ਸਬਜ਼ੀਆਂ ਨੂੰ ਕੱਟਣ ਤੋਂ ਬਾਅਦ ਕਿਵੇਂ ਕਰੀਏ ਸਾਂਭ-ਸੰਭਾਲ, ਆਉ ਜਾਣਦੇ ਹਾਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਕਟਾਈ ਤੋਂ ਬਾਅਦ ਇਨ੍ਹਾਂ ਦੀ ਗ਼ਲਤ ਸਾਂਭ-ਸੰਭਾਲ ਕਾਰਨ ਹੀ 9-25 ਫ਼ੀ ਸਦੀ ਸਬਜ਼ੀਆਂ ਖ਼ਤਮ ਹੋ ਜਾਂਦੀਆਂ ਹਨ।

Let's know how to take care of vegetables after cutting

 

 ਚੰਡੀਗੜ੍ਹ : ਕਟਾਈ ਉਪਰੰਤ ਸਬਜ਼ੀਆਂ ਦੀ ਸਾਂਭ-ਸੰਭਾਲ ਬਹੁਤ ਮਹੱਤਵਪੂਰਨ ਹੈ। ਸਫ਼ਾਈ, ਗਰੇਡਿੰਗ, ਪੈਕਿੰਗ ਕਰਨਾ, ਕੱਟਣ ਦਾ ਸਮਾਂ ਅਤੇ ਢੋਆ-ਢੁਆਈ ਸਮੇਂ ਸੁਚੇਤ ਰਹਿਣਾ ਅਤਿਅੰਤ ਜ਼ਰੂਰੀ ਹੈ। ਕਟਾਈ ਤੋਂ ਬਾਅਦ ਇਨ੍ਹਾਂ ਦੀ ਗ਼ਲਤ ਸਾਂਭ-ਸੰਭਾਲ ਕਾਰਨ ਹੀ 9-25 ਫ਼ੀ ਸਦੀ ਸਬਜ਼ੀਆਂ ਖ਼ਤਮ ਹੋ ਜਾਂਦੀਆਂ ਹਨ। ਚੰਗੀ ਸਾਂਭ-ਸੰਭਾਲ ਦੇ ਤਰੀਕੇ ਅਪਣਾਉਣ ਨਾਲ ਸਬਜ਼ੀਆਂ ਦਾ ਗਲਣਾ-ਸੜਨਾ ਘਟਾ ਸਕਦੇ ਹਾਂ ਤੇ ਚੰਗੇ ਮੰਡੀਕਰਨ ਨਾਲ ਕਿਸਾਨਾਂ ਦੀ ਆਮਦਨ ਕਾਫ਼ੀ ਵਧ ਸਕਦੀ ਹੈ। ਜੇਕਰ ਮੰਡੀ ਦੀਆਂ ਲੋੜਾਂ ਪੂਰੀਆਂ ਹੋ ਜਾਣ ਤਾਂ ਕਿਸਾਨਾਂ ਨੂੰ ਕਾਫ਼ੀ ਚੰਗੀ ਆਮਦਨ ਹੋ ਸਕਦੀ ਹੈ। ਮੰਡੀਕਰਨ ਦਾ ਸਹੀ ਸਮਾਂ ਤੇ ਸਬਜ਼ੀਆਂ ਦੀ ਸਹੀ ਕੁਆਲਟੀ ਦਾ ਇਸ ’ਤੇ ਕਾਫ਼ੀ ਅਸਰ ਪੈ ਸਕਦਾ ਹੈ।

 

 

ਖਪਤਕਾਰ ਅਨੁਸਾਰ ਸਬਜ਼ੀਆਂ ਦੀ ਸਹੀ ਕੁਆਲਟੀ ਬਹੁਤ ਸਾਰੇ ਗੁਣਾਂ ਨਾਲ ਹੀ ਬਣਦੀ ਹੈ। ਦੇਖਣ ਵਿਚ ਸਹੀ ਲੱਗਣ ਦੇ ਨਾਲ ਨਾਲ ਸਬਜ਼ੀਆਂ ’ਚੋਂ ਸਹੀ ਖ਼ੁਸ਼ਬੂ ਸਦਾ ਹੀ ਖਪਤਕਾਰ ਨੂੰ ਖ਼ੁਸ਼ ਕਰਦੀ ਹੈ ਜਿਸ ਕਾਰਨ ਖ਼ਰੀਦਦਾਰੀ ਵਧਦੀ ਹੈ ਤੇ ਕਿਸਾਨ ਨੂੰ ਸਹੀ ਕੀਮਤ ਮਿਲ ਸਕਦੀ ਹੈ। ਸਬਜ਼ੀ ਉਗਾਉਣ ਵਾਸਤੇ ਸਹੀ ਤਕਨੀਕਾਂ ਦਾ ਇਸਤੇਮਾਲ ਸਬਜ਼ੀ ਦੀ ਸੁਰੱਖਿਅਤਾ ਵਧਾਉਂਦਾ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਵਾਸਤੇ ਫ਼ਸਲ ਬਾਰੇ ਸਹੀ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਫ਼ਸਲ ਨੂੰ ਖੇਤ ’ਚੋਂ ਕੱਟਣ ਤੋਂ ਬਾਅਦ ਵੀ ਇਹ ਜਿਉਂਦੀਆਂ ਹੁੰਦੀਆਂ ਹਨ, ਮਤਲਬ ਕਿ ਇਹ ਸਾਹ ਵੀ ਲੈਂਦੀਆਂ ਹਨ, ਅਰਥਾਤ ਇਨ੍ਹਾਂ ਦੀ ਰੈਸਪੀਰੇਸ਼ਨ ਹੁੰਦੀ ਹੈ। ਐਥਲੀਨ ਗੈਸ ਬਣਨ ਨਾਲ ਇਨ੍ਹਾਂ ਦੀ ਮਿਆਦ ਵਧਦੀ ਹੈ।

 

 

 

ਇਹ ਸਬਜ਼ੀਆਂ ਛੋਟੇ ਜੀਵਾਣੂਆਂ ਦਾ ਭੋਜਨ ਵੀ ਹੈ ਜਿਸ ਕਾਰਨ ਇਹ ਜਲਦੀ ਖ਼ਰਾਬ ਹੋ ਜਾਂਦੀਆਂ ਹਨ ਤੇ ਮਨੁੱਖੀ ਬਿਮਾਰੀ ਦਾ ਕਾਰਨ ਬਣਦੀਆਂ ਹਨ। ਜ਼ਿਆਦਾ ਪੱਕ ਜਾਣ, ਪੀਲਾ ਹੋ ਜਾਣ ਕਾਰਨ ਇਸ ਦੀ ਕੁਆਲਟੀ ਘੱਟ ਹੋ ਜਾਂਦੀ ਹੈ। ਇਸ ਚੀਜ਼ ਨੂੰ ਘਟਾਉਣ ਲਈ ਖੇਤ ਤੋਂ ਮੰਡੀ ਤਕ ਸਾਰੀਆਂ ਕਿਰਿਆਵਾਂ ਦੀ ਕਾਰਜਸ਼ੀਲਤਾ ਨੂੰ ਸੁਧਾਰਨ ਦੀ ਕਾਫ਼ੀ ਲੋੜ ਹੁੰਦੀ ਹੈ।

ਇਨ੍ਹਾਂ ਵਿਚ ਸੁਧਰੇ ਤੇ ਸਹੀ ਸਾਂਭ-ਸੰਭਾਲ ਤੇ ਤਰੀਕੇ ਹੁੰਦੇ ਹਨ ਜਿਵੇਂ ਕਿ ਸਬਜ਼ੀ ਨੂੰ ਸਾਫ਼ ਕਰਨਾ, ਗਰੇਡਿੰਗ ਕਰਨਾ, ਕੀੜਿਆਂ ਤੋਂ ਬਚਾਉਣਾ, ਸਹੀ ਢੰਗ ਨਾਲ ਪੈਕ ਕਰਨਾ ਅਤੇ ਸਹੀ ਤਾਪਮਾਨ ’ਤੇ ਸਟੋਰ ਕਰਨਾ, ਇਸ ਤੋਂ ਇਲਾਵਾ ਮੰਡੀ ਤਕ ਪਹੁੰਚਾਉਣ ਵਾਸਤੇ ਟਰੱਕ ’ਚ ਲੱਦਣ ਦਾ ਤਰੀਕਾ, ਟਰੱਕ ’ਚੋਂ ਲਾਹੁਣ ਦਾ ਤਰੀਕਾ ਬਹੁਤ ਹੀ ਮਹੱਤਤਾ ਰਖਦੇ ਹਨ।

 

ਕੱਟਣ ਤੋਂ ਬਾਅਦ ਫ਼ਸਲ ਦੀ ਗੁਣਵੱਤਾ ਨਹੀਂ ਵਧਾਈ ਜਾ ਸਕਦੀ। ਇਸ ਕਰ ਕੇ ਇਸ ਨੂੰ ਸਹੀ ਸਮੇਂ ਹੀ ਕੱਟਣ ਦੀ ਜ਼ਰੂਰਤ ਹੁੰਦੀ ਹੈ। ਕੱਚੀਆਂ ਜਾਂ ਪੱਕੀਆਂ ਸਬਜ਼ੀਆਂ ਬਹੁਤ ਘੱਟ ਸਮੇਂ ਤਕ ਠੀਕ ਰਹਿੰਦੀਆਂ ਹਨ ਜਿਵੇਂ ਕਿ ਟਮਾਟਰ ਸਦਾ ਹੀ ਪੀਲੇ ਰੰਗ ਦਾ ਤੋੜ ਕੇ ਦੂਰ ਵਾਲੀ ਮੰਡੀ ਲਈ ਪੈਕ ਕਰਨਾ ਚਾਹੀਦਾ ਹੈ ਤਾਕਿ ਜਦੋਂ ਇਹ ਮੰਡੀ ਵਿਚ ਪਹੁੰਚੇ ਤਾਂ ਪੂਰਾ ਲਾਲ ਹੋ ਜਾਵੇ। ਕਰੇਲੇ, ਖੀਰਾ, ਬੈਂਗਣ ਤੇ ਭਿੰਡੀ ਦੀ ਫ਼ਸਲ ਸਦਾ ਪੂਰੇ ਅਕਾਰ ਤੇ ਨਰਮ ਕੱਟੀ ਜਾਣੀ ਚਾਹੀਦੀ ਹੈ। ਕਰੇਲਾ, ਖੀਰਾ ਤੇ ਪੱਤਿਆਂ ਵਾਲੀਆਂ ਸਬਜ਼ੀਆਂ ਜਦੋਂ ਪੀਲੀਆਂ ਹੋ ਜਾਣ ਤਾਂ ਇਸ ਦਾ ਮਤਲਬ ਇਹ ਹੈ ਕਿ ਇਹ ਪੱਕੇ ਹਨ। ਇਸ ਤਰ੍ਹਾਂ ਸਖ਼ਤ ਬੈਂਗਣ ਦਾ ਮਤਲਬ ਕਿ ਇਹ ਪੱਕਿਆ ਹੋਇਆ ਹੈ। ਸਖ਼ਤ ਗੋਭੀ ਚੰਗੀ ਕੁਆਲਿਟੀ ਦੀ ਮੰਨੀ ਜਾਂਦੀ ਹੈ। ਜ਼ਿਆਦਾ ਪੱਕੀ ਹੋਈ ਗੋਭੀ ਵਿਚ ਤਰੇੜਾਂ ਆ ਜਾਂਦੀਆਂ ਹਨ।

ਕੱਟਣ ਦਾ ਸਮਾਂ : ਸਬਜ਼ੀ ਸਦਾ ਸਵੇਰ ਵੇਲੇ ਹੀ ਕੱਟਣੀ ਚਾਹੀਦੀ ਹੈ। ਜਦੋਂ ਕਿ ਇਸ ਵਿਚ ਫ਼ੀਲਡ ਹੀਟ (ਖੇਤ ਦੀ ਗਰਮੀ) ਘੱਟ ਹੁੰਦੀ ਹੈ। ਦੁਪਹਿਰ ਵੇਲੇ ਕੱਟੀ ਸਬਜ਼ੀ ਵਿਚ ਫ਼ੀਲਡ ਹੀਟ ਜ਼ਿਆਦਾ ਹੋਵੇਗੀ ਜਿਸ ਨੂੰ ਪੈਕ ਕਰਨ ਤੋਂ ਪਹਿਲਾਂ ਕੱਢਣਾ ਜ਼ਰੂਰੀ ਹੋ ਜਾਂਦਾ ਹੈ, ਨਹੀਂ ਤਾਂ ਇਹ ਛੇਤੀ ਖ਼ਰਾਬ ਹੋ ਜਾਵੇਗੀ। ਬਾਰਸ਼ ਪੈਣ ਤੋਂ ਬਾਅਦ ਕਦੇ ਵੀ ਫ਼ਸਲ ਦੀ ਤੋੜ-ਤੁੜਾਈ ਨਾ ਕਰੋ ਕਿਉਂਕਿ ਗਿੱਲੀ ਫ਼ਸਲ ਜਲਦੀ ਖ਼ਰਾਬ ਹੋ ਜਾਂਦੀ ਹੈ ਅਤੇ ਫਿਰ ਇਸ ਨੂੰ ਧੋ ਕੇ ਸੁਕਾਉਣ ਦੀ ਜ਼ਰੂਰਤ ਹੁੰਦੀ ਹੈ।
ਖੇਤ ’ਚ ਸਾਂਭ-ਸੰਭਾਲ: ਜੇਕਰ ਹਰ ਕਿਰਿਆ ਜਿਵੇਂ ਕਿ ਤੋੜਨਾ, ਛਾਂਟਣਾ, ਪੈਕ ਕਰਨਾ ਤੇ ਬਾਅਦ ’ਚ ਗੱਡੀ ਵਿਚ ਲੱਦਣਾ ਆਦਿ ਲੋੜੀਂਦੇ ਸੰਦਾਂ ਤੇ ਸਮਾਨ ਨਾਲ ਕੀਤੀ ਜਾਵੇ ਤਾਂ ਕਟਾਈ ਤੋਂ ਬਾਅਦ ਹੋਣ ਵਾਲਾ ਫ਼ਸਲ ਦਾ ਨੁਕਸਾਨ ਕਾਫ਼ੀ ਘੱਟ ਜਾਂਦਾ ਹੈ। ਦੂਰ ਦੀਆਂ ਮੰਡੀਆਂ ’ਚ ਭੇਜਣ ਵਾਸਤੇ ਇਹ ਸਾਰੀਆਂ ਕਿਰਿਆਵਾਂ ਖੇਤ ’ਚ ਹੀ ਕਰ ਲੈਣੀਆਂ ਚਾਹੀਦੀਆਂ ਹਨ।