ਜਾਣੋ ਸਿਹਤ ਲਈ ਕਿੰਨਾ ਫ਼ਾਇਦੇਮੰਦ ਹੈ ਪੋਹਾ ?

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

ਸਵੇਰੇ ਨਾਸ਼ਤੇ ‘ਚ ਖਾਧਾ ਜਾਣ ਵਾਲਾ ਪੋਹਾ ਸਿਰਫ਼ ਸੁਆਦਿਸ਼ਟ ਹੀ ਨਹੀਂ ਤੁਹਾਡੀ ਸਿਹਤ ਲਈ ਵੀ ਕਾਫੀ ਫਾਇਦੇਮੰਦ ਹੈ'

File Photo

ਭੋਜਨ ਇਨਸਾਨ ਲਈ ਬਹੁਤ ਜ਼ਰੂਰੀ ਹੈ ਪਰ ਦਿਨ ਦੇ 3 ਖਾਣਿਆਂ ‘ਚੋਂ ਨਾਸ਼ਤਾ ਇਕ ਅਜਿਹਾ ਭੋਜਨ ਹੈ ਜੋ ਸਰੀਰ ਵਿਚ ਵਾਧਾ ਅਤੇ ਪੂਰੇ ਦਿਨ ਦੀ ਐਨਰਜੀ ਲਈ ਬਹੁਤ ਜ਼ਰੂਰੀ ਹੈ। ਜ਼ਿਆਦਾਤਰ ਲੋਕ ਸਵੇਰੇ ਘੱਟ ਟਾਈਮ ਹੋਣ ਦੀ ਵਜ੍ਹਾ ਕਰਕੇ ਨਾਸ਼ਤਾ ਛੱਡ ਦਿੰਦੇ ਹਨ ਤਾਂ ਅਜਿਹੇ ‘ਚ ਪੋਹਾ ਬਣਾ ਲੈਂਦੇ ਹਨ ਜੋ ਜਲਦੀ ਬਣ ਵੀ ਜਾਂਦਾ ਹੈ ਅਤੇ ਪਚ ਵੀ ਜਾਂਦਾ ਹੈ।

ਸਵੇਰੇ ਨਾਸ਼ਤੇ ‘ਚ ਖਾਧਾ ਜਾਣ ਵਾਲਾ ਪੋਹਾ ਸਿਰਫ਼ ਸੁਆਦਿਸ਼ਟ ਹੀ ਨਹੀਂ ਤੁਹਾਡੀ ਸਿਹਤ ਲਈ ਵੀ ਕਾਫੀ ਫਾਇਦੇਮੰਦ ਹੈ ਕਿਉਂਕਿ ਦੇਸੀ ਸੁਪਰਫੂਡ ਪੋਹਾ ਇਕ ਪੋਸ਼ਟਿਕ ਭੋਜਨ ਹੈ। ਇਕ ਕੌਲੀ ਪੋਹੇ ‘ਚ ਲਗਭਗ 75 ਫੀਸਦੀ ਕਾਰਬੋਹਾਈਡ੍ਰੇਟ  ਅਤੇ 8 ਫੀਸਦੀ ਪ੍ਰੋਟੀਨ ਦੇ ਇਲਾਵਾ ਆਇਰਨ ਪੋਟਾਸ਼ੀਅਮ, ਵਿਟਾਮਿਨ ਏ, ਸੀ ਅਤੇ ਡੀ ਭਰਪੂਰ ਮਾਤਰਾ ‘ਚ ਹੁੰਦਾ ਹੈ।

ਬਹੁਤ ਸਾਰੇ ਲੋਕ ਸਵੇਰੇ ਨਾਸ਼ਤੇ ‘ਚ ਪੋਹਾ ਖਾਣਾ ਪਸੰਦ ਕਰਦੇ ਹਨ। ਅਕਸਰ ਘਰਾਂ ਵਿਚ ਪੋਹੇ ਨੂੰ ਕਈ ਪ੍ਰਕਾਰ ਦੀਆਂ ਸਬਜ਼ੀਆਂ ਮਿਲਾ ਕੇ ਤਿਆਰ ਕੀਤਾ ਜਾਂਦਾ ਹੈ ਜੋ ਸੁਆਦ ਦੇ ਨਾਲ-ਨਾਲ ਭਾਰ ਘਟਾਉਣ ‘ਚ ਵੀ ਕਾਫੀ ਮਦਦ ਕਰਦਾ ਹੈ। ਪੋਹਾ ਖਾਣ ਦੇ ਫਾਇਦੇ - ਭਾਰ ਘਟਾਉਣ ‘ਚ ਮਦਦਗਾਰ: ਫਾਈਬਰ ਅਤੇ ਆਇਰਨ ਨਾਲ ਭਰਪੂਰ ਪੋਹੇ ‘ਚ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ, ਇਸ ਲਈ ਇਸਨੂੰ  ਖਾਣ ਨਾਲ ਭਾਰ ਨਹੀਂ ਵਧਦਾ।

ਇਕ ਕੌਲੀ ਪੋਹੇ ‘ਚ ਲਗਭਗ 206 ਕੈਲੋਰੀ ਹੁੰਦੀ ਹੈ। ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਪੋਹੇ ‘ਚ ਆਲੂ ਅਤੇ ਮੂੰਗਫਲੀ ਦੀ ਬਜਾਏ ਪਿਆਜ਼, ਹਰੀ ਮਿਰਚ, ਟਮਾਟਰ ਅਤੇ ਹੋਰ ਸਬਜ਼ੀਆਂ ਪਾਓ।

ਊਰਜਾ ਨਾਲ ਭਰਪੂਰ: ਸਵੇਰੇ ਦੇ ਨਾਸ਼ਤੇ ‘ਚ ਪੋਹਾ ਖਾਣ ਨਾਲ ਸਰੀਰ ‘ਚ ਦੁਪਿਹਰ ਦੇ ਖਾਣੇ ਤੱਕ ਐਨਰਜ਼ੀ ਬਣੀ ਰਹਿੰਦੀ ਹੈ ਅਤੇ ਇਸ ਦੀ ਵਰਤੋਂ ਨਾਲ ਪਾਚਨ ਕਿਰਿਆ ਸਹੀ ਹੁੰਦੀ ਹੈ। ਜੇਕਰ ਇਸ ‘ਚ ਸੋਇਆਬੀਨ, ਸੁੱਕੇ ਮੇਵੇ ਅਤੇ ਆਂਡਾ ਮਿਲਾ ਕੇ ਖਾਧਾ ਜਾਵੇ ਤਾਂ ਇਸ ਨਾਲ ਸਰੀਰ ਨੂੰ ਵਿਟਾਮਿਨ ਦੇ ਨਾਲ ਪ੍ਰੋਟੀਨ ਵੀ ਮਿਲੇਗਾ।

ਭੁੱਖ ਨੂੰ ਕੰਟਰੋਲ ਕਰਦਾ ਹੈ: ਪੋਹਾ ਨਾ ਸਿਰਫ ਪਚਾਉਣ ‘ਚ ਆਸਾਨ ਹੈ ਸਗੋਂ ਤੁਹਾਨੂੰ ਲੰਬੇ ਸਮੇਂ ਤੱਕ ਭਰਿਆ ਹੋਇਆ ਮਹਿਸੂਸ ਕਰਵਾਉਂਦਾ ਹੈ, ਜਿਸ ਨਾਲ ਤੁਸੀਂ ਜ਼ਿਆਦਾ ਖਾਣ ਤੋਂ ਬਚ ਜਾਂਦੇ ਹੋ।

ਸ਼ੂਗਰ ‘ਚ ਫਾਇਦੇਮੰਦ: ਪੋਹਾ ਖਾਣ ਨਾਲ ਸ਼ੂਗਰ ਰੋਗੀ ਨੂੰ ਭੁੱਖ ਘੱਟ ਲੱਗਦੀ ਹੈ ਅਤੇ ਉਨ੍ਹਾਂ ਦਾ ਬਲੱਡ ਪ੍ਰੈੱਸ਼ਰ ਨਾਰਮਲ ਰਹਿੰਦਾ ਹੈ। ਉੱਧਰ ਇਹ ਖੂਨ ਦੇ ਪ੍ਰਵਾਹ ‘ਚ ਸ਼ੂਗਰ ਦੀ ਮਾਤਰਾ ਨੂੰ ਹੌਲੀ-ਹੌਲੀ ਰਿਲੀਜ਼ ਕਰਨ ‘ਚ ਮਦਦ ਕਰਦਾ ਹੈ, ਜਿਸ ਨਾਲ ਸ਼ੂਗਰ ਵਧਦੀ ਨਹੀਂ।