ਅੱਖਾਂ ਵਿਚ ਜਲਣ-ਖੁਜਲੀ ਤੋਂ ਰਾਹਤ ਲਈ ਅਪਣਾਉ ਘਰੇਲੂ ਨੁਸਖ਼ੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਐਲੋਵੇਰਾ ਜੈੱਲ ਤੋਂ ਬਣਿਆ ਮਿਸ਼ਰਣ ਅੱਖਾਂ ਨੂੰ ਠੰਢਕ ਪਹੁੰਚਾਉਣ ਦਾ ਕੰਮ ਕਰੇਗਾ

Follow home remedies to relieve itchy eyes

 

ਮੁਹਾਲੀ : ਅੱਖਾਂ ਸਰੀਰ ਦਾ ਸੱਭ ਤੋਂ ਮਹੱਤਵਪੂਰਨ ਅੰਗ ਹਨ। ਅਕਸਰ ਦੂਸ਼ਿਤ ਵਾਤਾਵਰਣ ਅਤੇ ਗੰਦਗੀ ਕਾਰਨ ਅੱਖਾਂ ਵਿਚ ਜਲਨ, ਖੁਜਲੀ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਹੁਣ ਅਜਿਹੇ ਵਿਚ ਅੱਖਾਂ ਦਾ ਖਿਆਲ ਰਖਣਾ ਬਹੁਤ ਮੁਸ਼ਕਲ ਹੋ ਗਿਆ ਹੈ। ਹਾਲਾਂਕਿ ਜਦੋਂ ਲੋਕਾਂ ਨੂੰ ਅੱਖ ਨਾਲ ਸਮੱਸਿਆਵਾਂ ਆਉਂਦੀਆਂ ਹਨ ਤਾਂ ਲੋਕ ਅੱਖਾਂ ਨੂੰ ਰਗੜਨ ਦੀ ਕੋਸ਼ਿਸ਼ ਕਰਦੇ ਹਨ। ਪਰ ਅਜਿਹਾ ਕਰਨ ਨਾਲ ਅੱਖਾਂ ਦੇ ਖ਼ਰਾਬ ਹੋਣ ਦਾ ਡਰ ਰਹਿੰਦਾ ਹੈ। ਅਜਿਹੇ ਵਿਚ ਅਸੀਂ ਤੁਹਾਡੇ ਲਈ ਕੁੱਝ ਨੁਸਖ਼ੇ ਲੈ ਕੇ ਆਏ ਹਾਂ ਜਿਨ੍ਹਾਂ ਨਾਲ ਅੱਖਾਂ ਵਿਚ ਜਲਣ ਅਤੇ ਖੁਜਲੀ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਆਉ ਜਾਣਦੇ ਹਾਂ ਕਿਵੇਂ ਤੁਹਾਨੂੰ ਅੱਖਾਂ ਦੀ ਜਲਣ ਅਤੇ ਖੁਜਲੀ ਤੋਂ ਰਾਹਤ ਮਿਲ ਸਕਦੀ ਹੈ।

ਸੌਂਫ਼ ਦੂਰ ਕਰੇ ਅੱਖਾਂ ਤੋਂ ਖੁਸ਼ਕੀ: ਐਂਟੀ-ਇੰਫਲਾਮੇਟਰੀ ਗੁਣਾਂ ਨਾਲ ਭਰਪੂਰ ਸੌਂਫ਼ ਦੇਖਣ ਵਿਚ ਆ ਰਹੀ ਸਮੱਸਿਆ ਜਾਂ ਅੱਖਾਂ ਵਿਚ ਖੁਸ਼ਕੀ ਵਰਗੀਆਂ ਮੁਸੀਬਤਾਂ ਤੋਂ ਛੁਟਕਾਰਾ ਦਿਵਾਉਂਦੀ ਹੈ। ਇਸ ਲਈ ਇਕ ਕੱਪ ਪਾਣੀ ਵਿਚ 1 ਚਮਚ ਸੌਂਫ਼ ਪਾ ਕੇ ਉਬਾਲੋ। ਠੰਢਾ ਹੋਣ ਤੋਂ ਬਾਅਦ ਇਸ ਵਿਚ ਰੂੰ ਡੁਬੋ ਕੇ ਪਲਕਾਂ ’ਤੇ 15 ਮਿੰਟ ਤਕ ਰੱਖੋ। ਦਿਨ ਵਿਚ ਦੋ ਵਾਰ ਅਜਿਹਾ ਕਰਨ ਨਾਲ ਜਲਦੀ ਆਰਾਮ ਮਿਲੇਗਾ। ਗੁਲਾਬ ਜਲ ਦੇਵੇਗਾ ਅੱਖਾਂ ਨੂੰ ਰਾਹਤ: ਅੱਖਾਂ ਨੂੰ ਠੰਢਕ ਦੇਣ ਅਤੇ ਖੁਜਲੀ ਤੋਂ ਰਾਹਤ ਲਈ ਦੁੱਧ ਅਤੇ ਗੁਲਾਬ ਜਲ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਇਸ ਲਈ 1 ਕੱਪ ਠੰਢੇ ਦੁੱਧ ਵਿਚ 1 ਚਮਚ ਗੁਲਾਬ ਜਲ ਮਿਲਾਉ। ਇਸ ਤੋਂ ਬਾਅਦ ਇਸ ਵਿਚ ਰੂੰ ਡੁਬੋ ਕੇ ਅੱਖਾਂ ’ਤੇ 10 ਤੋਂ 15 ਮਿੰਟ ਲਈ ਰੱਖੋ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਜਲਦੀ ਹੀ ਅੱਖਾਂ ਵਿਚ ਹੋ ਰਹੀ ਖੁਜਲੀ ਤੋਂ ਰਾਹਤ ਮਿਲੇਗੀ।

ਐਲੋਵੇਰਾ ਜੈੱਲ ਦੇਵੇਗੀ ਰਾਹਤ: ਐਲੋਵੇਰਾ ਜੈੱਲ ਤੋਂ ਬਣਿਆ ਮਿਸ਼ਰਣ ਅੱਖਾਂ ਨੂੰ ਠੰਢਕ ਪਹੁੰਚਾਉਣ ਦਾ ਕੰਮ ਕਰੇਗਾ। ਇਸ ਲਈ 4 ਚਮਚ ਐਲੋਵੇਰਾ ਜੈੱਲ, ਅੱਧਾ ਕੱਪ ਪਾਣੀ ਅਤੇ ਕੁੱਝ ਬਰਫ਼ ਦੇ ਟੁਕੜੇ ਲੈ ਕੇ ਬਲੈਂਡ ਕਰੋ। ਹੁਣ ਇਸ ਮਿਸ਼ਰਣ ਵਿਚ ਰੂੰ ਡੁਬੋ ਕੇ ਪਲਕਾਂ ’ਤੇ ਸੇਕ ਕਰੋ ਅਤੇ 10 ਮਿੰਟ ਬਾਅਦ ਅੱਖਾਂ ਨੂੰ ਸਾਫ਼ ਪਾਣੀ ਨਾਲ ਧੋ ਲਉ। ਜੇ ਦੁਬਾਰਾ ਜ਼ਰੂਰਤ ਪਵੇ ਤਾਂ ਤੁਸੀਂ ਇਸ ਨੂੰ ਦਿਨ ਵਿਚ 2 ਵਾਰ ਇਸਤੇਮਾਲ ਕਰ ਸਕਦੇ ਹੋ। ਧਨੀਏ ਦੇ ਬੀਜ ਅੱਖਾਂ ਦੀ ਖੁਜਲੀ ਤੋਂ ਦੇਣਗੇ ਛੁਟਕਾਰਾ: ਐਂਟੀ-ਇਨਫ਼ਲਾਮੇਟਰੀ ਅਤੇ ਐਂਟੀਬੈਕਟੀਰੀਅਲ ਗੁਣਾਂ ਨਾਲ ਭਰਪੂਰ ਧਨੀਏ ਦੇ ਬੀਜ ਅੱਖਾਂ ਦੀ ਖੁਜਲੀ ਨੂੰ ਦੂਰ ਕਰਦੇ ਹਨ। ਇਕ ਕੱਪ ਪਾਣੀ ਨੂੰ ਉਬਾਲ ਕੇ ਇਸ ਵਿਚ 1 ਚਮਚ ਧਨੀਏ ਦੇ ਬੀਜ ਪਾਉ। ਇਸ ਤੋਂ ਬਾਅਦ ਇਸ ਨੂੰ ਠੰਢਾ ਹੋਣ ਲਈ ਰੱਖ ਦਿਉ। ਹੁਣ ਇਸ ਪਾਣੀ ਨਾਲ ਅਪਣੀਆਂ ਅੱਖਾਂ ਧੋ ਲਉ।