ਔਰਤਾਂ ਗਰਮੀਆਂ ’ਚ ਅਪਣੀ ਰਸੋਈ ਨੂੰ ਠੰਢਾ ਰੱਖਣ ਲਈ ਅਪਣਾਉਣ ਇਹ ਨੁਸਖ਼ੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਜੇਕਰ ਤੁਸੀਂ ਗਰਮੀ ਤੋਂ ਬਚਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇਕ ਕੰਮ ਕਰਨਾ ਪਵੇਗਾ

File Photo

ਜੇਕਰ ਤੁਹਾਡੀ ਰਸੋਈ ਛੋਟੀ ਅਤੇ ਘੱਟ ਹਵਾਦਾਰ ਹੋਵੇ ਤਾਂ ਇਹ ਸਮੱਸਿਆ ਹੋਰ ਵੀ ਵੱਡੀ ਹੋ ਜਾਂਦੀ ਹੈ। ਅਜਿਹੇ ਵਿਚ ਜੇਕਰ ਅਸੀਂ ਕੁੱਝ ਗੱਲਾਂ ਦਾ ਧਿਆਨ ਰੱਖੀਏ ਤਾਂ ਅਸੀਂ ਰਸੋਈ ਵਿਚ ਗਰਮੀ ਨੂੰ ਕੁੱਝ ਹਦ ਤਕ ਦੂਰ ਰੱਖ ਸਕਦੇ ਹਾਂ। ਆਉ ਜਾਣਦੇ ਹਾਂ ਗਰਮੀਆਂ ਦੇ ਮੌਸਮ ਵਿਚ ਅਸੀ ਅਪਣੀ ਰਸੋਈ ਨੂੰ ਗਰਮ ਹੋਣ ਤੋਂ ਕਿਵੇਂ ਬਚਾ ਸਕਦੇ ਹਾਂ?

ਆਮ ਤੌਰ ’ਤੇ ਜ਼ਿਆਦਾਤਰ ਘਰਾਂ ਵਿਚ ਗੈਸ ਚੁੱਲ੍ਹੇ ’ਤੇ ਖਾਣਾ ਪਕਾਇਆ ਜਾਂਦਾ ਹੈ। ਪਰ ਗਰਮੀਆਂ ਵਿਚ ਇਸ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ। ਇਸ ਦਾ ਕਾਰਨ ਇਹ ਹੈ ਕਿ ਇਹ ਜ਼ਿਆਦਾ ਗਰਮੀ ਪੈਦਾ ਕਰਦਾ ਹੈ ਜਿਸ ਕਾਰਨ ਰਸੋਈ ਵਿਚ ਖੜਨਾ ਮੁਸ਼ਕਲ ਹੋ ਸਕਦਾ ਹੈ। ਅਜਿਹੇ ਵਿਚ ਰਸੋਈ ਨੂੰ ਠੰਢਾ ਰੱਖਣ ਦਾ ਸੱਭ ਤੋਂ ਵਧੀਆ ਤਰੀਕਾ ਇਹ ਹੈ ਕਿ ਸਟੋਵ ਦੀ ਬਜਾਏ ਇੰਡਕਸ਼ਨ ਦੀ ਵਰਤੋਂ ਕੀਤੀ ਜਾਵੇ।

ਰਸੋਈ ਵਿਚ ਕੰਮ ਕਰਦੇ ਸਮੇਂ ਐਗਜਾਸਟ ਫ਼ੈਨ ਦੀ ਵਰਤੋਂ ਕਰੋ। ਇਸ ਕਾਰਨ ਰਸੋਈ ਵਿਚ ਹਵਾ ਦਾ ਸੰਚਾਰ ਠੀਕ ਰਹਿੰਦਾ ਹੈ ਅਤੇ ਗਰਮੀ ਕਾਰਨ ਸਾਹ ਘੁਟਣ ਦਾ ਅਹਿਸਾਸ ਨਹੀਂ ਹੁੰਦਾ। ਗਰਮੀਆਂ ਦੇ ਮੌਸਮ ਵਿਚ ਖਾਣਾ ਬਣਾਉਣ ਦਾ ਸਮਾਂ ਬਦਲਣ ਦੀ ਲੋੜ ਹੁੰਦੀ ਹੈ। ਸਵੇਰੇ ਜਲਦੀ ਖਾਣਾ ਪਕਾਉ, ਦੁਪਹਿਰ ਤਕ ਇੰਤਜ਼ਾਰ ਨਾ ਕਰੋ। ਦੁਪਹਿਰ ਤਕ ਗਰਮੀ ਵਧ ਜਾਂਦੀ ਹੈ।

ਜੇਕਰ ਤੁਸੀਂ ਗਰਮੀ ਤੋਂ ਬਚਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇਕ ਕੰਮ ਕਰਨਾ ਪਵੇਗਾ। ਤੁਸੀਂ ਅਜਿਹੇ ਪਕਵਾਨਾਂ ਦੀਆਂ ਚੋਣ ਕਰੋ ਜਿਸ ਨੂੰ ਬਣਾਉਣ ਵਿਚ ਜ਼ਿਆਦਾ ਸਮਾਂ ਨਹੀਂ ਲਗਦਾ। ਇਨ੍ਹਾਂ ਵਿਚ ਅਜਿਹੇ ਪਕਵਾਨ ਸ਼ਾਮਲ ਹੋਣੇ ਚਾਹੀਦੇ ਹਨ ਜੋ ਬਹੁਤ ਮੁਸ਼ਕਲ ਨਹੀਂ ਹਨ ਅਤੇ ਵੱਧ ਤੋਂ ਵੱਧ ਇਕ ਘੰਟੇ ਵਿਚ ਤਿਆਰ ਕੀਤੇ ਜਾ ਸਕਦੇ ਹਨ। ਜਦੋਂ ਵੀ ਤੁਸੀਂ ਰਸੋਈ ਵਿਚ ਖਾਣਾ ਬਣਾਉਣ ਜਾ ਰਹੇ ਹੋ, ਉਸ ਸਮੇਂ ਪਕਵਾਨ ਨਾਲ ਸਬੰਧਤ ਚੀਜ਼ਾਂ ਨੂੰ ਪਹਿਲਾਂ ਹੀ ਤਿਆਰ ਕਰ ਲਵੋ। ਤੁਸੀਂ ਰਸੋਈ ਵਿਚ ਆਏ ਬਿਨਾਂ ਵੀ ਇਹ ਸਾਰਾ ਕੰਮ ਪੂਰਾ ਕਰ ਸਕਦੇ ਹੋ ਜਿਸ ਵਿਚ ਸਬਜ਼ੀਆਂ ਨੂੰ ਕਟਣਾ ਆਦਿ ਸ਼ਾਮਲ ਹੈ। ਇਸ ਨਾਲ ਨਾ ਸਿਰਫ਼ ਤੁਹਾਡਾ ਸਮਾਂ ਬਚੇਗਾ, ਸਗੋਂ ਤੁਹਾਨੂੰ ਜ਼ਿਆਦਾ ਦੇਰ ਤਕ ਗਰਮ ਰਸੋਈ ਵਿਚ ਨਹੀਂ ਰਹਿਣਾ ਪਵੇਗਾ।

ਖਿੜਕੀ ਵੀ ਰਸੋਈ ਵਿਚ ਗਰਮੀ ਦਾ ਕਾਰਨ ਹੈ ਕਿਉਂਕਿ ਸੂਰਜ ਦੀਆਂ ਕਿਰਨਾਂ ਸਿੱਧੇ ਕਮਰੇ ਵਿਚ ਆਉਂਦੀਆਂ ਹਨ। ਅਜਿਹੇ ਵਿਚ ਜੇਕਰ ਤੁਹਾਡੀ ਰਸੋਈ ਵਿਚ ਖਿੜਕੀਆਂ ਹਨ ਤਾਂ ਉਨ੍ਹਾਂ ’ਤੇ ਸੂਤੀ ਕਪੜੇ ਦੇ ਪਰਦੇ ਲਗਾਉ। ਨਾਲ ਹੀ, ਸੂਰਜ ਚੜ੍ਹਨ ਤੋਂ ਪਹਿਲਾਂ ਅਤੇ ਸੂਰਜ ਡੁੱਬਣ ਤੋਂ ਬਾਅਦ ਕੁੱਝ ਸਮੇਂ ਲਈ ਖਿੜਕੀ ਨੂੰ ਖੁਲ੍ਹਾ ਛੱਡ ਦਿਉ। ਇਸ ਨਾਲ ਕਮਰਾ ਠੰਢਾ ਰਹਿੰਦਾ ਹੈ।