ਪੰਜਾਬੀ ਸਭਿਆਚਾਰ 'ਚੋਂ ਅਲੋਪ ਹੋ ਗਈ ਜਾਲੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਪੁਰਾਣੇ ਸਮਿਆਂ 'ਚ ਪਿੰਡਾਂ ਦੇ ਹਰ ਘਰ ਦੀ ਰਸੋਈ ਵਿਚ ਜਾਲੀ ਹੁੰਦੀ ਸੀ

photo

 

ਮੁਹਾਲੀ : ਜਦੋਂ ਅਸੀਂ ਛੋਟੇ ਸੀ, ਸਵੇਰੇ ਉਠ ਕੇ ਪੈਲੀ ਵਿਚੋਂ ਡੰਗਰਾਂ ਵਾਸਤੇ ਪੱਠੇ ਵੱਢ ਕੇ ਲਿਆਉਂਦੇ ਸੀ। ਉਦੋਂ ਹਰ ਘਰ ਡੰਗਰ ਤੇ ਲਵੇਰਾ ਹੁੰਦਾ ਸੀ। ਬੀਜੀ ਸਾਡੇ ਦੁੱਧ ਰਿੜਕ ਕੇ ਮੱਖਣ ਤੇ ਘਿਉ ਕੱਢ ਲੈਂਦੇ ਸੀ। ਅਸੀ ਨਹਾ ਧੋ ਕੇ ਤਿਆਰ ਹੋ ਕੇ ਰਸੋਈ ਦੇ ਚੌਕੇ ਵਿਚ ਪੀੜ੍ਹੀ ਤੇ ਬੀਜੀ ਦੇ ਆਲੇ ਦੁਆਲੇ ਬੈਠ ਚੁਲ੍ਹੇ ਉਤੇ ਤਵੇ ਤੇ ਬਣਾਏ ਹੋਏ ਬੀਜੀ ਵਲੋਂ ਗਰਮ ਗਰਮ ਪਰੌਠੇ ਮੱਖਣ ਲਾ ਕੇ ਚਾਹ ਨਾਲ ਖਾਂਦੇ ਸੀ। ਉਸ ਤੋਂ ਬਾਅਦ ਸਕੂਲੇ ਜਾਂਦੇ ਸੀ। ਸਾਡੀ ਰਸੋਈ ਵਿਚ ਘਿਉ ਵਾਲੀ ਅਲਮਾਰੀ ਹੁੰਦੀ ਸੀ।

ਮੈਂ ਇਥੇ ਜਾਲੀ ਦੀ ਗੱਲ ਕਰ ਰਿਹਾ ਹਾਂ। ਪਿੰਡਾਂ ਦੇ ਹਰ ਘਰ ਦੀ ਰਸੋਈ ਵਿਚ ਜਾਲੀ ਹੁੰਦੀ ਸੀ। ਜਾਲੀ ਪੰਜਾਬ ਦੀ ਰਸੋਈ ਵਿਚ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੀ ਵਸਤੂ ਸੀ। ਮਾਝੇ ਵਾਲੇ ਇਸ ਨੂੰ ਬਿੱਲੀ ਜਾਂ ਜਾਲੀ ਕਹਿੰਦੇ ਹਨ। ਦੁਆਬੇ ਵਾਲੇ ਪਾਸੇ ਵੀ ਇਸ ਨੂੰ ਜਾਲੀ ਕਿਹਾ ਜਾਂਦਾ ਹੈ। ਇਸ ਦੀ ਵਰਤੋਂ ਤੇ ਢਾਂਚਾ ਸੱਭ ਥਾਂ ਲਗਭਗ ਇਕੋ ਜਿਹਾ ਹੁੰਦਾ ਸੀ। ਪੱਕੇ ਖਾਣੇ ਅਤੇ ਦੁੱਧ, ਘਿਉ, ਦਹੀਂ ਮੱਖਣ, ਆਟਾ ਨੂੰ ਮੱਛਰ , ਮੱਖੀ, ਬਿੱਲੀ, ਜਾਨਵਰਾਂ ਤੋਂ ਬਚਾਉਣ ਲਈ ਇਹ ਬਹੁਤ ਕੰਮ ਆਉਦੀ ਸੀ। ਇਹ ਲੱਕੜ ਦਾ ਛੋਟੇ ਜਿਹੇ ਸੰਦੂਕ ਵਰਗਾ ਖੜ੍ਹਵੇ ਦਾਅ ਦਾ ਇਕ ਢਾਂਚਾ ਹੁੰਦਾ ਜਿਸ ਦੀਆਂ ਚਾਰੇ ਕੰਧਾਂ ਜਾਲੀ ਦੀਆਂ ਹੁੰਦੀਆਂ ਸਨ। ਖਾਣਾ ਸੰਭਾਲਣ ਲਈ ਹਰ ਪਿੰਡ ਦੇ ਘਰ ਵਿਚ ਹੁੰਦੀ ਸੀ। ਲੋਕ ਇਸ ਨੂੰ ਦੇਸੀ ਫ਼ਰਿੱਜ ਵੀ ਕਹਿ ਕੇ ਵਡਿਆਉਂਦੇ ਸਨ।

ਜਦੋਂ ਅਸੀ ਸਕੂਲ ਤੋਂ ਆਉਦੇ ਸੀ ਭੁੱਖ ਲੱਗੀ ਹੁੰਦੀ ਸੀ। ਦਬਾ ਦਬਾ ਜਾਲੀ ਦਾ ਬੂਹਾ ਖੋਲ੍ਹ ਚਗੇਰ ਵਿਚ ਰੱਖੇ ਪਰੌਂਠੇ ਕੱਢ ਘਿਉ ਵਾਲੀ ਅਲਮਾਰੀ ਵਿਚੋਂ ਮੱਖਣ ਤੇ ਅਚਾਰ ਕੱਢ ਕੇ ਪਰੌਂਠੇ ਉਤੇ ਮਲ ਕੇ ਉਸ ਦੀ ਮੋਣੀ ਬਣਾ ਕੇ ਦੰਦੀਆਂ ਵੱਢ ਵੱਢ ਖਾਂਦੇ ਸੀ। ਬੜਾ ਹੀ ਸਵਾਦ ਆਉਂਦਾ ਸੀ। ਹੁਣ ਬੱਚੇ ਨਾ ਦੁੱਧ, ਦਹੀਂ, ਘਿਉ ਮੱਖਣ ਪਰੌਠੇ ਤਾਜ਼ੀਆਂ ਸਬਜ਼ੀਆਂ ਖਾਂਦੇ ਹਨ। ਰੈਡੀਮੇਡ ਆਰਡਰ ਦੇ ਕੇ ਚਾਈਨੀ ਫ਼ੂਡ ਬਰਗਰ ਪੀਜੇ ਮੰਗਵਾ ਲੈਂਦੇ ਹਨ। ਪਹਿਲਾ ਬੱਚੇ ਪੋਸ਼ਟਿਕ ਖਾਣਾ ਘਰ ਦਾ ਖਾ ਤੰਦਰੁਸਤ ਰਹਿੰਦੇ ਸੀ। ਹੁਣ ਚਾਈਨੀ ਫ਼ੂਡ ਖਾ ਬੀਮਾਰ ਹੋ ਰਹੇ ਹਨ। ਜਾਲੀ ਅਲੋਪ ਹੋ ਗਈ ਹੈ। ਕਿਤੇ ਕਿਤੇ ਪਿੰਡਾਂ ਅਤੇ ਕਸਬਿਆਂ ਵਿਚ ਜਿਥੇ ਪੁਰਾਣੀਆਂ ਬੁੱਢੀਆਂ ਨੇ ਸੰਭਾਲੀ ਹੈ ਮਿਲ ਜਾਂਦੀ ਹੈ। ਦਿਲ ਕਰਦਾ ਹੈ ਉਹ ਹੀ ਪੁਰਾਣਾ ਬਚਪਨ ਆ ਜਾਵੇ ਤੇ ਫਿਰ ਕਾੜ੍ਹਨੇ ਦਾ ਦੁੱਧ, ਮੱਖਣ ਘਿਉ ਖਾਈਏ।
-ਗੁਰਮੀਤ ਸਿੰਘ ਵੇਰਕਾ ਐਮਏ 9878600221