ਸਰਦੀ ਦੇ ਮੌਸਮ ਵਿਚ ‘ਤਿਲ’ ਰੱਖਣਗੇ ਤੁਹਾਨੂੰ ਸਿਹਤਮੰਦ
ਸਰੀਰ ਵਿਚ ਟਿਊਮਰ ਦੇ ਖ਼ਤਰੇ ਨੂੰ ਘੱਟ ਕਰ ਕੇ ਕੈਂਸਰ ਤੋਂ ਬਚਾਉਂਦਾ ਹੈ
ਮੁਹਾਲੀ: ਸਰਦੀ ਦੇ ਮੌਸਮ ’ਚ ਸਾਨੂੰ ਅਪਣੀ ਡਾਈਟ ਵਿਚ ਉਨ੍ਹਾਂ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ, ਜਿਨ੍ਹਾਂ ਦੀ ਤਾਸੀਰ ਗਰਮ ਹੋਵੇ ਅਤੇ ਜੋ ਸਾਡੀ ਬਾਡੀ ਨੂੰ ਐਨਰਜੀ ਦੇਣ। ਸਰਦੀ ਵਿਚ ਅਸੀ ਤਿਲ ਦਾ ਇਸਤੇਮਾਲ ਵੱਡੇ ਪੈਮਾਨੇ ’ਤੇ ਕਰਦੇ ਹਾਂ। ਜਿਥੇ ਤਿਲ ਤਰ੍ਹਾਂ-ਤਰ੍ਹਾਂ ਦੀਆਂ ਮਠਿਆਈਆਂ ਦਾ ਸਵਾਦ ਵਧਾਉਂਦੇ ਹਨ, ਉਥੇ ਹੀ ਸਾਨੂੰ ਐਨਰਜੀ ਵੀ ਦਿੰਦੇ ਹਨ।
ਤਿਲ ਵਿਚ ਅਜਿਹੇ ਤੱਤ ਅਤੇ ਵਿਟਾਮਿਨ ਮਿਲਦੇ ਹਨ, ਜੋ ਤਣਾਅ ਨੂੰ ਘੱਟ ਕਰਦੇ ਹਨ ਅਤੇ ਨਾਲ ਹੀ ਦਿਮਾਗ ਨੂੰ ਤੇਜ਼ ਕਰਦੇ ਹਨ। ਤਿਲ ਕਾਲਾ ਹੋਵੇ ਜਾਂ ਸਫ਼ੈਦ, ਦੋਵੇਂ ਫ਼ਾਇਦੇਮੰਦ ਹਨ। ਤਿਲ ਨਾ ਸਿਰਫ਼ ਦਿਲ ਦੀਆਂ ਮਾਸਪੇਸ਼ੀਆਂ ਦੀ ਰਖਿਆ ਕਰਦਾ ਹੈ ਬਲਕਿ ਹੱਡੀਆਂ ਨੂੰ ਵੀ ਮਜ਼ਬੂਤ ਕਰਦਾ ਹੈ। ਆਉ ਜਾਣਦੇ ਹਾਂ ਤਿਲ ਖਾਣ ਨਾਲ ਸਿਹਤ ਨੂੰ ਕੀ-ਕੀ ਫ਼ਾਇਦੇ ਹੋ ਸਕਦੇ ਹਨ।
ਤਿਲ ਵਿਚ ਪ੍ਰੋਟੀਨ, ਕੈਲਸ਼ੀਅਮ, ਆਇਰਨ, ਮਿਨਰਲਜ਼ ਤੇ ਕਾਪਰ ਜਿਹੇ ਕਈ ਪੋਸ਼ਕ ਤੱਤ ਭਰਪੂਰ ਮਾਤਰਾ ਵਿਚ ਮਿਲਦੇ ਹਨ, ਜੋ ਦਿਮਾਗ ਲਈ ਫ਼ਾਇਦੇਮੰਦ ਹਨ। ਰੋਜ਼ਾਨਾ ਤਿਲ ਦਾ ਇਸਤੇਮਾਲ ਯਾਦਸ਼ਕਤੀ ਨੂੰ ਮਜ਼ਬੂਤ ਬਣਾਉਂਦਾ ਹੈ। ਤਿਲ ਅਲਜ਼ਾਈਮਰ ਜਿਹੀਆਂ ਬੀਮਾਰੀਆਂ ਨੂੰ ਦੂਰ ਭਜਾਉਂਦਾ ਹੈ।ਤਿਲ ਦੇ ਬੀਜਾਂ ਵਿਚ ਮੌਜੂਦ ਫ਼ਾਈਬਰ ਪਾਚਨ ਨੂੰ ਦਰੁਸਤ ਰਖਦਾ ਹੈ। ਉੱਚ ਫ਼ਾਈਬਰ ਦੀ ਮਾਤਰਾ ਅੰਤੜੀਆਂ ਦੀ ਕਿਰਿਆ ਨੂੰ ਦਰੁਸਤ ਰਖਦਾ ਹੈ। ਨਾਲ ਹੀ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਦਿਵਾਉਂਦਾ ਹੈ।
ਤਿਲ ਵਿਚ ਐਂਟੀ-ਆਕਸੀਡੈਂਟ ਅਤੇ ਸੋਜ ਘਟਾਉਣ ਰੋਧਕ ਗੁਣ ਦਿਲ ਦੀ ਤੰਦਰੁਸਤੀ ਲਈ ਮੁਫ਼ੀਦ ਹੈ। ਇਨ੍ਹਾਂ ਬੀਜਾਂ ਵਿਚ ਮੋਨੋਅਨਸੈਚੁਰੇਟਿਡ ਫੈਟੀ ਐਸਿਡ ਵੀ ਮਿਲਦਾ ਹੈ। ਇਸ ਨਾਲ ਸਰੀਰ ਵਿਚ ਖ਼ਰਾਬ ਕੈਲੇਸਟਰੋਲ ਘੱਟ ਹੁੰਦਾ ਹੈ ਅਤੇ ਚੰਗਾ ਕੈਲੇਸਟਰੋਲ ਵਧਦਾ ਹੈ। ਅਸਥਮਾ ਨਾਲ ਪੀੜਤ ਲੋਕਾਂ ਲਈ ਤਿਲ ਬੇਹੱਦ ਉਪਯੋਗੀ ਹੈ। ਤਿਲ ਵਿਚ ਮੈਗਨੀਸ਼ੀਅਮ ਮਿਲਦਾ ਹੈ ਜੋ ਅਸਥਮਾ ਅਤੇ ਹੋਰ ਸਾਹ ਸਬੰਧੀ ਬੀਮਾਰੀਆਂ ਨੂੰ ਰੋਕਦਾ ਹੈ।
ਹਾਈ ਬੀਪੀ ਤੇਜ਼ੀ ਨਾਲ ਲੋਕਾਂ ਵਿਚ ਫੈਲਣ ਵਾਲੀ ਬੀਮਾਰੀ ਹੈ। ਤਿਲ ਦੇ ਇਸਤੇਮਾਲ ਨਾਲ ਹਾਈ ਬਲੱਡ ਪ੍ਰੈਸ਼ਰ ਕੰਟਰੋਲ ਵਿਚ ਰਹਿੰਦਾ ਹੈ। ਤਿਲ ਦਾ ਇਸਤੇਮਾਲ ਨਾ ਸਿਰਫ਼ ਸਿਹਤ ਲਈ ਬਲਕਿ ਵਾਲਾਂ ਲਈ ਵੀ ਫ਼ਾਇਦੇਮੰਦ ਹੈ। ਤਿਲ ਵਿਚ ਓਮੇਗਾ ਫੈਟੀ ਐਸਿਡ ਵਾਲਾਂ ਦੇ ਵਿਕਾਸ ਨੂੰ ਵਧਾਉਂਦਾ ਹੈ ਅਤੇ ਵਾਲ ਝੜਨ ਦੀ ਸਮੱਸਿਆ ਨੂੰ ਰੋਕਦਾ ਹੈ।
ਸਫੈਦ ਤਿਲ ਦੇ ਬੀਜ ਵਿਚ ਮੌਜੂਦ ਮੈਗਨੀਸ਼ੀਅਮ ਕੈਂਸਰ ਰੋਧਕ ਗੁਣਾਂ ਦੀ ਪਛਾਣ ਰਖਦਾ ਹੈ। ਤਿਲ ਵਿਚ ਕੈਂਸਰ ਰੋਧਕ ਯੌਗਿਕ ਫਾਇਟੇਟ ਵੀ ਮਿਲਦਾ ਹੈ। ਮੰਨਿਆ ਜਾਂਦਾ ਹੈ ਕਿ ਇਹ ਸਰੀਰ ਵਿਚ ਟਿਊਮਰ ਦੇ ਖ਼ਤਰੇ ਨੂੰ ਘੱਟ ਕਰ ਕੇ ਕੈਂਸਰ ਤੋਂ ਬਚਾਉਂਦਾ ਹੈ।