ਸਰੀਰਕ ਅਤੇ ਮਾਨਸਿਕ ਤੰਦਰੁਸਤੀ ਦਾ ਸਰਟੀਫ਼ਿਕੇਟ ਹੁੰਦੀ ਹੈ ਨੀਂਦ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਨੀਂਦ ਸਾਡੀ ਬੁਨਿਆਦੀ ਲੋੜ ਹੈ। ਨੱਠ-ਭੱਜ  ਭਰੀ ਜ਼ਿੰਦਗੀ ਦਾ ਸਾਡੇ ਸਰੀਰਕ ਅਤੇ ਮਾਨਸਿਕ ਪੱਧਰ ਤੇ ਅਸਰ ਪੈਂਦਾ ਹੈ ਕਿਉਂਕਿ ਪੱਠਿਆਂ ਅਤੇ ਤੰਤੂਆਂ ਦੇ ਥੱਕੇ ਸੈੱਲ ਖ਼ੂਨ...

Sleeping

ਨੀਂਦ ਸਾਡੀ ਬੁਨਿਆਦੀ ਲੋੜ ਹੈ। ਨੱਠ-ਭੱਜ  ਭਰੀ ਜ਼ਿੰਦਗੀ ਦਾ ਸਾਡੇ ਸਰੀਰਕ ਅਤੇ ਮਾਨਸਿਕ ਪੱਧਰ ਤੇ ਅਸਰ ਪੈਂਦਾ ਹੈ ਕਿਉਂਕਿ ਪੱਠਿਆਂ ਅਤੇ ਤੰਤੂਆਂ ਦੇ ਥੱਕੇ ਸੈੱਲ ਖ਼ੂਨ ਵਿਚ ਅਜਿਹੇ ਤੇਜ਼ਾਬ ਛਡਦੇ ਹਨ ਜਿਨ੍ਹਾਂ ਕਾਰਨ ਸਰੀਰ ਸੁਸਤ ਹੋ ਜਾਂਦਾ ਹੈ ਅਤੇ ਕੰਮ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ। ਨੀਂਦ ਦੌਰਾਨ ਸਰੀਰ ਦੇ ਥੱਕੇ-ਟੁੱਟੇ ਸੈੱਲਾਂ ਦੀ ਮੁਰੰਮਤ ਕਰ ਕੇ ਉਨ੍ਹਾਂ ਨੂੰ ਮੁੜ ਮੂਲ ਸਥਿਤੀ ਵਿਚ ਲਿਆਇਆ ਜਾਂਦਾ ਹੈ। ਚੰਗੀ ਨੀਂਦ ਦਿਮਾਗ਼ ਦੇ ਜ਼ਹਿਰੀਲੇ ਪਦਾਰਥਾਂ ਦੀ ਵੀ ਸਫ਼ਾਈ ਕਰਦੀ ਹੈ।

ਇਹ ਤੱਥ ਨਿਊਯਾਰਕ ਦੇ ਰੋਚੇਸਟਰ ਯੂਨੀਵਰਸਟੀ ਦੇ ਖੋਜੀਆਂ ਵਲੋਂ ਕੀਤੀ ਗਈ ਇਕ ਖੋਜ ਦੇ ਸਿੱਟੇ ਵਜੋਂ ਸਾਹਮਣੇ ਆਇਆ ਹੈ। ਖੋਜੀਆਂ ਨੇ ਵੇਖਿਆ ਕਿ ਸਾਡੇ ਦਿਮਾਗ਼ ਦੀ ਵਾਧੂ ਪਦਾਰਥਾਂ ਨੂੰ ਹਟਾਉਣ ਵਾਲੀ ਪ੍ਰਣਾਲੀ ਸੌਂਦੇ ਸਮੇਂ ਜ਼ਿਆਦਾ ਸਰਗਰਮ ਹੋ ਜਾਂਦੀ ਹੈ ਜਿਸ ਨਾਲ ਅਲਜ਼ਾਈਮਰ ਅਤੇ ਹੋਰ ਦਿਮਾਗ਼ ਸਬੰਧੀ ਵਿਕਾਰਾਂ ਦਾ ਖ਼ਤਰਾ ਘਟਦਾ ਹੈ। ਖੋਜ ਮੁਤਾਬਕ ਸੌਣ ਨਾਲ ਯਾਦਾਸ਼ਤ ਤੇਜ਼ ਹੁੰਦੀ ਹੈ ਅਤੇ ਦਿਮਾਗ਼ ਵਿਚ ਯਾਦਾਂ ਇਕੱਠੀਆਂ ਕਰਨ ਦੀ ਸਮਰੱਥਾ ਵਿਚ ਵਾਧਾ ਹੁੰਦਾ ਹੈ।

ਯੂਨੀਵਰਸਟੀ ਵਿਸਕਾਨਸਿਨ ਮੈਡੀਸਨ (ਲੰਡਨ) ਦੇ ਖੋਜੀਆਂ ਦਾ ਕਹਿਣਾ ਹੈ ਕਿ ਜਦੋਂ ਕਿਸੇ ਵਿਅਕਤੀ ਨੂੰ ਚੰਗੀ ਨੀਂਦ ਨਹੀਂ ਆਉਂਦੀ ਤਾਂ ਉਸ ਦੇ ਦਿਮਾਗ਼ ਦੀਆਂ ਨਵੀਆਂ ਸੂਚਨਾਵਾਂ ਨੂੰ ਗ੍ਰਹਿਣ ਕਰਨ ਦੀ ਸਮਰੱਥਾ ਘਟਦੀ ਹੈ। ਵਿਅਕਤੀ ਸਾਵਧਾਨੀ ਨਾਲ ਕੰਮ ਨਹੀਂ ਕਰ ਸਕਦਾ ਅਤੇ ਚਿੜਚਿੜਾ ਹੋ ਜਾਂਦਾ ਹੈ। ਹੁਣ ਤਕ ਇਹ ਮੰਨਿਆ ਜਾਂਦਾ ਰਿਹਾ ਹੈ ਕਿ ਲਗਾਤਾਰ ਲੰਮੇ ਸਮੇਂ ਤਕ ਪੂਰੀ ਨੀਂਦ ਨਾ ਲੈਣ ਵਾਲੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਰੀਰਕ ਅਤੇ ਮਾਨਸਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਪਰ ਅਮਰੀਕਾ ਦੀ ਕੈਲੇਫ਼ੋਰਨੀਆ ਯੂਨੀਵਰਸਟੀ ਦੇ ਖੋਜੀਆਂ ਨੇ ਸਾਲ 2007 ਵਿਚ ਅਪਣੇ ਇਕ ਅਧਿਐਨ 'ਚ ਵੇਖਿਆ ਕਿ ਸਿਰਫ਼ ਇਕ ਰਾਤ ਜਾਗਣ ਨਾਲ ਹੀ ਸਮੁੱਚਾ ਸਰੀਰਕ ਢਾਂਚਾ ਹਿੱਲ ਜਾਂਦਾ ਹੈ। ਦਿਨ-ਰਾਤ ਦੇ 24 ਘੰਟਿਆਂ ਦੌਰਾਨ ਨੀਂਦ ਦੀ ਇਕ ਤੇਜ਼ ਲਹਿਰ ਆਉਂਦੀ ਹੈ। ਇਸ ਲਹਿਰ ਦਾ ਸਮਾਂ ਵੱਖ-ਵੱਖ ਵਿਅਕਤੀਆਂ ਵਿਚ ਆਪੋ-ਅਪਣਾ ਹੁੰਦਾ ਹੈ ਪਰ ਸਰੀਰਕ ਅਤੇ ਮਾਨਸਿਕ ਥਕਾਵਟ ਅਤੇ ਅਨੀਂਦਰਾਪਣ ਨੀਂਦ ਦੀ ਲਹਿਰ ਨੂੰ ਸਮੇਂ ਤੋਂ ਪਹਿਲਾਂ ਹੀ ਵਿਸ਼ੇਸ਼ ਸੱਦਾ ਭੇਜ ਕੇ ਬੁਲਾ ਲੈਂਦੇ ਹਨ।

ਨੀਂਦ ਦੀ ਲਹਿਰ ਸਰੀਰ ਦਾ ਤਾਪਮਾਨ ਅਤੇ ਬਲੱਡ ਪ੍ਰੈਸ਼ਰ ਘਟਾ ਦਿੰਦੀ ਹੈ। ਨਤੀਜੇ ਵਜੋਂ ਸਬੰਧਤ ਵਿਅਕਤੀ ਉਬਾਸੀਆਂ ਲੈਣ ਲਗਦਾ ਹੈ ਅਤੇ ਛੇਤੀ ਹੀ ਨੀਂਦ ਵਿਚ ਗੁਆਚ ਜਾਂਦਾ ਹੈ। ਫਿਰ ਨੀਂਦ ਦੀ ਹਾਲਤ ਵਿਚ ਕਈ ਹੋਰ ਸਰੀਰਕ ਕਿਰਿਆਵਾਂ ਵਿਚ ਤਬਦੀਲੀ ਆਉਂਦੀ ਹੈ ਜਿਵੇਂ ਨਬਜ਼ ਮੱਧਮ ਪੈ ਜਾਂਦੀ ਹੈ, ਸਾਹ ਦੀ ਗਤੀ ਮੱਠੀ ਪੈ ਜਾਂਦੀ ਹੈ, ਪੱਠੇ ਢਿੱਲੇ ਪੈ ਜਾਂਦੇ ਹਨ, ਪਾਚਨ ਕਿਰਿਆ ਵਿਚ ਇਕ ਤਰ੍ਹਾਂ ਨਾਲ ਖੜੋਤ ਆ ਜਾਂਦੀ ਹੈ, ਥੁੱਕ ਅਤੇ ਪਾਚਨ ਰਸਾਂ ਦਾ ਬਣਨਾ ਘੱਟ ਜਾਂਦਾ ਹੈ ਅਤੇ ਗੁਰਦੇ ਪਿਸ਼ਾਬ ਬਣਾਉਣਾ ਘਟਾ ਦਿੰਦੇ ਹਨ।