Khido-Khundi Game: ਪਿੰਡਾਂ ਦੀਆਂ ਫਿਰਨੀਆਂ 'ਤੇ ਹੁਣ ਨਹੀਂ ਜੁਆਕ ਖੇਡਦੇ ਖਿਦੋ-ਖੂੰਡੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

Khido-Khundi Game: ਪਿਛਲੇ ਸਮੇਂ ਵਿਚ ਬੱਚਿਆਂ ਦੀਆਂ ਖੇਡਾਂ ਵਿਚ ਬਹੁਤ ਹੀ ਸਾਧਾਰਨ, ਸਸਤੀਆਂ ਅਤੇ ਰੌਚਿਕ ਹੁੰਦੀਆਂ ਸਨ।

Khido-Khundi Game News

Khido-Khundi Game News: ਕਦੇ ਸਮਾਂ ਸੀ ਪੰਜਾਬ ਦੇ ਪਿੰਡਾਂ ਵਿਚ ਪੰਜਾਬ ਦੇ ਆਲੇ-ਦੁਆਲੇ ਲਾਲ ਲਕੀਰ ਦੀ ਹੱਦਬੰਦੀ ਤੇ ਖੁਲ੍ਹੀ ਚੌੜੀ ਸੜਕ ਬਣਾਈ ਜਾਂਦੀ ਸੀ ਜੋ ਪੁਰਾਣੇ ਸਮਿਆਂ ਵਿਚ ਕੱਚੀਆਂ ਹੁੰਦੀਆਂ ਸਨ ਅਤੇ ਇਨ੍ਹਾਂ ਨੂੰ ਪਿੰਡ ਦੀ ਫਿਰਨੀ ਦਾ ਨਾਂ ਦਿਤਾ ਜਾਂਦਾ ਸੀ। ਪਰ ਇਹ ਕੱਚੀਆਂ ਫਿਰਨੀਆਂ ਚੰਗੀਆਂ ਚੌੜੀਆਂ ਹੁੰਦੀਆਂ ਸਨ ਜਿਸ ਕਾਰਨ ਪਿੰਡਾਂ ਦੇ ਨਿਆਣਿਆਂ ਨੂੰ ਖੇਡਣ ਲਈ ਚੰਗੀ ਥਾਂ ਮਿਲ ਜਾਂਦੀ ਸੀ।

ਪਿੰਡ ਦੀ ਸਾਂਝੀ ਥਾਂ ਹੋਣ ਕਾਰਨ ਬੱਚਿਆਂ ਨੂੰ ਖੇਡਣ ਤੋਂ ਕੋਈ ਨਹੀਂ ਸੀ ਰੋਕਦਾ। ਇਸ ਗੱਲ ਤੋਂ ਬੱਚੇ ਵੀ ਜਾਣੂ ਹੁੰਦੇ ਸਨ, ਇਸ ਕਰ ਕੇ ਉਹ ਬਿਨਾਂ ਕਿਸੇ ਰੁਕਾਵਟ, ਡਰ, ਭੈਅ ਅਤੇ ਨੁਕਤਾਚੀਨੀ ਤੋਂ ਦੂਰ ਮਸਤ ਹੋ ਕੇ ਖੇਡਦੇ। ਜਦੋਂ 1947 ਵਿਚ ਦੇਸ਼ ਆਜ਼ਾਦ ਹੋਇਆ ਤਾਂ ਸਾਰੇ ਪਿੰਡਾਂ ਦੀਆਂ ਹੀ ਇਹ ਫਿਰਨੀਆਂ ਕੱਚੀਆਂ ਸਨ। ਦੇਸ਼ ਵਿਚ ਵਿਕਾਸ ਨੇ ਅਜੇ ਰਫ਼ਤਾਰ ਨਹੀਂ ਸੀ ਫੜੀ ਅਤੇ ਆਜ਼ਾਦੀ ਤੋਂ ਤਕਰੀਬਨ ਦੋ ਦਹਾਕੇ ਬਾਅਦ ਵੀ ਪਿੰਡਾਂ ਵਿਚ ਇਨ੍ਹਾਂ ਫਿਰਨੀਆਂ ਦਾ ਇਹੀ ਹਾਲ ਸੀ। ਪਰ ਪਿੰਡਾਂ ਦੇ ਬੱਚਿਆਂ ਲਈ ਇਹ ਬੜੀਆਂ ਸੁਖਦਾਈ ਸਨ ਕਿਉਂਕਿ ਬੱਚਿਆਂ ਨੇ ਤਾਂ ਖੇਡਣਾ ਹੁੰਦਾ ਸੀ ਅਤੇ ਖੇਡਣ ਲਈ ਚਾਹੀਦੀ ਸੀ ਖੁਲ੍ਹੀ ਥਾਂ।

ਉਨ੍ਹਾਂ ਦਿਨਾਂ ਵਿਚ ਬੱਚਿਆਂ ਦੀਆਂ ਖੇਡਾਂ ਵਿਚ ਬਹੁਤ ਹੀ ਸਾਧਾਰਨ, ਸਸਤੀਆਂ ਅਤੇ ਰੌਚਿਕ ਹੁੰਦੀਆਂ ਸਨ। ਪਿੰਡਾਂ ਦੇ ਬੱਚੇ ਤਾਂ ਖੇਡਾਂ ਲਈ ਘਰਾਂ ਤੋਂ ਕੋਈ ਪੈਸਾ ਨਹੀਂ ਸੀ ਮੰਗਦੇ, ਉਹ ਉਹੀ ਖੇਡ ਹੀ ਉਹ ਖੇਡਦੇ ਸਨ ਜੋ ਮੁਫ਼ਤ ਵਾਲੀ ਅਤੇ ਵੱਧ ਰੌਚਿਕ ਹੋਵੇ। ਉਦਾਹਰਣ ਵਜੋਂ ਕਬੱਡੀ, ਘੁੱਤੀ ਪਾਉਣਾ, ਪੀਚੋ-ਬਕਰੀ ਜਾਂ ਫਿਰ ਫਿੱਡ-ਟੱਲਾ। ਕੁੜੀਆਂ ਭਾਵੇਂ ਅਪਣੇ ਮਨ ਦੀਆਂ ਖੇਡਾਂ ਖੇਡਦੀਆਂ ਪਰ ਮੁੰਡੇ ਤਾਂ ਫਿੱਡ-ਟੱਲਾਂ ਜਾਂ ਖਿਦੋ-ਖੁੰਡੀ ਨੂੰ ਵੱਧ ਪਸੰਦ ਕਰਦੇ ਸਨ। ਇਕ ਤਾਂ ਇਸ ਖੇਡ ਵਿਚ ਮੁਕਾਬਲਾ ਚੰਗਾ ਹੁੰਦਾ ਸੀ, ਦੂਜੇ ਕਸਰਤ ਵੀ ਚੰਗੀ ਹੋ ਜਾਂਦੀ ਸੀ।

ਬੜੀ ਗੱਲ ਤਾਂ ਇਹ ਸੀ ਕਿ ਫਿੱਡ-ਟੱਲਾ ਖੇਡਣ ਲਈ, ਉਹ ਮਾਪਿਆਂ ਸਿਰ ਭਾਰ ਨਹੀਂ ਸੀ ਬਣਦੇ ਅਤੇ ਨਾ ਹੀ ਉਨ੍ਹਾਂ ਤੋਂ ਕਿਸੇ ਚੀਜ਼ ਦੀ ਮੰਗ ਕਰਦੇ ਸਨ। ਬਸ ਕੱੁਝ ਪੁਰਾਣੀਆਂ ਲੀਰਾਂ ਇਕੱਠੀਆਂ ਕੀਤੀਆਂ ਅਤੇ ਉਨ੍ਹਾਂ ਨੂੰ ਗੋਲ ਕਰ ਕੇ ਸੂਈ ਧਾਗੇ ਨਾਲ ਕੁੱਝ ਸਿਲਾਈ ਕਰ ਕੇ ਚੰਗੀ ਮਜ਼ਬੂਤ ਖਿਦੋ ਬਣਾ ਲੈਂਦੇ। ਇਸੇ ਤਰ੍ਹਾਂ ਮੁੱਲ ਦੀ ਅਜੋਕੀ ਹਾਕੀ ਦੀ ਲੋੜ ਨਹੀਂ ਸੀ ਹੁੰਦੀ ਉਹ ਤਾਂ ਕਿਸੇ ਰੁੱਖ ਤੋਂ ਕੋਈ ਮੁੜੀ ਹੋਈ ਮੋਟੀ ਟਾਹਣੀ ਵੱਢ ਖੂੰਡੀ ਬਣਾ ਲੈਂਦੇ, ਬਸ ਇਹੀ ਹੁੰਦਾ ਸੀ ਉਨ੍ਹਾਂ ਦਾ ਖੇਡ ਸਮਾਨ। ਨਾ ਹਿੰਗ ਲੱਗੇ ਨਾ ਫਟਕੜੀ, ਅਨੰਦ ਵੀ ਚੋਖਾ ਆਉਂਦਾ। ਖਿਦੋ ਖੁੰਡੀ ਖੇਡਣ ਵਾਲੇ ਸਾਰੇ ਜੁਆਕ ਹੀ ਇਸ ਤਰ੍ਹਾਂ ਦੀਆਂ ਖੂੰਡੀਆਂ ਲੈ ਫਿੱਡ ਟੱਲੇ ਲਈ, ਫਿਰਨੀ ਤੇ ਪਹੁੰਚ ਜਾਂਦੇ ਅਤੇ ਆਪਸ ਵਿਚ ਹੀ ਦੋ ਟੀਮਾਂ ਬਣਾ ਲੱਗ ਜਾਂਦੇ ਫਿੱਡ-ਟੱਲਾ ਦੀ ਖੇਡ ਵਿਚ।

ਫਿਰ ਅਜਿਹੀ ਖੇਡ-ਖੇਡਦੇ ਕਿ ਮਿੱਟੀ ਨਾਲ ਮੂੰਹ-ਸਿਰ ਇਕ ਕਰ ਲੈਂਦੇ, ਹਰ ਇਕ ਨੂੰ ਗੋਲ ਕਰਨ ਦੀ ਕਾਹਲੀ ਹੁੰਦੀ ਅਤੇ ਕੱਚੀ ਫਿਰਨੀ ਤੇ ਉਹ ਬੱਚੇ ਧੂੜਾਂ ਪੱਟ ਦੇਂਦੇ। ਕਦੇ-ਕਦੇ ਤਾਂ ਰਾਹ ਜਾਂਦੇ ਰਾਹੀਆਂ ਨੂੰ ਵੀ ਬਚ-ਬਚ ਲੰਘਣਾ ਪੈਂਦਾ ਸੀ। ਕਈ ਵਾਰ ਜੁਆਕ ਸੱਟ ਵੀ ਮਰਵਾ ਲੈਂਦੇ ਪਰ ਪਿੰਡ ਦੇ ਬੱਚਿਆਂ ਨੂੰ ਇਨ੍ਹਾਂ ਸੱਟਾਂ ਦੀ ਕੀ ਪ੍ਰਵਾਹ ਹੁੰਦੀ ਸੀ। ਉਨ੍ਹਾਂ ਤਾਂ ਮਸਤੀ ਦਾ ਅਨੰਦ ਲੈਣਾ ਹੁੰਦਾ ਸੀ। ਫਿਰਨੀ ਤੇ ਖੇਡਦੇ ਕਈ ਵਾਰ ਬੜੀਆਂ ਅਜੀਬ ਘਟਨਾਵਾਂ ਵੀ ਘਟ ਜਾਂਦੀਆਂ ਜਿਵੇਂ ਸ਼ਾਮ ਦੇ ਵੇਲੇ ਖੇਡਦੇ-ਖੇਡਦੇ ਪਿੰਡ ਦੀ ਕਿਸੇ ਬੁੱਢੀ ਔਰਤ ਨੂੰ ਖਿਦੋ ਲੱਗ ਜਾਂਦੀ ਤਾਂ ਉਸ ਨੇ ਬੱਚਿਆਂ ਮਗਰ ਪੈ ਬੜੀਆਂ ਮਿੱਠੀਆਂ ਗਾਲ੍ਹਾਂ ਕਢਣੀਆਂ ਅਤੇ ਖਿਦੋ ਚੁੱਕ ਲੈਣੀ। ਬੱਚੇ ਵੀ ਦੁਖੀ ਹੋਣ ਦੀ ਬਜਾਏ ਉਸ ਮਾਈ ਦੀਆਂ ਖਿਦੋ ਲੈਣ ਲਈ ਮਿੰਨਤਾਂ ਕਰਦੇ ਅਤੇ ਬਚ ਕੇ ਖੇਡਣ ਦੀਆਂ ਸਹੁੰਆਂ ਖਾਂਦੇ।

ਮੈਨੂੰ ਯਾਦ ਹੈ ਕਿ ਮੇਰੇ ਬਚਪਨ ਵਿਚ ਜਦੋਂ ਅਸੀਂ ਫਿਰਨੀ ਤੇ ਖਿਦੋ ਖੁੰਡੀ ਖੇਡ ਰਹੇ ਸੀ ਤਾਂ ਇਕ ਦਿਨ ਸ਼ਾਮ ਨੂੰ ਇਕ ਮੁੰਡੇ ਵਲੋਂ ਜ਼ੋਰ ਦੀ ਟੱਲਾ ਮਾਰਦੇ ਸਮੇਂ, ਖਿਦੋ ਉਪਰ ਉਠੀ ਅਤੇ ਰਾਹ ਜਾਂਦੀਆਂ ਘਾਹ ਦੀਆਂ ਪੰਡਾਂ ਲਈ ਜਾਂਦੀਆਂ ਔਰਤਾਂ ਵਿਚੋਂ ਇਕ ਔਰਤ ਦੇ ਘਾਹ ਦੀ ਪੰਡ ਵਿਚ ਉਹ ਖਿਦੋ ਜਾਂ ਵੜੀ। ਸਾਰੇ ਬੱਚੇ ਇਕੱਠੇ ਹੋ ਕੇ ਉਸ ਔਰਤ ਦੇ ਮਗਰ ਚਲ ਪਏ। ਜਦੋਂ ਉਸ ਦੇ ਘਰ ਗਏ ਤਾਂ ਜਦੋਂ ਉਸ ਨੇ ਘਾਹ ਦੀ ਪੰਡ ਹੇਠਾਂ ਰੱਖੀ, ਤਾਂ ਬੱਚੇ ਝਪਟ ਪਏ ਅਤੇ ਘਾਹ ਖਿਲਾਰ ਕੇ ਖਿਦੋ ਲੱਭ ਲਈ, ਜਦੋਂ ਉਸ ਔਰਤ ਨੂੰ ਖਿਦੋ ਦਾ ਪਤਾ ਲਗਿਆ ਤਾਂ ਉਹ ਵੀ ਹੱਸ-ਹੱਸ ਦੂਹਰੀ ਹੋ ਗਈ। ਪਰ ਇਹ ਹੀ ਉਹ ਖੇਡ ਸੀ ਜਿਸ ਨੇ ਪਿੰਡਾਂ ਵਿਚ ਹਾਕੀ ਨੂੰ ਹਰਮਨ ਪਿਆਰੀ ਬਣਾ ਦਿਤਾ ਅਤੇ ਪੰਜਾਬ ਦੇ ਨੌਜਵਾਨਾਂ ਨੇ ਉਹ ਖਿਦੋ ਖੂੰਡੀ ਖੇਡਦੇ-ਖੇਡਦੇ ਹਾਕੀ ਵਿਚ ਉਹ ਰੰਗ ਦਿਖਾਏ ਕਿ ਸਾਰਾ ਸੰਸਾਰ ਦੇਖਦਾ ਹੀ ਰਹਿ ਗਿਆ। 

ਸੰਸਾਰ ਖੇਡਾਂ ਅਤੇ ਉਲੰਪਿਕ ਖੇਡਾਂ ਵਿਚ ਪੰਜਾਬੀ ਨੌਜਵਾਨ ਸੋਨੇ ਦੇ ਮੈਡਲ ਜਿੱਤਣ ਦੇ ਕਾਬਲ ਬਣੇ ਅਤੇ ਦੇਸ਼ ਦਾ ਨਾਂ ਰੋਸ਼ਨ ਕੀਤਾ। ਬਹੁਤ ਨੌਜਵਾਨਾਂ ਨੂੰ ਬਚਪਨ ਵਿਚ ਖੇਡੀ ਗਈ ਖਿਦੋ ਖੂੰਡੀ ਸੰਸਾਰ ਪ੍ਰਸਿੱਧ ਹਾਕੀ ਖਿਡਾਰੀ ਬਣਾਉਣ ਵਿਚ ਸਫ਼ਲ ਰਹੀ। ਉਸ ਕੱਚੀਆਂ ਫਿਰਨੀਆਂ ਤੇ ਖੇਡੀ ਗਈ ਖਿਦੋ ਖੂੰਡੀ ਦੀ ਖੇਡ ਹੀ ਸੀ ਜਿਸ ਨੇ ਪੰਜਾਬ ਨੂੰ ਹਾਕੀ ਪ੍ਰੇਮੀਆਂ ਦਾ ਖਿੱਤਾ ਬਣਾ ਕੇ ਸੰਸਾਰ ਪ੍ਰਸਿੱਧ ਕਰ ਦਿਤਾ। ਵਿਕਾਸ ਦੇ ਨਾਲ-ਨਾਲ ਪਿੰਡਾਂ ਦੀਆਂ ਕੱਚੀਆਂ ਫਿਰਨੀਆਂ ਪੱਕੀਆਂ ਹੋ ਗਈਆਂ, ਖੇਡਣ ਲਈ ਚੌੜਾਈ ਵੀ ਘੱਟ ਗਈ ਪਰ ਉਧਰ ਖਿਦੋ ਖੁੰਡੀ ਨੇ ਵੀ ਅਪਣਾ ਰੰਗ ਬਦਲ ਲਿਆ।

ਪੰਜਾਬ ਵਿਚ ਹੀ ਜਲੰਧਰ ਵਿਖੇ ਨਵੀਨ ਹਾਕੀ ਬਾਲਾਂ ਅਤੇ ਹਾਕੀਆਂ ਬਣਨ ਦੇ ਧੰਦੇ ਨੇ ਉਦਯੋਗਿਕ ਰੂਪ ਲੈ ਲਿਆ ਅਤੇ ਜਦੋਂ ਨਵੀਨਤਾ ਹੋਵੇ ਤਾਂ ਕਿਸ ਨੇ ਪੁਛਣੀਆਂ ਸਨ ਸਾਡੀਆਂ ਪੁਰਾਣੀਆਂ ਖਿਦੋ ਖੁੰਡੀਆਂ, ਜਿਨ੍ਹਾਂ ਨੇ ਕਿਸੇ ਸਮੇਂ ਸਾਡੀ ਅਜੋਕੀ ਹਾਕੀ ਇੰਡਸਟਰੀ ਨੂੰ ਜਨਮ ਦਿਤਾ। ਪਿੰਡਾਂ ਵਿਚ ਬੱਚੇ ਤਾਂ ਅੱਜ ਵੀ ਖੇਡਦੇ ਹਨ ਪਰ ਉਹ ਕੱਚੀਆਂ ਫਿਰਨੀਆਂ ਪਰ ਖਿਦੋ ਖੁੰਡੀ ਨਹੀਂ, ਉਹ ਤਾਂ ਬੈਟ-ਬਾਲ ਜਾਂ ਮਹਿੰਗੀ ਖੇਡ ਕ੍ਰਿਕਟ ਦੇ ਦੀਵਾਨੇ ਬਣ ਗਏ ਹਨ ਜਾਂ ਨਵੇਂ ਜ਼ਮਾਨੇ ਦੇ ਜੁਆਕ ਤਾਂ ਖੇਡਣ ਬਾਹਰ ਹੀ ਨਹੀਂ ਜਾਂਦੇ, ਉਹ ਤਾਂ ਘਰ ਬੈਠੇ ਹੀ ਅਪਣੇ-ਅਪਣੇ ਮੋਬਾਈਲਾਂ ਤੇ ਗੇਮਾਂ ਖੇਡੀ ਜਾਂਦੇ ਹਨ। ਉਨ੍ਹਾਂ ਨੂੰ ਤਾਂ ਪਿੰਡ ਦੀ ਫਿਰਨੀ ਦਾ ਪਤਾ ਹੀ ਨਹੀਂ ਹੈ। ਕੁੱਝ ਵੀ ਹੋਵੇ ਸਾਡੇ ਬੱਚਿਆਂ ਨੂੰ ਮੋਬਾਈਲਾਂ ਦੀਆਂ ਗੇਮਾਂ ਛੱਡ ਅਤੇ ਮਹਿੰਗੀਆਂ ਖੇਡਾਂ ਨੂੰ ਤਿਆਗ ਕੇ ਅਪਣੀਆਂ ਵਿਰਾਸਤੀ ਅਤੇ ਅਨੰਦਮਈ ਖੇਡਾਂ ਅਪਣਾਉਣੀਆਂ ਚਾਹੀਦੀਆਂ ਹਨ।
-ਬਹਾਦਰ ਸਿੰਘ ਗੋਸਲ, ਮਕਾਨ ਨੰਬਰ 3098, ਸੈਕਟਰ 37-ਡੀ, ਚੰਡੀਗੜ੍ਹ। 98764-52223