Health News: ‘‘ਬਾਕੀ ਦੇ ਕੰਮ ਬਾਅਦ ’ਚ, ਪਹਿਲਾਂ ਸਿਹਤ ਜ਼ਰੂਰੀ ਏ’’

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

ਬਹੁਤ ਕੁੱਝ ਬਦਲ ਚੁੱਕਾ ਹੈ। ਬੱਚੇ ਦੇਸੀ ਖਾਣ-ਪੀਣ ਛੱਡ ਕੇ ਫਾਸਟ ਫੂਡ ਵਲ ਨੂੰ ਤੁਰ ਪਏ ਹਨ ਅਤੇ ਸ੍ਰੀਰਕ ਖੇਡਾਂ ਛੱਡ ਕੇ ਕੰਪਿਊਟਰ ਗੇਮਾਂ ਖੇਡਣ ਦੇ ਸ਼ੌਕੀਨ ਬਣ ਚੁੱਕੇ ਹਨ।

File Photo

Health News: ਵੇਖਿਆ ਜਾਵੇ ਤਾਂ ਸਿਹਤ ਮਨੁੱਖ ਦੀ ਜ਼ਿੰਦਗੀ ’ਚ ਬਹੁਤ ਹੀ ਮਹੱਤਵਪੂਰਨ ਸਥਾਨ ਰਖਦੀ ਹੈ। ਜੇਕਰ ਸਾਡੀ ਸਿਹਤ ਹੀ ਠੀਕ ਨਹੀਂ ਤਾਂ ਧਨ-ਦੌਲਤ ਅਤੇ ਅਮੀਰੀ ਸਾਡੇ ਲਈ ਕੋਈ ਮਾਇਨੇ ਨਹੀਂ ਰਖਦੀ। ਅੱਜ ਤੋਂ ਤਕਰੀਬਨ 40 ਕੁ ਸਾਲ ਪਹਿਲਾਂ ਲੋਕੀ ਅੱਜ ਨਾਲੋਂ ਜ਼ਿਆਦਾ ਤੰਦਰੁਸਤ ਰਹਿੰਦੇ ਸਨ। ਉਨ੍ਹਾਂ ਦੀ ਤੰਦਰੁਸਤੀ ਦਾ ਰਾਜ਼ ਮਾਨਸਕ ਤਣਾਅ ਦਾ ਘੱਟ ਹੋਣਾ, ਦੇਸ਼ੀ ਖਾਣਾ ਪੀਣਾ, ਸਰੀਰਕ ਖੇਡਾਂ ਆਦਿ ਸੀ।

ਹੁਣ ਬਹੁਤ ਕੁੱਝ ਬਦਲ ਚੁੱਕਾ ਹੈ। ਬੱਚੇ ਦੇਸੀ ਖਾਣ-ਪੀਣ ਛੱਡ ਕੇ ਫਾਸਟ ਫੂਡ ਵਲ ਨੂੰ ਤੁਰ ਪਏ ਹਨ ਅਤੇ ਸ੍ਰੀਰਕ ਖੇਡਾਂ ਛੱਡ ਕੇ ਕੰਪਿਊਟਰ ਗੇਮਾਂ ਖੇਡਣ ਦੇ ਸ਼ੌਕੀਨ ਬਣ ਚੁੱਕੇ ਹਨ। ਸ੍ਰੀਰਕ ਕੰਮ ਬਹੁਤ ਘੱਟ ਚੁੱਕਾ ਹੈ। ਹਰ ਚੀਜ਼ ਮਿਲਾਵਟ ਵਾਲੀ ਮਿਲ ਰਹੀ ਹੈ। ਪ੍ਰਦੂਸ਼ਣ ਪਹਿਲਾਂ ਨਾਲੋਂ ਕਈ ਗੁਣਾ ਵੱਧ ਚੁੱਕਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਅੱਜ ਲੋਕ ਪਹਿਲਾਂ ਵਾਂਗ ਤੰਦਰੁਸਤ ਤੇ ਖ਼ੁਸ਼ਹਾਲ ਨਹੀਂ ਹਨ।

ਹੁਣ ਲੋਕ ਘਰਾਂ ਦੀ ਚਾਰ-ਦੀਵਾਰੀ ’ਚ ਮੋਬਾਈਲ ਦੇ ਗ਼ੁਲਾਮ ਬਣ ਗਏ ਹਨ। ਇੰਜ ਲਗਦੈ ਕਿ ਪਹਿਲਾਂ ਵਰਗਾ ਅਪਣਾਪਣ, ਖੁਲ੍ਹਾਪਣ ਅਤੇ ਭਾਈਚਾਰਾ ਕਿਧਰੇ ਗੁਆਚ ਗਿਆ ਹੈ। ਹੁਣ ਪਹਿਲਾਂ ਵਰਗੀ ਜੀਵਨ ਸ਼ੈਲੀ ਨਹੀਂ ਰਹੀ। ਇਹੀ ਕਾਰਨ ਹੈ ਕਿ ਹੁਣ ਹਰ ਵਿਅਕਤੀ ਬੀਪੀ, ਸ਼ੂਗਰ, ਕੈਂਸਰ ਵਰਗੀਆਂ ਬਿਮਾਰੀਆਂ ਨਾਲ ਜੂਝ ਰਿਹੈ। ਕਿਸੇ ਸਮੇਂ ਖੇਡਾਂ ਵਿਚ ਜਿਥੇ ਸਾਡੀ ਜਵਾਨੀ ਕਬੱਡੀ, ਕੁਸ਼ਤੀ ਦੇ ਅਖਾੜਿਆਂ ਦਾ ਸ਼ਿੰਗਾਰ ਸੀ, ਅੱਜ ਇਲੈਕਟ੍ਰਾਨਿਕ ਮੀਡੀਆ ਨੇ ਸੱਭ ਬਦਲ ਦਿਤਾ ਹੈ। ਬੱਚੇ ਵੀਡੀਉ ਗੇਮਜ਼, ਮੋਬਾਈਲ ’ਚ ਗੇਮਜ਼ ਤੇ ਕੰਪਿਊਟਰ ਦਾ ਹਿੱਸਾ ਬਣ ਗਏ ਹਨ।

ਸੈਲਫ਼ੀਆਂ ਖਿਚਦਾ ਬੰਦਾ ਸਿਰਫ਼ ਇਕੱਲੇ ਹੋਣ ਤੇ ਸਿਹਤਮੰਦ ਨਾ ਹੋਣ ਦੀ ਨਿਸ਼ਾਨੀ ਦਾ ਪ੍ਰਤੀਕ ਹੈ। ਧਨ ਸਨ ਉਹ ਸਾਡੀਆਂ ਮਾਵਾਂ, ਦਾਦੀਆਂ ਤੇ ਨਾਨੀਆਂ ਜੋ ਵੱਡੇ ਵੱਡੇ ਟੱਬਰਾਂ ਨੂੰ ਪਾਲਦੀਆਂ ਹੋਈਆਂ ਵੀ ਤੰਦਰੁਸਤ ਰਹਿਦੀਆਂ ਸਨ ਤੇ ਉਨ੍ਹਾਂ ਦੀ ਤੰਦਰੁਸਤੀ ਦਾ ਵੱਡਾ ਰਾਜ਼ ਹੱਥੀਂ ਕੰਮ ਕਰਨਾ ਸੀ। ਉਹ ਨਰਮਾ ਕਪਾਹ ਦੀਆਂ ਛਟੀਆਂ ਤੇ ਪਾਥੀਆਂ ਦੀ ਅੱਗ ਤੇ ਹੀ ਵੀਹ-ਵੀਹ ਬੰਦਿਆਂ ਦੀ ਰੋਟੀ ਬਣਾ ਲੈਂਦੀਆਂ ਸਨ ਪ੍ਰੰਤੂ ਅੱਜਕਲ ਦੀਆਂ ਬੀਬੀਆਂ ਇਕ ਦੋ ਜੀਆਂ ਦੀ ਰੋਟੀ ਗੈਸ ’ਤੇ ਬਣਾਉਣ ’ਚ ਵੀ ਆਨਾ-ਕਾਨੀ ਕਰਦੀਆਂ ਹਨ। 

ਅੱਜ ਸਾਡੇ ਘਰਾਂ ਤੋਂ ਲੌਂਗ, ਲਾਚੀ, ਸੁੰਢ ਅਜਵਾਇਣ ਗੁੰਮ ਹੋ ਰਹੇ ਹਨ। ਉਨ੍ਹਾਂ ਦੀ ਥਾਂ ਕਫ ਸਿਰਪ, ਕਰੋਸੀਨ, ਡਿਸਪਰੀਨ ਆਦਿ ਦਵਾਈਆਂ ਦੇਖੀਆਂ ਜਾ ਸਕਦੀਆਂ ਹਨ ਜੋ ਕਿ ਮਾੜੀ ਸਿਹਤ ਦਾ ਸੰਕੇਤ ਦਿੰਦੀਆਂ ਹਨ। ਅੱਜ ਦੇ ਮਰਦ ਸਮਾਜ ਨੇ ਵੀ ਹੱਥੀ ਕੰਮ ਕਰਨਾ ਘੱਟ ਕਰ ਦਿਤਾ ਹੈ ਤੇ ਲਗਭਗ ਮਸ਼ੀਨਰੀ ਤੇ ਨਿਰਭਰ ਹੋ ਚੁੱਕਾ ਹੈ। ਮਾਨਸਕ ਤੌਰ ’ਤੇ ਖੁਲ੍ਹਾਪਣ ਲਿਆਉਣਾ ਬਹੁਤ ਜ਼ਰੂਰੀ ਹੈ ਤਾਂ ਹੀ ਸਾਡੀ, ਸਮਾਜ ਅਤੇ ਦੇਸ਼ ਦੀ ਖ਼ੁਸ਼ਹਾਲੀ ਦੀ ਰਫ਼ਤਾਰ ’ਚ ਨਿਖਾਰ ਆਵੇਗਾ।

ਬੇਸ਼ੱਕ ਹੁਣ ਪਹਿਲਾਂ ਵਾਲਾ ਵਕਤ ਤਾਂ ਨਹੀਂ ਆ ਸਕਦਾ ਪਰ ਫਿਰ ਵੀ ਅਸੀਂ ਕੁੱਝ ਗੱਲਾਂ ਨੂੰ ਧਿਆਨ ’ਚ ਰਖਦੇ ਹੋਏ ਅਪਣੀ ਸਿਹਤ ਨੂੰ ਤੰਦਰੁਸਤ ਰੱਖ ਸਕਦੇ ਹਾਂ ਜਿਸ ਵਿਚ ਨੀਂਦ ਦਾ ਇਕ ਮਹੱਤਵਪੂਰਨ ਸਥਾਨ ਹੈ। ਹਰ ਸਰੀਰ ਲੋੜ ਅਨੁਸਾਰ ਨੀਂਦ ਮੰਗਦਾ ਹੈ। ਕਸਰਤ, ਯੋਗਾ ਅਤੇ ਸੈਰ ਵੀ ਸਰੀਰ ਲਈ ਜ਼ਰੂਰੀ ਹੈ। ਸਾਦਾ ਖਾਣ-ਪੀਣ, ਨਸ਼ਿਆਂ ਤੋਂ ਦੂਰ ਰਹਿਣਾ, ਹਸਣਾ, ਖੇਡਣਾ ਖ਼ੁਸ਼ ਰਹਿਣਾ ਵੀ ਤੰਦਰੁਸਤ ਸਰੀਰ ਲਈ ਜ਼ਰੂਰੀ ਹੈ। ਵੱਡੀ ਉਮਰ ਦੇ ਲੋਕਾਂ ਨੂੰ ਸਮੇਂ ਸਮੇਂ ਸਿਰ ਸਰੀਰ ਦੇ ਟੈਸਟ ਕਰਵਾਉਂਦੇ ਰਹਿਣਾ ਚਾਹੀਦਾ ਹੈ। ਸਿਆਣੇ ਕਹਿੰਦੇ ਹਨ ਕਿ ਸਿਹਤ ਹੈ ਤਾਂ ਸੱਭ ਕੁੱਝ ਹੈ। ਗੁਰਦਾਸ ਮਾਨ ਨੇ ਵੀ ਸਿਹਤ ਬਾਰੇ ਬੜਾ ਵਧੀਆ ਲਿਖਿਆ ਹੈ।
‘‘ਬਾਕੀ ਦੇ ਕੰਮ ਬਾਅਦ ’ਚ, 
ਪਹਿਲਾਂ ਸਿਹਤ ਜ਼ਰੂਰੀ ਏ।’’

ਕੁਲਦੀਪ ਸਿੰਘ ਸਾਹਿਲ
ਮੋ: 9417990040