Beauty Tips: ਆਂਵਲਾ ਤੇਲ ’ਚ ਮਿਲਾ ਕੇ ਲਗਾਉ ਇਹ ਚੀਜ਼ਾਂ, ਕੁੱਝ ਹੀ ਦਿਨਾਂ ’ਚ ਹੋ ਜਾਣਗੇ ਤੁਹਾਡੇ ਕਾਲੇ ਤੇ ਸੰਘਣੇ ਵਾਲ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

Beauty Tips: ਅਸਲ ’ਚ ਆਂਵਲੇ ਦੇ ਤੇਲ ’ਚ ਵਿਟਾਮਿਨ ਸੀ ਤੇ ਐਂਟੀਆਕਸੀਡੈਂਟ ਭਰਪੂਰ ਮਾਤਰਾ ’ਚ ਪਾਏ ਜਾਂਦੇ ਹਨ, ਜੋ ਵਾਲਾਂ ਨੂੰ ਜੜ੍ਹਾਂ ਤੋਂ ਮਜ਼ਬੂਤ ਕਰਦੇ ਹਨ।

Apply these things mixed with amla oil

ਹਰ ਕੋਈ ਅਪਣੇ ਵਾਲਾਂ ਨੂੰ ਕਾਲੇ, ਲੰਬੇ, ਸੰਘਣੇ ਤੇ ਸੁੰਦਰ ਬਣਾਉਣਾ ਚਾਹੁੰਦਾ ਹੈ। ਇਸ ਲਈ ਉਹ ਵੱਖ-ਵੱਖ ਤਰ੍ਹਾਂ ਦੇ ਤੇਲ ਵਾਲੇ ਸ਼ੈਂਪੂ ਦੀ ਵਰਤੋਂ ਕਰਦੇ ਹਨ, ਜਦੋਂ ਕਿ ਜੇਕਰ ਤੁਸੀਂ ਵੀ ਇਸੇ ਸਮੱਸਿਆ ਤੋਂ ਪ੍ਰੇਸ਼ਾਨ ਹੋ ਤੇ ਅਪਣੇ ਵਾਲਾਂ ਨੂੰ ਸੰਘਣਾ, ਲੰਬੇ ਤੇ ਚਮਕਦਾਰ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਂਵਲੇ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ, ਇਹ ਤੁਹਾਡੇ ਲਈ ਬਹੁਤ ਵਧੀਆ ਹੱਲ ਹੋ ਸਕਦਾ ਹੈ। ਅਸਲ ’ਚ ਆਂਵਲੇ ਦੇ ਤੇਲ ’ਚ ਵਿਟਾਮਿਨ ਸੀ ਤੇ ਐਂਟੀਆਕਸੀਡੈਂਟ ਭਰਪੂਰ ਮਾਤਰਾ ’ਚ ਪਾਏ ਜਾਂਦੇ ਹਨ, ਜੋ ਵਾਲਾਂ ਨੂੰ ਜੜ੍ਹਾਂ ਤੋਂ ਮਜ਼ਬੂਤ ਕਰਦੇ ਹਨ। ਅੱਜ ਅਸੀਂ ਤੁਹਾਡੇ ਵਾਲਾਂ ਨੂੰ ਮਜ਼ਬੂਤ ਕਰਨ ਲਈ ਅਜਿਹਾ ਆਸਾਨ ਤੇ ਪ੍ਰਭਾਵਸ਼ਾਲੀ ਨੁਸਖ਼ੇ ਲੈ ਕੇ ਆਏ ਹਾਂ ਜਿਸ ਨਾਲ ਤੁਸੀਂ ਅਪਣੇ ਵਾਲਾਂ ਨੂੰ ਕਾਲੇ ਤੇ ਮਜ਼ਬੂਤ ਬਣਾ ਸਕਦੇ ਹੋ। 

ਦਸਣਯੋਗ ਹੈ ਕਿ ਮੇਥੀ ਦੇ ਬੀਜਾਂ ’ਚ ਪ੍ਰੋਟੀਨ ਤੇ ਨਿਕੋਟਿਨਿਕ ਐਸਿਡ ਹੁੰਦਾ ਹੈ, ਜੋ ਵਾਲਾਂ ਦੀਆਂ ਜੜ੍ਹਾਂ ਨੂੰ ਪੋਸ਼ਣ ਦਿੰਦਾ ਹੈ ਤੇ ਵਾਲਾਂ ਦੇ ਵਿਕਾਸ ਨੂੰ ਤੇਜ਼ ਕਰਦਾ ਹੈ। ਮੇਥੀ ਦੇ ਬੀਜਾਂ ਨੂੰ ਆਂਵਲੇ ਦੇ ਤੇਲ ਵਿਚ ਮਿਲਾ ਕੇ ਲਾਉਣ ਨਾਲ ਵਾਲਾਂ ਦੇ ਝੜਨ ਦੀ ਸਮੱਸਿਆ ਵੀ ਘੱਟ ਹੋ ਜਾਂਦੀ ਹੈ। ਇਸ ਦੀ ਵਰਤੋਂ ਕਰਨ ਲਈ 2-3 ਚਮਚ ਮੇਥੀ ਦੇ ਦਾਣੇ ਲੈ ਕੇ ਰਾਤ ਭਰ ਭਿਉਂ ਕੇ ਰੱਖ ਦਿਉ। ਅਗਲੀ ਸਵੇਰ ਇਸ ਨੂੰ ਪੀਸ ਕੇ ਆਂਵਲੇ ਦੇ ਤੇਲ ’ਚ ਮਿਲਾ ਕੇ ਵਾਲਾਂ ਦੀਆਂ ਜੜ੍ਹਾਂ ’ਤੇ ਚੰਗੀ ਤਰ੍ਹਾਂ ਲਾਉ, 30-40 ਮਿੰਟ ਲਈ ਰੱਖੋ ਤੇ ਫਿਰ ਹਲਕੇ ਸ਼ੈਂਪੂ ਨਾਲ ਧੋ ਲਵੋ।

ਐਲੋਵੇਰਾ ਵਾਲਾਂ ਦੀ ਨਮੀ ਨੂੰ ਬਰਕਰਾਰ ਰੱਖਣ ’ਚ ਮਦਦ ਕਰਦਾ ਹੈ ਤੇ ਖੋਪੜੀ ਦੀ ਸੋਜ ਨੂੰ ਘੱਟ ਕਰਦਾ ਹੈ, ਐਲੋਵੇਰਾ ਜੈਲ ਨੂੰ ਆਂਵਲੇ ਦੇ ਤੇਲ ’ਚ ਮਿਲਾ ਕੇ ਲਾਉਣ ਨਾਲ ਵਾਲਾਂ ਦੇ ਵਿਕਾਸ ’ਚ ਸੁਧਾਰ ਹੁੰਦਾ ਹੈ। ਐਲੋਵੇਰਾ ਦੇ ਤਾਜ਼ੇ ਪੱਤੇ ਤੋਂ ਜੈੱਲ ਕੱਢ ਕੇ ਆਂਵਲੇ ਦੇ ਤੇਲ ’ਚ ਮਿਲਾਉ, ਇਸ ਮਿਸ਼ਰਣ ਨੂੰ ਵਾਲਾਂ ਦੀਆਂ ਜੜ੍ਹਾਂ ’ਚ ਲਾਉ ਤੇ ਹਲਕੇ ਹੱਥਾਂ ਨਾਲ ਮਾਲਿਸ਼ ਕਰੋ, ਇਸ ਨੂੰ 1 ਘੰਟੇ ਲਈ ਛੱਡ ਦਿਉ ਤੇ ਫਿਰ ਵਾਲਾਂ ਨੂੰ ਧੋ ਲਉ।

ਕੜ੍ਹੀ ਪੱਤੇ ਵਾਲਾਂ ਦੇ ਕੁਦਰਤੀ ਰੰਗ ਨੂੰ ਬਣਾਈ ਰੱਖਣ ’ਚ ਮਦਦਗਾਰ ਹੁੰਦੇ ਹਨ ਤੇ ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਸਲੇਟੀ ਹੋਣ ਤੋਂ ਰੋਕਦੇ ਹਨ, ਕੜ੍ਹੀ ਪੱਤੇ ਨੂੰ ਆਂਵਲੇ ਦੇ ਤੇਲ ’ਚ ਮਿਲਾ ਕੇ ਲਾਉਣ ਨਾਲ ਵਾਲਾਂ ਦਾ ਵਿਕਾਸ ਵਧਦਾ ਹੈ ਤੇ ਵਾਲ ਸੰਘਣੇ ਹੁੰਦੇ ਹਨ। ਇਸ ਦੀ ਵਰਤੋਂ ਕਰਨ ਲਈ ਆਂਵਲੇ ਦੇ ਤੇਲ ਵਿਚ ਕੱੁਝ ਕੜ੍ਹੀ ਪੱਤੇ ਗਰਮ ਕਰੋ, ਜਦੋਂ ਕੜ੍ਹੀ ਪੱਤੇ ਕਾਲੇ ਹੋਣ ਲੱਗ ਜਾਣ ਤਾਂ ਤੇਲ ਨੂੰ ਛਾਣ ਕੇ ਠੰਢਾ ਹੋਣ ’ਤੇ ਵਾਲਾਂ ਦੀਆਂ ਜੜ੍ਹਾਂ ਵਿਚ ਹਫ਼ਤੇ ਵਿਚ 2-3 ਵਾਰ ਮਾਲਿਸ਼ ਕਰੋ। ਇਸ ਨੂੰ ਅਕਸਰ ਮਾਲਸ਼ ਕਰਨਾ ਯਕੀਨੀ ਬਣਾਉ।