ਨਵੇਂ ਕਪੜੇ ਪਾਉਣ ਤੋਂ ਪਹਿਲਾਂ ਜ਼ਰੂਰ ਕਰੋ ਇਹ ਕੰਮ
ਕਈ ਵਾਰ ਕਪੜਿਆਂ ਨਾਲ ਚਮੜੀ ’ਤੇ ਕੈਮੀਕਲ ਰਿਐਕਸ਼ਨ ਹੋ ਜਾਂਦਾ ਹੈ ਤਾਂ ਕਦੇ ਕੋਈ ਇਨਫ਼ੈਕਸ਼ਨ ਹੋ ਸਕਦੀ ਹੈ।
ਅਕਸਰ ਅਸੀਂ ਨਵੇਂ ਕਪੜੇ ਖ਼ਰੀਦ ਕੇ ਉਨ੍ਹਾਂ ਨੂੰ ਪਾਉਣ ਲਈ ਇੰਨੇ ਜ਼ਿਆਦਾ ਉਤਸ਼ਾਹਤ ਹੋ ਜਾਂਦੇ ਹਾਂ ਕਿ ਅਸੀ ਅਪਣੀ ਚਮੜੀ ਦੀ ਸੰਭਾਲ ਨੂੰ ਨਜ਼ਰ-ਅੰਦਾਜ਼ ਕਰ ਦਿੰਦੇ ਹਾਂ। ਇਸ ਕਾਰਨ ਅਸੀ ਅਪਣੀ ਚਮੜੀ ਦਾ ਨੁਕਸਾਨ ਕਰ ਲੈਂਦੇ ਹਾਂ।
ਨਵੇਂ ਕਪੜੇ ਅਪਣੇ ਲਈ ਲਵੋ ਜਾਂ ਬੱਚਿਆਂ ਲਈ, ਕਦੇ ਵੀ ਇਨ੍ਹਾਂ ਨੂੰ ਬਿਨਾਂ ਧੋਏ ਨਾ ਪਾਉ। ਅਜਿਹਾ ਕਰਨ ਨਾਲ ਤੁਸੀਂ ਕਈ ਤਰ੍ਹਾਂ ਦੀਆਂ ਚਮੜੀ ਸਬੰਧੀ ਬੀਮਾਰੀਆਂ ਦਾ ਸਾਹਮਣਾ ਕਰਨ ਤੋਂ ਬਚ ਜਾਉਗੇ। ਕਈ ਵਾਰ ਕਪੜਿਆਂ ਨਾਲ ਚਮੜੀ ’ਤੇ ਕੈਮੀਕਲ ਰਿਐਕਸ਼ਨ ਹੋ ਜਾਂਦਾ ਹੈ ਤਾਂ ਕਦੇ ਕੋਈ ਇਨਫ਼ੈਕਸ਼ਨ ਹੋ ਸਕਦੀ ਹੈ।
ਧਾਗ਼ਾ ਬਣਾਉਣ ਤੋਂ ਲੈ ਕੇ ਕਪੜਾ ਬਣਨ ਤਕ ਕਈ ਕੈਮੀਕਲਜ਼ ਦਾ ਪ੍ਰਯੋਗ ਕੀਤਾ ਜਾਂਦਾ ਹੈ। ਹਾਲਾਂਕਿ ਪੈਕਿੰਗ ਤੋਂ ਪਹਿਲਾਂ ਕਪੜਿਆਂ ਨੂੰ ਧੋਤਾ ਜਾਂਦਾ ਹੈ ਪਰ ਇਹ ਧੁਲਾਈ ਬਸ ਇਨ੍ਹਾਂ ਦੀ ਲੁੱਕ ਲਈ ਹੁੰਦੀ ਹੈ। ਕੈਮੀਕਲ ਤੁਹਾਡੀ ਚਮੜੀ ਨੂੰ ਨੁਕਸਾਨ ਨਾ ਪਹੁੰਚਾਵੇ ਇਸ ਲਈ ਨਵੇਂ ਕਪੜਿਆਂ ਨੂੰ ਜ਼ਰੂਰ ਧੋਵੋ।
ਸ਼ੋਅ ਰੂਮ ਤਕ ਆਉਣ ਤੋਂ ਪਹਿਲਾਂ ਕਪੜੇ ਕਈ ਪ੍ਰਕਿਰਿਆਵਾਂ ਤੋਂ ਹੋ ਕੇ ਗੁਜ਼ਰਦੇ ਹਨ ਜਿਸ ਨਾਲ ਇਨ੍ਹਾਂ ਵਿਚ ਗੰਦਗੀ ਲੱਗ ਜਾਂਦੀ ਹੈ। ਸ਼ੋਅ ਰੂਮ ਵਿਚ ਤੁਹਾਡੇ ਤੋਂ ਪਹਿਲਾਂ ਵੀ ਕਿਸੇ ਨੇ ਇਸ ਡਰੈੱਸ ਨੂੰ ਟਰਾਈ ਕੀਤਾ ਹੋਵੇਗਾ। ਇਸ ਲਈ ਕਿਸੇ ਵੀ ਤਰ੍ਹਾਂ ਦੀ ਚਮੜੀ ਸਬੰਧੀ ਰੋਗ ਤੋਂ ਬਚਣ ਲਈ ਨਵੇਂ ਕਪੜੇ ਨੂੰ ਧੋ ਕੇ ਹੀ ਪਾਉ।