖੇ ਨੂੰ ਪੂੰਝਦੇ ਸਮੇਂ, ਬਾਕੀ ਫ਼ਰਨੀਚਰ ਨੂੰ ਕਪੜੇ ਨਾਲ ਢੱਕ ਦਿਉ, ਤਾਂ ਜੋ ਫ਼ਰਨੀਚਰ ਗੰਦਾ ਨਾ ਹੋ ਸਕੇ।