ਅੱਖਾਂ ਦੀ ਥਕਾਨ ਘੱਟ ਕਰਨ ਲਈ ਅਪਨਾਉ ਇਹ ਘਰੇਲੂ ਨੁਸਖ਼ੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਜਦੋਂ ਤੁਸੀਂ ਅਪਣਾ ਸਾਰਾ ਧਿਆਨ ਇਕ ਹੀ ਚੀਜ਼ ’ਤੇ ਲਗਾਉਂਦੇ ਹੋ ਤਾਂ ਅੱਖਾਂ ਥੱਕ ਜਾਂਦੀਆਂ ਹਨ। 

Follow these home remedies to reduce eye fatigue

ਪੜ੍ਹਾਈ ਜਾਂ ਕੰਮ ਦੌਰਾਨ ਅਕਸਰ ਅੱਖਾਂ ਨੂੰ ਥਕਾਨ ਅਤੇ ਦਰਦ ਦੀ ਸਮੱਸਿਆ ਤੁਹਾਨੂੰ ਹੁੰਦੀ ਹੋਵੇਗੀ। ਲਗਾਤਾਰ ਕੰਪਿਊਟਰ ’ਤੇ ਕੰਮ ਕਰਦਿਆਂ, ਕਿਤਾਬਾਂ ਪੜ੍ਹਦਿਆਂ ਜਾਂ ਹੋਰ ਦਿਮਾਗ਼ੀ ਕੰਮ ਕਰਦਿਆਂ ਜਦੋਂ ਤੁਸੀਂ ਅਪਣਾ ਸਾਰਾ ਧਿਆਨ ਇਕ ਹੀ ਚੀਜ਼ ’ਤੇ ਲਗਾਉਂਦੇ ਹੋ ਤਾਂ ਅੱਖਾਂ ਥੱਕ ਜਾਂਦੀਆਂ ਹਨ। 

ਪਲਕਾਂ ਝਪਕਾਉ: ਅੱਖਾਂ ਨੂੰ ਕਮਜ਼ੋਰ ਹੋਣ ਤੋਂ ਬਚਾਉਣਾ ਹੈ ਤਾਂ 20-20-20 ਨਿਯਮ ਨੂੰ ਹਮੇਸ਼ਾ ਯਾਦ ਰੱਖੋ। ਇਸ ਨਿਯਮ ਅਨੁਸਾਰ ਜੇ ਤੁਸੀਂ ਕੋਈ ਵੀ ਅਜਿਹਾ ਕੰਮ ਕਰ ਰਹੇ ਹੋ ਜਿਸ ਵਿਚ ਬਹੁਤ ਜ਼ਿਆਦਾ ਧਿਆਨ ਲਗਾਉਣਾ ਪੈ ਰਿਹਾ ਹੈ ਜਾਂ ਅੱਖਾਂ ਨੂੰ ਥਕਾਵਟ ਹੋ ਰਹੀ ਹੈ ਤਾਂ ਹਰ 20 ਮਿੰਟ ਬਾਅਦ ਅਪਣੀਆਂ ਅੱਖਾਂ ਨੂੰ ਕਿਤਾਬ, ਕਾਪੀ ਜਾਂ ਕੰਪਿਊਟਰ ਤੋਂ ਹਟਾਉ ਅਤੇ 20 ਫੁੱਟ ਦੂਰ ਕਿਸੇ ਚੀਜ਼ ਨੂੰ 20 ਸਕਿੰਟ ਲਈ ਦੇਖੋ। ਇਸ ਤੋਂ ਬਾਅਦ ਕਈ ਵਾਰ ਪਲਕਾਂ ਝਪਕਾਉ ਅਤੇ ਇਕ ਮਿੰਟ ਤਕ ਅੱਖਾਂ ਬੰਦ ਕਰ ਕੇ ਰੱਖਣ ਤੋਂ ਬਾਅਦ ਫਿਰ ਤੋਂ ਕੰਮ ਸ਼ੁਰੂ ਕਰ ਦਿਉ।

ਅੱਖਾਂ ’ਤੇ ਪਾਣੀ ਦੇ ਛਿੱਟੇ ਮਾਰੋ: ਜੇ ਥਕਾਵਟ ਕਾਰਨ ਅੱਖਾਂ ਵਿਚੋਂ ਪਾਣੀ ਨਿਕਲਣ ਲਗਾ ਹੈ ਤਾਂ 5 ਮਿੰਟ ਲਈ ਕੰਮ ਬੰਦ ਕਰ ਦਿਉ ਅਤੇ ਅਪਣੀਆਂ ਅੱਖਾਂ ’ਤੇ ਠੰਡੇ ਪਾਣੀ ਦੇ ਛਿੱਟੇ ਮਾਰੋ। ਪਾਣੀ ਦੀ ਠੰਡਕ ਨਾਲ ਅੱਖਾਂ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਮਿਲੇਗਾ ਅਤੇ ਤਣਾਅ ਘੱਟ ਹੋਵੇਗਾ। ਧਿਆਨ ਰੱਖੋ ਕਿ ਇਸ ਤੋਂ ਬਾਅਦ ਅੱਖਾਂ ਨੂੰ ਮਲਣਾ ਨਹੀਂ, ਬਲਕਿ ਰੁਮਾਲ ਜਾਂ ਟਿਸ਼ੂ ਪੇਪਰ ਨਾਲ ਹਲਕੇ ਹੱਥਾਂ ਨਾਲ ਪਾਣੀ ਸੁਕਾਉ।

ਕੰਮ ਦੌਰਾਨ ਪਲਕਾਂ ਝਪਕਦੇ ਰਹੋ: ਕੰਮ ਦੌਰਾਨ ਪਲਕਾਂ ਨੂੰ ਝਪਕਦੇ ਰਹੋ। ਇਸ ਨਾਲ ਅੱਖਾਂ ਦੀ ਨਮੀ ਬਰਕਰਾਰ ਰਹੇਗੀ ਅਤੇ ਅੱਖਾਂ ਸੁਕਣਗੀਆਂ ਨਹੀਂ। ਲੰਮੇ ਸਮੇਂ ਤਕ ਅੱਖਾਂ ਨਾ ਝਪਕਣ ’ਤੇ ਅੱਖਾਂ ਵਿਚੋਂ ਪਾਣੀ ਆਉਣ ਲਗਦਾ ਹੈ। ਕੰਮ ਕਰਦੇ ਸਮੇਂ ਅਪਣੀ ਕੁਰਸੀ ਦੀ ਉਚਾਈ ਨੂੰ ਕੰਪਿਊਟਰ ਦੇ ਹਿਸਾਬ ਨਾਲ ਹੀ ਰੱਖੋ। ਕੰਪਿਊਟਰ ਨੂੰ ਅਪਣੀਆਂ ਅੱਖਾਂ ਤੋਂ 30 ਸੈਮੀ ਦੀ ਦੂਰੀ ’ਤੇ ਰੱਖੋ।