ਸੰਗ੍ਰਹਿਣੀ (ਆਈ.ਬੀ.ਐਸ) ਰੋਗ ਕੀ ਹੈ ਤੇ ਇਸ ਤੋਂ ਬਚਾਅ
ਸੰਗ੍ਰਹਿਣੀ ਅਰਥਾਤ ਸਦਾ ਸੰਗ ਰਹਿਣ ਵਾਲੀ ਬੀਮਾਰੀ, ਮਸਾਲੇਦਾਰ ਤੇ ਚਟਪਟੀਆਂ ਚੀਜ਼ਾਂ ਖਾਣ ਨਾਲ ਹੀ ਹੁੰਦੀ ਹੈ
ਸੰਗ੍ਰਹਿਣੀ ਅਰਥਾਤ ਸਦਾ ਸੰਗ ਰਹਿਣ ਵਾਲੀ ਬੀਮਾਰੀ, ਮਸਾਲੇਦਾਰ ਤੇ ਚਟਪਟੀਆਂ ਚੀਜ਼ਾਂ ਖਾਣ ਨਾਲ ਹੀ ਹੁੰਦੀ ਹੈ ਜਿਸ ਨਾਲ ਰੋਗੀ ਨੂੰ ਵਾਰ-ਵਾਰ ਪਖ਼ਾਨਾ ਜਾਣਾ ਪੈਂਦਾ ਹੈ। ਮੱਲ ਵਿਚ ਚਿਕਨਾਹਟ ਆਉਂਦੀ ਹੈ। ਇੰਜ ਲਗਦਾ ਜਿਵੇਂ ਪੇਟ ਪੂਰੀ ਤਰ੍ਹਾਂ ਸਾਫ਼ ਨਾ ਹੋਇਆ ਹੋਵੇ ਜੇਕਰ ਇਹ ਕਦੇ-ਕਦੇ ਹੋਵੇ ਤਾਂ ਕੋਈ ਗੱਲ ਨਹੀਂ, ਜੇਕਰ ਇਹ 2-3 ਵਾਰ ਹੁੰਦਾ ਹੈ ਤਾਂ ਰੋਗ ਹੈ। ਜੇਕਰ ਖਾਣਾ-ਖਾਣ ਤੋਂ ਬਾਅਦ ਇਹ ਹੁੰਦਾ ਹੈ ਤਾਂ ਪਾਚਨ ਤੰਤਰ ਤੇ ਲਿਵਰ ਵਿਚ ਗੜਬੜ ਹੈ। ਜ਼ਿਆਦਾਤਰ ਲੋਕ ਇਸ ਵਲ ਧਿਆਨ ਨਹੀਂ ਦਿੰਦੇ ਤੇ ਭੋਜਨ ਮਨ ਮਰਜ਼ੀ ਨਾਲ ਖਾਂਦੇ ਹਨ। ਐਲੋਪੈਥਿਕ ਡਾਕਟਰ ਇਸ ਨੂੰ ਆਈ.ਬੀ.ਐਸ. ਕਹਿੰਦੇ ਹਨ।
ਇਸ ਰੋਗ ਨਾਲ ਵੱਡੀ ਆਂਦਰ ਪ੍ਰਭਾਵਤ ਹੁੰਦੀ ਹੈ। ਪੇਟ ਅੰਦਰ ਆਏ ਭੋਜਨ ਨੂੰ ਪਚਣ ਤੋਂ ਪਹਿਲਾਂ ਹੀ ਅੱਗੇ ਧੱਕ ਦਿੰਦੀ ਹੈ। ਸਾਨੂੰ ਪਤਾ ਹੋਣਾ ਚਾਹੀਦੈ ਕਿ ਅਪਣਾ ਭੋਜਨ ਟੁੱਟ ਕੇ ਰਸ ਵਾਂਗ ਪਤਲਾ ਹੋਣ ਤੋਂ ਬਾਅਦ ਛੋਟੀ ਆਂਦਰ ਵਿਚ ਜਾਂਦਾ ਹੈ। ਛੋਟੀ ਆਂਦਰ ਵਿਚ ਵੀ 3 ਦਰਵਾਜ਼ੇ ਹੁੰਦੇ ਹਨ। ਤਿੰਨ ਦਰਵਾਜ਼ੇ ਡਿਉਡੇਨਮ, ਜੇਜੁਨਮ ਤੇ ਇਲੀਅਮ ਜਿਥੇ ਭੋਜਨ ਪੂਰੀ ਤਰ੍ਹਾਂ ਪਚਦਾ ਹੈ ਤੇ ਪਚੇ ਹੋਏ ਭੋਜਨ ਦਾ ਨਿਕਾਸ ਹੁੰਦਾ ਹੈ। ਨਿਕਾਸ ਤੋਂ ਬਾਅਦ ਜਿਹੜਾ ਭਾਗ ਨਹੀਂ ਪਚਦਾ ਉਹ ਵੱਡੀ ਆਂਦਰ ਵਿਚ ਚਲਾ ਜਾਂਦਾ ਹੈ। ਵੱਡੀ ਆਂਦਰ ਉਸ ਵਿਚੋਂ ਪਾਣੀ ਚੂਸ ਲੈਂਦੀ ਹੈ।
ਇਸ ਪਾਚਣਕ੍ਰਿਆ ਤੋਂ ਅਣ-ਪਚਿਆ ਭੋਜਨ ਅਰਧ ਠੋਸ ਹੋ ਜਾਂਦਾ ਹੈ। ਵੱਡੀ ਆਂਦਰ ਦੇ ਸਿਰੇ ਵਿਚ ਜਾ ਕੇ ਮਲਾਸ਼ਯ ਵਿਚ ਇਕੱਠਾ ਹੋ ਜਾਂਦਾ ਹੈ। ਆਈ.ਬੀ.ਐੱਸ. ਨੂੰ ਆਯੂਰਵੈਦ ਵਿਚ ਸੰਗ੍ਰਹਿਣੀ ਕਿਹਾ ਗਿਆ ਹੈ। ਗ਼ਲਤ ਖਾਣ ਪੀਣ ਨਾਲ ਭੋਜਨ ਪਚਾਉਣ ਵਾਲੀ ਅਗਨੀ ਵਿਗੜ ਜਾਂਦੀ ਹੈ। ਅਗਨੀ ਦਾ ਮਤਲਬ ਭੋਜਨ ਨੂੰ ਪਚਾਉਣ ਵਾਲੇ ਅੰਜ਼ਾਈਮ ਤੋਂ ਹੈ, ਜੋ ਇਸ ਸਥਿਤੀ ਵਿਚ ਠੀਕ ਨਹੀਂ ਬਣਦੇ। ਭੋਜਨ ਛੋਟੀ ਆਂਦਰ ਵਿਚ ਪਿਆ ਰਹਿਣ ਕਰ ਕੇ ਆਂ ਬਣਦੀ ਹੈ ਤੇ ਉਹ ਪਖ਼ਾਨੇ ਨਾਲ ਮਿਲ ਕੇ ਬਾਹਰ ਨਿਕਲਦੀ ਹੈ।
ਇਹ ਸੰਗ੍ਰਹਿਣੀ ਵਾਲੇ ਰੋਗੀ ਵਿਚ ਆਮ ਗੱਲ ਹੈ। ਜੇਕਰ ਇਹ ਲੰਮੇ ਸਮੇਂ ਤਕ ਚਲਦਾ ਰਿਹਾ ਤਾਂ ਇਹ ਕੱਚਾ ਰਸ ਸਾਰੇ ਸ੍ਰੀਰ ਵਿਚ ਫੈਲਣ ਲਗਦਾ ਹੈ ਤੇ ਜੋੜਾਂ ਵਿਚ ਜਾ ਕੇ ਜੰਮਣ ਲਗਦਾ ਹੈ, ਜੋ ਯੂਰਿਕ ਐਸਿਡ ਅਖਵਾਉਂਦਾ ਹੈ ਜਿਸ ਨਾਲ ਗਠੀਆ, ਜੋੜਾਂ ਦਾ ਦਰਦ ਸ਼ੁਰੂ ਹੋ ਜਾਂਦਾ ਹੈ। ਇਥੇ ਧਿਆਨ ਦੇਣ ਵਾਲੀ ਗੱਲ ਹੈ ਕਿ ਸ੍ਰੀਰ ਵਿਚ ਸੱਤ ਧਾਤੂਆਂ ਹਨ ਜਿਵੇਂ ਕਿ : ਰਸ, ਰਕਤ, ਮਾਸ, ਮੇਦ, ਅਸਥੀ, ਮਜਾ, ਵੀਰਜ ਦੀ ਪ੍ਰਕਿਰਿਆ ਚਲਦੀ ਹੈ ਤਾਂ ਪਹਿਲੀ ਗੱਲ ਰਸ ਧਾਤੂ ਅਰਥਾਤ ਪਾਚਨ ਕਿਰਿਆ ਠੀਕ ਨਹੀਂ ਹੁੰਦੀ, ਰਸ ਠੀਕ ਨਹੀਂ ਬਣਦਾ ਤਾਂ ਹੀ ਸ੍ਰੀਰ ਵਿਚ ਵਾਤ ਦਾ ਨਿਰਮਾਣ ਹੁੰਦਾ ਹੈ।
ਇਹ ਸੱਭ ਸ੍ਰੀਰ ਦੀ ਅਗਨੀ ਵਿਗੜਨ ਨਾਲ ਹੁੰਦਾ ਹੈ। ਖਾਣ ਪੀਣ ਨਾਲ ਵਿਗੜਨਾ ਤਾਂ ਹੈ ਹੀ ਪਰ ਆਯੁਰਵੈਦ ਦੁਆਰਾ ਦੱਸੇ 14 ਵੇਗਾਂ ਨੂੰ ਰੋਕਣ ਤੇ ਵੀ ਅਗਨੀ ਵਿਗੜ ਜਾਂਦੀ ਹੈ। ਮਲ ਰੋਕਣਾ, ਪੇਸ਼ਾਬ ਰੋਕਣਾ, ਨੀਂਦ ਆਉਣ ਤੇ ਨਾ ਸੌਣਾ, ਨਿੱਛ ਆਉਣ ਤੇ ਰੋਕਣਾ, ਉਬਾਸੀ ਨੂੰ ਰੋਕਣਾ, ਵੀਰਜ ਰੋਕ ਕੇ ਰਖਣਾ ਅਜਿਹੇ ਕੁੱਲ ਮਿਲਾ ਕੇ 14 ਵੇਗਾਂ ਨੂੰ ਰੋਕਣਾ ਸ੍ਰੀਰ ਨੂੰ ਵਿਗਾੜਨਾ ਹੈ ਜਿਸ ਨੂੰ ਵੀ ਇਹ ਰੋਗ ਹੈ, ਉਹ ਦਵਾਈਆਂ ਦੇ ਪਿੱਛੇ ਨਾ ਪੈ ਕੇ ਭੋਜਨ ਦੀ ਆਦਤ ਨੂੰ ਸੁਧਾਰੇ ਕਿਉਂਕਿ ਇਹ ਕੋਈ ਰੋਗ ਨਹੀਂ ਹੈ। ਖਾਣਾ ਪੀਣਾ ਗ਼ਲਤ ਤੇ ਦਿਨ ਭਰ ਦੇ ਗ਼ਲਤ ਕੰਮ ਕਰਨਾ ਹੈ। ਸੰਗ੍ਰਹਿਣੀ 4 ਪ੍ਰਕਾਰ ਦੀ ਹੁੰਦੀ ਹੈ ਜਦੋਂ ਤਕ ਆਪਾਂ ਨੂੰ ਕਿਸਮ ਨਹੀਂ ਪਤਾ ਤਾਂ ਇਲਾਜ ਵੀ ਸਹੀ ਨਹੀਂ ਹੁੰਦਾ। ਵਾਤਜ ਸੰਗ੍ਰਹਿਣੀ, ਕਫ਼ਜ਼ ਸੰਗ੍ਰਹਿਣੀ ਤੇ ਸੰਨੀਪਾਤਜ ਸੰਗ੍ਰਹਿਣੀ।
ਇਲਾਜ :- 1. ਬੇਲ ਫੱਲ ਖਾਉ, ਸ਼ਰਬਤ ਲਉ। ਬੇਲ ਦਾ ਸੁੱਕਾ ਗੁੱਦਾ 50 ਗ੍ਰਾਮ, ਸੁੰਢ 50 ਗ੍ਰਾਮ ਦੋਹਾਂ ਨੂੰ ਮਿਲਾਉ। ਉਸ ਵਿਚ 200 ਗ੍ਰਾਮ ਪੁਰਾਣਾ ਗੁੜ ਮਿਲਾਉ। ਇਥੇ ਜ਼ਰੂਰੀ ਗੱਲ ਇਹ ਹੈ ਕਿ ਸੱਭ ਨੂੰ ਗੁੜ ਨੂੰ ਘਰਾਂ ਵਿਚ ਕਿਸੇ ਵਿਚ ਰੱਖ ਕੇ ਇਕ ਸਾਲ ਤਕ ਪੁਰਾਣਾ ਜ਼ਰੂਰ ਕਰਨਾ ਚਾਹੀਦਾ ਹੈ। ਇਹ ਗੁੜ ਬਹੁਤ ਗੁਣਕਾਰੀ ਹੋ ਜਾਂਦਾ ਹੈ। ਭਾਵ ਇਸ ਦੇ ਗੁਣਾਂ ਵਿਚ ਹੋਰ ਵੀ ਵਾਧਾ ਹੁੰਦਾ ਹੈ। ਬੇਲ, ਸੁੰਢ, ਗੁੜ ਨੂੰ ਮਿਲਾ ਕੇ ਮਟਰ ਬਰਾਬਰ ਗੋਲੀਆਂ ਬਣਾਉ। ਇਕ-ਇਕ ਗੋਲੀ ਸਵੇਰੇ-ਸ਼ਾਮ ਲੈ ਕੇ ਉਪਰੋਂ ਲੱਸੀ ਪੀ ਲਉ।
2) ਪੱਕੇ ਅੰਬ ਦਾ ਰਸ 50 ਮਿ.ਲੀ., ਦਹੀ ਮਿੱਠਾ 25 ਗ੍ਰਾਮ, 1 ਚਮਚ ਸੁੰਢ ਮਿਲਾ ਕੇ ਸਵੇਰੇ-ਸ਼ਾਮ ਜਾਂ ਤਿੰਨ ਵਾਰ ਦਿਨ ਵਿਚ ਲਉ। ਜੇਕਰ ਖ਼ੂਨ ਆਉਂਦਾ ਹੈ ਤਾਂ ਸਤਾਵਰੀ 10 ਗ੍ਰਾਮ ਸਵੇਰੇ-ਸ਼ਾਮ ਮਿਸ਼ਰੀ ਮਿਲਾ ਕੇ ਦੁਧ ਨਾਲ ਲਉ।
3) ਇਕ ਕਟੋਰੀ ਦਹੀ 2 ਚਮਚ ਇਸਬਗੋਲ ਮਿਲਾਉ ਜਿਸ ਨਾਲ ਮੱਲ ਬੰਨ੍ਹ ਕੇ ਆਉਂਦਾ ਹੈ। ਆਪਾਂ ਨੂੰ ਅਸਲ ਭੁੱਖ ਦਿਨ ਵਿਚ ਦੋ ਵਾਰ ਹੀ ਲਗਦੀ ਹੈ ਜਦੋਂ ਤੇਜ਼ ਭੁੱਖ ਲੱਗੇ ਉਦੋਂ ਹੀ ਖਾਉੇ ਤੇ ਰੱਜ ਕੇ ਨਾ ਖਾਉ।
4) ਫਟਕੜੀ ਖਿੱਲ ਕੀਤੀ ਹੋਈ ਦੋ ਚੁਟਕੀ ਸੋਨਾ ਗੇਰੂ ਦੋ ਚੁਟਕੀ ਮਿਲਾ ਕੇ ਦਹੀ ਨਾਲ ਸਵੇਰੇ ਸ਼ਾਮ ਲਉ। ਜੇ ਪਖ਼ਾਨੇ ਵਿਚ ਖ਼ੂਨ ਆਉਂਦਾ ਹੋਵੇ ਤਾਂ ਇਹ ਦਵਾਈ ਲਉ।
5) ਜੰਗੀ ਹਰੜ ਤੇ ਬੇਲਗਿਰੀ 60 ਗ੍ਰਾਮ ਦੇਸੀ ਘੀ ਵਿਚ ਹਲਕੀ-ਹਲਕੀ ਭੁੰਨ ਲਉ। ਅੱਧਾ ਚਮਚ ਤਿੰਨ ਵਾਰ ਹਲਕੀ ਪਤਲੀ ਰੋਟੀ ਤੇ ਦਹੀ ਨਾਲ ਲਉ।
6) ਬੇਲਗਿਰੀ 100 ਗ੍ਰਾਮ ਕੂੜਾ ਛਾਲ 100 ਗ੍ਰਾਮ (ਇਹ ਪੰਸਾਰੀ ਤੋਂ ਮਿਲਦਾ ਹੈ) ਮਿਲਾ ਕੇ ਪਾਊਡਰ ਬਣਾਉ। 1-1 ਚਮਚ ਦਹੀ ਵਿਚ ਮਿਲਾ ਕੇ ਲਉ। ਖ਼ੁਰਾਕ ਵਿਚ ਦਹੀ ਹੀ ਖਾਣਾ ਹੈ। ਇਨ੍ਹਾਂ ਵਿਚੋਂ ਕੋਈ ਵੀ ਇਕ ਫ਼ਾਰਮੂਲਾ ਤੁਸੀ ਵਰਤ ਸਕਦੇ ਹੋ। ਵਾਹਿਗੁਰੂ ਤੁਹਾਨੂੰ ਰੋਗਾਂ ਤੋਂ ਬਚਾਵੇ, ਮੈਂ ਇਹੀ ਕਾਮਨਾ ਕਰਦਾ ਹਾਂ।
ਸੰਪਰਕ : 98726-10005