Weather : 1970 ਤੋਂ ਬਾਅਦ ਇਸ ਸਾਲ ਜੂਨ ਤੋਂ ਅਗੱਸਤ ਤੱਕ ਦੂਜਾ ਸਭ ਤੋਂ ਗਰਮ ਮੌਸਮ ਰਿਹਾ : ਰਿਪੋਰਟ

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

ਦੇਸ਼ ਦੀ ਇਕ ਤਿਹਾਈ ਤੋਂ ਵੱਧ ਆਬਾਦੀ ਨੂੰ ਇਸ ਸਮੇਂ ਦੌਰਾਨ ਘੱਟੋ-ਘੱਟ ਸੱਤ ਦਿਨਾਂ ਦੀ ਅਤਿਅੰਤ ਗਰਮੀ ਦਾ ਸਾਹਮਣਾ ਕਰਨਾ ਪਿਆ

Weather

Weather : ਅਮਰੀਕਾ ਸਥਿਤ ਜਲਵਾਯੂ ਵਿਗਿਆਨੀਆਂ ਅਤੇ ਸੰਚਾਰਕਾਂ ਦੇ ਇਕ ਸਮੂਹ ਦੀ ਇਕ ਨਵੀਂ ਰੀਪੋਰਟ ਮੁਤਾਬਕ ਭਾਰਤ ਨੇ 1970 ਤੋਂ ਬਾਅਦ ਇਸ ਸਾਲ ਜੂਨ ਤੋਂ ਅਗੱਸਤ ਵਿਚ ਦੂਜਾ ਸਭ ਤੋਂ ਗਰਮ ਮੌਸਮ ਦਾ ਅਨੁਭਵ ਕੀਤਾ। ਦੇਸ਼ ਦੀ ਇਕ ਤਿਹਾਈ ਤੋਂ ਵੱਧ ਆਬਾਦੀ ਨੂੰ ਇਸ ਸਮੇਂ ਦੌਰਾਨ ਘੱਟੋ-ਘੱਟ ਸੱਤ ਦਿਨਾਂ ਦੀ ਅਤਿਅੰਤ ਗਰਮੀ ਦਾ ਸਾਹਮਣਾ ਕਰਨਾ ਪਿਆ।

ਕਲਾਈਮੇਟ ਸੈਂਟਰਲ ਦੀ ਰੀਪੋਰਟ ’ਚ ਕਿਹਾ ਗਿਆ ਹੈ ਕਿ ਜਲਵਾਯੂ ਪਰਿਵਰਤਨ ਕਾਰਨ ਇਨ੍ਹਾਂ ਤਿੰਨ ਮਹੀਨਿਆਂ ਦੌਰਾਨ 29 ਦਿਨਾਂ ਦਾ ਤਾਪਮਾਨ ਸ਼ਾਇਦ ਤਿੰਨ ਗੁਣਾ ਜ਼ਿਆਦਾ ਰਿਹਾ। ਇਸ ’ਚ ਕਿਹਾ ਗਿਆ ਹੈ, ‘‘ਜੂਨ ਤੋਂ ਅਗੱਸਤ 2024 ਤਕ ਦਾ ਸਮਾਂ ਘੱਟੋ-ਘੱਟ 1970 ਤੋਂ ਬਾਅਦ ਭਾਰਤ ਦਾ ਦੂਜਾ ਸੱਭ ਤੋਂ ਗਰਮ ਸਮਾਂ ਸੀ।’’

ਰੀਪੋਰਟ ਮੁਤਾਬਕ ਇਸ ਸਮੇਂ ਦੌਰਾਨ ਦਖਣੀ ਏਸ਼ੀਆ ’ਚ ਜਲਵਾਯੂ ਪਰਿਵਰਤਨ ਕਾਰਨ ਤਾਪਮਾਨ ਤੋਂ ਪੀੜਤ ਲੋਕਾਂ ਦੀ ਸੱਭ ਤੋਂ ਵੱਧ ਗਿਣਤੀ ਭਾਰਤ ਤੋਂ ਸੀ। ਰੀਪੋਰਟ ’ਚ ਕਿਹਾ ਗਿਆ ਹੈ ਕਿ ਘੱਟੋ-ਘੱਟ 60 ਦਿਨਾਂ ’ਚ 2.05 ਕਰੋੜ ਤੋਂ ਜ਼ਿਆਦਾ ਲੋਕ ਜਲਵਾਯੂ ਪਰਿਵਰਤਨ ਕਾਰਨ ਗਰਮ ਲਹਿਰ ਦੇ ਸੰਪਰਕ ’ਚ ਆਏ ਹਨ।

ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਦੇ ਅਨੁਸਾਰ, ਭਾਰਤ ਨੇ ਇਸ ਗਰਮੀ ’ਚ 536 ਦਿਨਾਂ ਦੀ ਲੂ ਦਾ ਅਨੁਭਵ ਕੀਤਾ, ਜੋ 14 ਸਾਲਾਂ ’ਚ ਸੱਭ ਤੋਂ ਵੱਧ ਹੈ। ਵਿਭਾਗ ਦੇ ਅਨੁਸਾਰ, ਜੂਨ ਦਾ ਮਹੀਨਾ 1901 ਤੋਂ ਉੱਤਰ-ਪਛਮੀ ਖੇਤਰ ’ਚ ਦਰਜ ਕੀਤਾ ਗਿਆ ਸੀ।