ਸੁਹਾਂਜਣਾ ਰੁੱਖ ਅਪਣੀਆਂ ਵਿਸ਼ੇਸ਼ਤਾਵਾਂ ਕਾਰਨ ਪੂਰੀ ਦੁਨੀਆਂ ’ਚ ਉਗਾਇਆ ਜਾਂਦਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਮਨੁੱਖ ਜੜੀ-ਬੂਟੀਆਂ, ਕੁਦਰਤੀ ਉਤਪਾਦਾਂ ਤੇ ਜੈਵਿਕ ਖੇਤੀ ਵਲ ਵਧਿਆ ਹੈ।

Drumstick tree

 ਮੁਹਾਲੀ: ਦੁਨੀਆਂ ਦੀ 80 ਫ਼ੀਸਦੀ ਆਬਾਦੀ ਤੰਦਰੁਸਤੀ ਲਈ ਪੌਦਿਆਂ ’ਤੇ ਨਿਰਭਰ ਕਰਦੀ ਹੈ। ਲਗਭਗ 25 ਫ਼ੀਸਦੀ ਦਵਾਈਆਂ ਪੌਦਿਆਂ ਤੋਂ ਬਣਾਈਆਂ ਜਾਂਦੀਆਂ ਹਨ। ਪਿਛਲੇ ਕੁੱਝ ਦਹਾਕਿਆਂ ਤੋਂ ਖੇਤੀ ਖੇਤਰ ਵਿਚ ਰਸਾਇਣਾਂ ਦੀ ਜ਼ਿਆਦਾ ਵਰਤੋਂ ਕਾਰਨ ਖ਼ੁਰਾਕੀ ਪਦਾਰਥ ਤੇ ਵਾਤਾਵਰਣ ਰਸਾਇਣਾਂ ਨਾਲ ਲਬਰੇਜ਼ ਹਨ। ਇਨ੍ਹਾਂ ਰਸਾਇਣਾਂ ਦਾ ਸਿਹਤ ਉਪਰ ਮਾੜਾ ਅਸਰ ਪੈ ਰਿਹਾ ਹੈ।

ਇਸ ਨਾਲ ਮਨੁੱਖ ਜੜੀ-ਬੂਟੀਆਂ, ਕੁਦਰਤੀ ਉਤਪਾਦਾਂ ਤੇ ਜੈਵਿਕ ਖੇਤੀ ਵਲ ਵਧਿਆ ਹੈ। ਸੋਹਾਂਜਣੇ ਦੀ ਵਰਤੋਂ ਕੁਪੋਸ਼ਣ ਤੇ ਕਈ ਹੋਰ ਸਰੀਰਕ ਵਕਾਰਾਂ ਦੇ ਇਲਾਜ ਲਈ ਕੀਤੀ ਜਾਂਦੀ ਹੈ। ਪੁਰਾਣੇ ਸਮਿਆਂ ਵਿਚ ਚੀਨ ਦੇ ਸ਼ਾਸਕ ਇਸ ਦੇ ਪੱਤੇ ਤੇ ਹੋਰ ਉਤਪਾਦਾਂ ਨੂੰ ਰੋਜ਼ਾਨਾ ਦੀ ਖ਼ੁਰਾਕ ’ਚ ਸਰੀਰਕ ਤੇ ਮਾਨਸਕ ਸਿਹਤ ਨੂੰ ਕਾਇਮ ਰੱਖਣ ਲਈ ਇਸਤੇਮਾਲ ਕਰਦੇ ਸਨ।

ਸੁਹਾਂਜਣਾ ਮੂਲ ਰੂਪ ਵਿਚ ਭਾਰਤੀ ਮੂਲ ਦਾ ਚਮਤਕਾਰੀ ਰੁੱਖ ਹੈ ਜੋ ਅਪਣੀਆਂ ਵਿਸ਼ੇਸ਼ਤਾਵਾਂ ਕਾਰਨ ਪੂਰੀ ਦੁਨੀਆਂ ’ਚ ਉਗਾਇਆ ਜਾਂਦਾ ਹੈ। ਸੁਹਾਂਜਣੇ ਵਿਚ ਭਰਪੂਰ ਮਾਤਰਾ ’ਚ ਪ੍ਰੋਟੀਨ ਮਿਲਦਾ ਹੈ। ਇਸ ਤੋਂ ਇਲਾਵਾ ਇਸ ਵਿਚ ਰੇਸ਼ਾ, ਕਾਰਬੋਹਾਈਡ੍ਰੇਟ, ਵਿਟਾਮਿਨ ਤੇ ਜ਼ਰੂਰੀ ਐਮੀਨੋ ਐਸਿਡ ਮਾਸ ਅਤੇ ਦੁੱਧ ਦੇ ਬਰਾਬਰ ਮਿਲਦੇ ਹਨ। ਇਸ ਦੇ ਸੁੱਕੇ ਪੱਤਿਆਂ ਵਿਚ 40-45 ਫ਼ੀ ਸਦੀ ਕਾਰਬੋਹਾਈਡ੍ਰੇਟ, 25-30 ਫ਼ੀ ਸਦੀ ਪ੍ਰੋਟੀਨ ਅਤੇ 10-12 ਫ਼ੀ ਸਦੀ ਫ਼ਾਈਬਰ ਹੁੰਦਾ ਹੈ।

ਘੱਟ ਮਾਤਰਾ ’ਚ ਲਿਪਿਡ ਤੱਤ ਹੋਣ ਕਾਰਨ ਇਸ ਨੂੰ ਮੋਟਾਪੇ ਵਿਚ ਅਤਿਅੰਤ ਗੁਣਕਾਰੀ ਸਮਝਿਆ ਜਾਂਦਾ ਹੈ। ਸੁਹਾਂਜਣੇ ਦੇ ਪੱਤਿਆਂ ਵਿਚ ਵੱਡੀ ਮਾਤਰਾ ’ਚ ਕੈਲਸ਼ੀਅਮ, ਲੋਹਾ, ਪੋਟਾਸ਼ੀਅਮ, ਮੈਗਨੀਸ਼ੀਅਮ ਤੇ ਫਾਸਫੋਰਸ ਮਿਲਦਾ ਹੈ।

ਇਸ ਵਿਚ ਮਿਲਣ ਵਾਲੇ ਤੱਤ ਵਿਸ਼ਵ ਸਿਹਤ ਸੰਸਥਾ (ਡਬਲਿਊ.ਐਚ.ਓ.) ਅਤੇ ਯੂ.ਐਨ.ਓ. ਵਲੋਂ ਛੋਟੇ ਬੱਚਿਆਂ ਲਈ ਨਿਰਧਾਰਤ ਤੱਤਾਂ ਤੋਂ ਵੀ ਵੱਧ ਹੁੰਦੇ ਹਨ। ਕੁਪੋਸ਼ਣ ਨਾਲ ਨਜਿੱਠਣ ਲਈ ਸੁਹਾਂਜਣਾ ਇਕ ਵਡਮੁੱਲਾ ਸਰੋਤ ਹੋ ਸਕਦਾ ਹੈ।
ਭਾਰਤ ਵਿਚ ਆਯੁਰਵੈਦਿਕ ਦਵਾਈਆਂ ਵਿਚ ਸੁਹਾਂਜਣੇ ਦੀ ਭਰਪੂਰ ਵਰਤੋਂ ਹੁੰਦੀ ਹੈ। ਅਫ਼ਰੀਕਾ ਅਤੇ ਏਸ਼ੀਆ ਮਹਾਂਦੀਪ ਵਿਚ ਇਸ ਦੇ ਵੱਖ-ਵੱਖ ਭਾਗਾਂ ਨੂੰ ਦਵਾਈ ਦੇ ਤੌਰ ’ਤੇ ਵਰਤਿਆ ਜਾਂਦਾ ਹੈ।