Beauty Tips: ਘਰੇਲੂ ਨੁਸਖ਼ਿਆਂ ਨਾਲ ਦੂਰ ਕਰੋ ਚਿਹਰੇ ਦੇ ਅਣਚਾਹੇ ਵਾਲ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

Beauty Tips: ਅਣਚਾਹੇ ਵਾਲ ਚਿਹਰੇ ’ਤੇ ਹੋਣ ਜਾਂ ਸਰੀਰ ਦੇ ਹੋਰ ਹਿੱਸਿਆਂ ’ਤੇ, ਖ਼ੂਬਸੂਰਤੀ ਦੇ ਰਸਤੇ ’ਚ ਰੋੜੇ ਦਾ ਕੰਮ ਕਰਦੇ ਹਨ

photo

ਅਣਚਾਹੇ ਵਾਲ ਚਿਹਰੇ ’ਤੇ ਹੋਣ ਜਾਂ ਸਰੀਰ ਦੇ ਹੋਰ ਹਿੱਸਿਆਂ ’ਤੇ, ਖ਼ੂਬਸੂਰਤੀ ਦੇ ਰਸਤੇ ’ਚ ਰੋੜੇ ਦਾ ਕੰਮ ਕਰਦੇ ਹਨ। ਖ਼ਾਸ ਕਰ ਕੇ ਲੜਕੀਆਂ ਇਨ੍ਹਾਂ ਅਣਚਾਹੇ ਵਾਲਾਂ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੀਆਂ ਹਨ। ਸਰੀਰ ’ਤੇ ਅਣਚਾਹੇ ਵਾਲਾਂ ਦੀ ਬਹੁ-ਗਿਣਤੀ ਲਈ ਐਂਡਰੋਜਨ ਹਾਰਮੋਨ ਜ਼ਿੰਮੇਵਾਰ ਹੁੰਦਾ ਹੈ। ਮਰਦਾਂ ’ਚ ਐਂਡਰੋਜਨ ਅਤੇ ਔਰਤਾਂ ’ਚ ਆਸਟਰੋਜਨ ਹਾਰਮੋਨ ਦੀ ਮਾਤਰਾ ਵੱਧ ਹੁੰਦੀ ਹੈ। ਜਦੋਂ ਇਨ੍ਹਾਂ ਦਾ ਸੰਤੁਲਨ ਵਿਗੜਦਾ ਹੈ ਉਦੋਂ ਅਣਚਾਹੇ ਵਾਲਾਂ ਦੀ ਪ੍ਰੇਸ਼ਾਨੀ ਸਾਹਮਣੇ ਆਉਂਦੀ ਹੈ। ਇਸ ਨੂੰ ਹਟਾਉਣ ਲਈ ਉਹ ਵੈਕਸਿੰਗ, ਥਰੈਡਿੰਗ, ਲੇਜ਼ਰ ਸਰਜਰੀ ਆਦਿ ਦਾ ਸਹਾਰਾ ਲੈਂਦੀਆਂ ਹਨ, ਨਾਲ ਹੀ ਚਿਹਰੇ ’ਤੇ ਆਏ ਅਣਚਾਹੇ ਵਾਲਾਂ ਨੂੰ ਲੁਕਾਉਣ ਲਈ ਬਲੀਚਿੰਗ ਵੀ ਕਰਦੀਆਂ ਹਨ। ਅੱਪਰ ਲਿਪਸ ਅਤੇ ਠੋਡੀ ’ਤੇ ਆਏ ਵਾਲ ਕਾਫ਼ੀ ਬੁਰੇ ਲਗਦੇ ਹਨ। ਇਸੇ ਪ੍ਰੇਸ਼ਾਨੀ ਦੇ ਕਾਰਨ ਕਈ ਲੜਕੀਆਂ ਡਿਪ੍ਰੈਸ਼ਨ ਦਾ ਸ਼ਿਕਾਰ ਵੀ ਹੋ ਜਾਂਦੀਆਂ ਹਨ। 

ਜੇਕਰ ਤੁਸੀਂ ਵੀ ਅਣਚਾਹੇ ਵਾਲਾਂ ਦੀ ਪ੍ਰੇਸ਼ਾਨੀ ਨਾਲ ਜੂਝ ਰਹੇ ਹੋ ਤਾਂ ਘਬਰਾਉ ਨਾ ਕਿਉਂਕਿ ਕੱੁਝ ਘਰੇਲੂ ਨੁਸਖ਼ੇ ਤੁਹਾਡੀ ਇਸ ਪ੍ਰੇਸ਼ਾਨੀ ਨੂੰ ਜੜ੍ਹ ਤੋਂ ਖ਼ਤਮ ਕਰ ਸਕਦੇ ਹਨ। ਤੁਹਾਨੂੰ ਇਸ ਲਈ ਬਿਊਟੀ ਪਾਰਲਰ ’ਚ ਜਾ ਕੇ ਪੈਸੇ ਖ਼ਰਚ ਕਰਨ ਦੀ ਲੋੜ ਨਹੀਂ ਹੈ ਸਗੋਂ ਤੁਸੀਂ ਘਰ ਬੈਠੇ ਰਸੋਈ ਵਿਚ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਨਾਲ ਇਨ੍ਹਾਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਸਕਦੇ ਹੋ।

ਹੋਰ ਤਾਂ ਹੋਰ ਇਨ੍ਹਾਂ ਘਰੇਲੂ ਨੁਕਤਿਆਂ ਦਾ ਕੋਈ ਨੁਕਸਾਨ ਵੀ ਨਹੀਂ ਹੈ। 2 ਚਮਚੇ ਵੇਸਣ, 1 ਚਾਰਕੋਲ ਕੈਪਸੂਲ ਅਤੇ 3 ਚਮਚੇ ਗੁਲਾਬ ਜਲ ਨੂੰ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਪੇਸਟ ਤਿਆਰ ਕਰ ਲਵੋ। ਫਿਰ ਇਸ ਨੂੰ ਚਿਹਰੇ ਦੇ ਉਨ੍ਹਾਂ ਹਿੱਸਿਆਂ ’ਤੇ ਲਗਾਉ, ਜਿਥੇ ਅਣਚਾਹੇ ਵਾਲ ਹਨ। ਜਦੋਂ ਪੇਸਟ ਸੁਕ ਜਾਵੇ ਤਾਂ ਇਸ ਨੂੰ ਰਗੜ ਕੇ ਉਤਾਰੋ। ਇਸ ਨਾਲ ਅਣਚਾਹੇ ਵਾਲ ਉਤਰ ਜਾਣਗੇ। ਜੇਕਰ ਤੁਸੀਂ ਕੈਪਸੂਲ ਦੀ ਵਰਤੋਂ ਵੀ ਨਹੀਂ ਕਰਨਾ ਚਾਹੁੰਦੇ ਤਾਂ ਵੇਸਣ ਵਿਚ ਇਕ ਚਮਚ ਦਹੀਂ ਅਤੇ ਇਕ ਚੁਟਕੀ ਹਲਦੀ ਮਿਲਾ ਕੇ ਪੇਸਟ ਬਣਾਉ ਅਤੇ ਅਣਚਾਹੇ ਵਾਲਾਂ ’ਤੇ ਲਗਾਉ। ਕੁੱਝ ਦਿਨ ਅਜਿਹਾ ਲਗਾਤਾਰ ਕਰੋ, ਤੁਹਾਨੂੰ ਫ਼ਰਕ ਦਿਖਾਈ ਦੇਵੇਗਾ।

ਖੰਡ ਅਤੇ ਨਿੰਬੂ ਨੂੰ ਬਰਾਬਰ ਮਾਤਰਾ ਵਿਚ ਲਵੋ ਅਤੇ ਚੰਗੀ ਤਰ੍ਹਾਂ ਮਿਲਾ ਕੇ ਗਾੜ੍ਹੀ ਪੇਸਟ ਤਿਆਰ ਕਰ ਲਵੋ। ਜੇ ਖੰਡ ਚੰਗੀ ਤਰ੍ਹਾਂ ਨਹੀਂ ਘੁਲੀ ਤਾਂ ਇਸ ਵਿਚ ਥੋੜ੍ਹਾ ਪਾਣੀ ਮਿਲਾ ਕੇ ਹਲਕਾ ਗਰਮ ਕਰੋ। ਪੇਸਟ ਨੂੰ ਠੰਢਾ ਕਰਨ ਤੋਂ ਬਾਅਦ ਅਣਚਾਹੇ ਵਾਲਾਂ ਵਾਲੀ ਥਾਂ ’ਤੇ ਲਗਾਉ। 20 ਮਿੰਟ ਲੱਗਾ ਰਹਿਣ ਦਿਉ, ਫਿਰ ਪਾਣੀ ਨਾਲ ਧੋ ਲਵੋ।

ਲੋੜ ਮੁਤਾਬਕ ਪਪੀਤੇ ਨੂੰ ਛੋਟੇ ਪੀਸਾਂ ’ਚ ਕੱਟ ਕੇ ਚੰਗੀ ਤਰ੍ਹਾਂ ਮੈਸ਼ ਕਰ ਲਵੋ। ਇਸ ’ਚ ਇਕ ਚੁਟਕੀ ਹਲਦੀ ਮਿਲਾਉ। ਇਸ ਪੇਸਟ ਨਾਲ 15 ਮਿੰਟ ਚਿਹਰੇ ਦੀ ਮਸਾਜ ਕਰੋ। ਅਜਿਹਾ ਹਫ਼ਤੇ ਵਿਚ ਦੋ ਵਾਰ ਕਰੋ। ਇਕ ਜਾਂ ਦੋ ਚਮਚੇ ਹਲਦੀ ਨੂੰ ਦੁੱਧ ਜਾਂ ਫਿਰ ਗੁਲਾਬ ਜਲ ’ਚ ਮਿਲਾ ਕੇ ਗਾੜ੍ਹੀ ਪੇਸਟ ਬਣਾ ਲਵੋ। ਇਸ ਪੇਸਟ ਨੂੰ ਪ੍ਰਭਾਵਤ ਥਾਂ ’ਤੇ 15-20 ਮਿੰਟ ਲੱਗਾ ਰਹਿਣ ਦਿਉ। ਜਦੋਂ ਇਹ ਸੁਕ ਜਾਵੇ ਤਾਂ ਪਾਣੀ ਨਾਲ ਇਸ ਨੂੰ ਧੋ ਲਵੋ।