ਕੋਰੋਨਾ ਵਾਇਰਸ : ਘਰੋਂ ਕੰਮ ਕਰਨ ਦੇ ਪੰਜ ਤਰੀਕੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਘਾਤਕ ਰੂਪ ਧਾਰ ਚੁੱਕੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ 'ਚ ਤਹਿਲਕਾ ਮਚਾਇਆ ਹੋਇਆ

File Photo

ਘਾਤਕ ਰੂਪ ਧਾਰ ਚੁੱਕੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ 'ਚ ਤਹਿਲਕਾ ਮਚਾਇਆ ਹੋਇਆ ਹੈ ਅਤੇ ਜ਼ਿਆਦਾਤਰ ਦਫ਼ਤਰ ਅਪਣੇ ਮੁਲਾਜ਼ਮਾਂ ਨੂੰ ਘਰ ਤੋਂ ਹੀ ਕੰਮ ਕਰਨ ਲਈ ਕਹਿ ਰਹੇ ਹਨ ਤਾਕਿ ਇਸ ਵਿਸ਼ਾਣੂ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਭਾਵੇਂ ਅੱਜ ਦੇ ਸਮੇਂ 'ਚ ਘਰ ਤੋਂ ਕੰਮ ਕਰਨਾ ਕੋਈ ਨਵੀਂ ਗੱਲ ਨਹੀਂ ਪਰ ਕਈ ਅਜਿਹੇ ਲੋਕ ਹਨ ਜੋ ਇਹ ਨਹੀਂ ਜਾਣਦੇ ਕਿ ਦਫ਼ਤਰ ਤੋਂ ਦੂਰ ਰਹਿ ਕੇ ਕਿਸ ਤਰ੍ਹਾਂ ਕੰਮ ਕੀਤਾ ਜਾ ਸਕਦਾ ਹੈ। ਹੇਠਾਂ ਉਨ੍ਹਾਂ ਲਈ ਕਈ ਕੰਪਿਊਟਰ ਪ੍ਰੋਗਰਾਮ ਹਨ ਜੋ ਪੇਸ਼ੇਵਰਾਂ ਨੂੰ ਘਰ 'ਚ ਰਹਿੰਦਿਆਂ ਹੀ ਆਸਾਨੀ ਨਾਲ ਕੰਮ ਕਰਨ 'ਚ ਮਦਦ ਕਰਦੇ ਹਨ।

ਸਲੈਕ: ਇਹ ਪ੍ਰੋਗਰਾਮ ਤੁਹਾਨੂੰ ਕੰਪਿਊਟਰ ਰਾਹੀਂ ਅਪਣੀ ਟੀਮ ਨਾਲ ਘਰ 'ਚੋਂ ਹੀ ਇੰਟਰਨੈੱਟ ਰਾਹੀਂ ਵਿਚਾਰ-ਵਟਾਂਦਰਾ ਕਰਨ ਅਤੇ ਇਸ ਗੱਲਬਾਤ ਨੂੰ ਵਿਸ਼ੇ, ਪ੍ਰਾਜੈਕਟ ਜਾਂ ਕੰਮ ਨਾਲ ਸਬੰਧਤ ਕਿਸੇ ਵੀ ਚੀਜ਼ ਦੇ ਆਧਾਰ 'ਤੇ ਸਾਂਭਣ 'ਚ ਮਦਦ ਕਰਦਾ ਹੈ। ਸਲੈਕ ਰਾਹੀਂ ਤੁਸੀਂ ਕੰਪਿਊਟਰ ਫ਼ਾਈਲਾਂ ਨੂੰ ਆਸਾਨੀ ਨਾਲ ਇਕ-ਦੂਜੇ 'ਚ ਸਾਂਝਾ ਕਰ ਸਕਦੇ ਹੋ

ਅਤੇ ਉਨ੍ਹਾਂ 'ਚ ਤਬਦੀਲੀਆਂ ਕਰ ਸਕਦੇ ਹੋ। ਇਸ ਨਾਲ ਤੁਸੀਂ ਟਵਿੱਟਰ, ਗੂਗਲ ਡਰਾਈਵਰ, ਸੇਲਜ਼ਫ਼ੋਰਸ ਅਤੇ ਡਰਾਪਬਾਕਸ ਵਰਗੀਆਂ ਸੇਵਾਵਾਂ ਨਾਲ ਵੀ ਜੋੜ ਸਕਦੇ ਹੋ। ਏਨੀਆਂ ਸਾਰੀਆਂ ਵਿਸ਼ੇਸ਼ਤਾਵਾਂ ਨਾਲ ਇਹ ਪ੍ਰੋਗਰਾਮ ਤੁਹਾਨੂੰ ਘਰ ਤੋਂ ਆਸਾਨੀ ਨਾਲ ਅਪਣਾ ਕੰਮ ਨੇਪਰੇ ਚਾੜ੍ਹਨ 'ਚ ਮਦਦ ਕਰਦਾ ਹੈ।

ਫ਼ਲੋਕ: ਕਾਰੋਬਾਰੀ ਸੰਦੇਸ਼ ਭੇਜਣ ਅਤੇ ਟੀਮ ਨੂੰ ਆਪਸ 'ਚ ਕੰਮ ਕਰਨ ਦੀ ਸਹੂਲਤ ਦੇਣ ਵਾਲਾ ਇਹ ਕੰਪਿਊਟਰ ਪ੍ਰੋਗਰਾਮ ਪ੍ਰਯੋਗਕਰਤਾਵਾਂ ਨੂੰ ਨਵੇਂ ਵਿਚਾਰਾਂ 'ਤੇ ਗੱਲਬਾਤ ਕਰਨ, ਸੂਚਨਾਵਾਂ ਸਾਂਝੀਆਂ ਕਰਨ, ਟੀਮ ਨੂੰ ਕੰਮ ਦੇਣ ਅਤੇ ਉਸ 'ਤੇ ਹੋਏ ਕੰਮ ਦੇ ਅੰਕੜੇ ਇਕੱਠੇ ਕਰ ਸਕਦਾ ਹੈ। ਤੁਸੀਂ ਅਪਣੇ ਸਹਿਯੋਗੀਆਂ ਅਤੇ ਪੂਰੀ ਟੀਮ ਨਾਲ ਇਕ-ਦੂਜੇ ਜਾਂ ਸਾਰਿਆਂ ਨੂੰ ਸੰਦੇਸ਼ ਭੇਜ ਸਕਦੇ ਹੋ।

ਇਹ ਸੰਚਾਰ ਧਿਆਨ ਦੇਣ ਯੋਗ ਪੱਖਾਂ 'ਦੇ ਕੇਂਦਰ ਕਰਨ ਲਈ ਫ਼ਲੋਕ ਤੁਹਾਨੂੰ ਪ੍ਰਾਜੈਕਟਾਂ ਲਈ ਵੱਖੋ-ਵੱਖ ਚੈਨਲ, ਵਿਭਾਗ ਜਾਂ ਵਿਸ਼ੇ ਬਣਾਉਣ ਦੀ ਆਜ਼ਾਦੀ ਦਿੰਦਾ ਹੈ। ਇਸ ਰਾਹੀਂ ਤੁਸੀਂ ਫ਼ਾਈਲਾਂ ਦਾ ਲੈਣ-ਦੇਣ ਕਰ ਸਕਦੇ ਹੋ, ਵੀਡੀਉ ਅਤੇ ਆਡੀਉ ਕਾਲ ਵੀ ਕਰ ਸਕਦੇ ਹੋ। ਇਹ ਪ੍ਰਯੋਗ ਕਰਨ ਲਈ ਮੁਫ਼ਤ 'ਚ ਮਿਲਦਾ ਹੈ।

ਮਾਈਕ੍ਰੋਸਾਫ਼ਟ ਟੀਮਜ਼: ਇਸ ਪ੍ਰੋਗਰਾਮ ਰਾਹੀਂ ਤੁਸੀਂ ਇਕੋ ਥਾਂ 'ਤੇ ਟੀਮ ਵਿਚਕਾਰ ਹੋਈ ਗੱਲਬਾਤ, ਫ਼ਾਈਲਾਂ, ਮੀਟਿੰਗਾਂ ਨੂੰ ਸਾਂਭ ਕੇ ਰੱਖ ਸਕਦੇ ਹੋ ਅਤੇ ਇਸ ਨੂੰ ਅਪਣੇ ਮੋਬਾਈਲ ਫ਼ੋਨ 'ਚ ਕਿਤੇ ਵੀ ਵੇਖ ਸਕਦੇ ਹੋ। ਮਾਈਕ੍ਰੋਸਾਫ਼ਟ ਟੀਮਜ਼ ਨਾਲ ਤੁਸੀਂ ਅਪਣੀ ਟੀਮ ਦੇ ਪ੍ਰਾਜੈਕਟਸ ਨੂੰ ਕਿਸੇ ਥਾਂ ਤੋਂ ਵੀ ਸੰਭਾਲ ਸਕਦੇ ਹੋ, ਅਪਣੇ ਟੀਮ ਮੈਂਬਰਾਂ ਨਾਲ ਆਹਮੋ-ਸਾਹਮਣੇ ਗੱਲਬਾਤ ਕਰ ਸਕਦੇ ਹੋ ਅਤੇ ਇਥੋਂ ਤਕ ਕਿ ਮੀਟਿੰਗਾਂ 'ਚ ਵੀ ਹਾਜ਼ਰ ਰਹਿ ਸਕਦੇ ਹੋ। ਤੁਸੀਂ ਕਿਸੇ ਨਾਲ ਨਿਜੀ ਜਾਂ ਗਰੁੱਪ 'ਚ ਸੰਦੇਸ਼ ਭੇਜ ਸਕਦੇ ਹੋ ਅਤੇ ਪੂਰੀ ਟੀਮ ਨਾਲ ਰਾਬਤਾ ਬਣਾ ਸਕਦੇ ਹੋ। ਇਹ ਪ੍ਰੋਗਰਾਮ ਤੁਹਾਡੇ ਕੰਮ ਨੂੰ ਹੈਕਰਾਂ ਤੋਂ ਉੱਚ ਸੁਰੱਖਿਆ ਵੀ ਦਿੰਦਾ ਹੈ।

ਟੀਮਵੀਵਰ: ਇਸ ਪ੍ਰੋਗਰਾਮ ਨਾਲ ਤੁਸੀਂ ਕਿਸੇ ਦੇ ਵੀ ਕੰਪਿਊਟਰ, ਮੋਬਾਈਲ ਫ਼ੋਨ ਜਾਂ ਟੈਬਲੇਟ ਦੀ ਸਕ੍ਰੀਨ ਨੂੰ ਕਿਤੋਂ ਵੀ ਵੇਖ ਸਕਦੇ ਹੋ ਅਤੇ ਉਸ ਦੀਆਂ ਸਾਰੀਆਂ ਫ਼ਾਈਲਾਂ ਤਕ ਪਹੁੰਚ ਸਕਦੇ ਹੋ। ਇਸ ਦੀ ਮਦਦ ਨਾਲ ਤੁਸੀਂ ਕਿਸੇ ਵੀ ਕੰਪਿਊਟਰ 'ਤੇ ਕੰਮ ਕਰ ਸਕਦੇ ਹੋ।

ਗੋ-ਟੂ-ਮੀਟਿੰਗ: ਇਹ ਐਪ ਤੁਹਾਨੂੰ ਮੁਫ਼ਤ 'ਚ ਕੋਈ ਵੀ ਮੀਟਿੰਗ ਕਰਨ ਦੀ ਸਹੂਲਤ ਦਿੰਦੀ ਹੈ। ਇਸ ਰਾਹੀਂ ਤੁਸੀਂ ਆਸਾਨੀ ਨਾਲ ਮੀਟਿੰਗ 'ਚ ਕਿਸੇ ਨਾਲ ਵੀ ਅਪਣੇ ਕੰਪਿਊਟਰ ਦੀ ਸਕ੍ਰੀਨ ਸਾਂਝੀ ਕਰਰ ਸਕਦੇ ਹੋ ਅਤੇ ਆਉਣ ਵਾਲੀ ਮੀਟਿੰਗ ਬਾਰੇ ਜਾਣਕਾਰੀ ਲੈ ਸਕਦੇ ਹੋ। ਇਸ ਨਾਲ ਤੁਸੀਂ ਘਰ ਬੈਠੇ ਕੰਮ ਕਰ ਸਕਦੇ ਹੋ ਅਤੇ ਅਪਣੇ ਟੀਮ ਮੈਂਬਰਾਂ ਨਾਲ ਇੰਟਰਨੈੱਟ ਰਾਹੀਂ ਸੰਪਰਕ 'ਚ ਵੀ ਰਹਿ ਸਕਦੇ ਹੋ। ਇਨ੍ਹਾਂ ਪ੍ਰੋਗਰਾਮਾਂ ਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ ਅਤੇ ਘਰ 'ਚ ਰਹਿ ਕੇ ਹੀ ਸੁਰੱਖਿਅਤ ਤਰੀਕੇ ਨਾਲ ਅਪਣੇ ਕੰਮ ਨੂੰ ਅੰਜਾਮ ਦੇ ਸਕਦੇ ਹੋ।