ਛੋਟੀਆਂ-ਛੋਟੀਆਂ ਚੀਜ਼ਾਂ ਵੱਡੇ-ਵੱਡੇ ਗੁਣ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਸਿਹਤ ਅਤੇ ਸੁੰਦਰਤਾ ਦਾ ਬਾਜ਼ਾਰ ਇਨ੍ਹਾਂ ਜੜ੍ਹੀ ਬੂਟੀਆਂ ਦੇ ਸਹਾਰੇ ਹੀ ਚਲਦਾ

kitchen

ਮੁਹਾਲੀ: ਰਸੋਈ ਵਿਚ ਰਖੀਆਂ ਛੋਟੀਆਂ-ਛੋਟੀਆਂ ਜੜ੍ਹੀ ਬੂਟੀਆਂ ਸਾਡੇ ਜੀਵਨ ਦਾ ਇਕ ਹਿੱਸਾ ਹੁੰਦੀਆਂ ਹਨ। ਇਨ੍ਹਾਂ ਨੂੰ ਅਸੀਂ ਅਪਣੇ ਭੋਜਨ ਨੂੰ ਸੁਆਦਲਾ ਬਣਾਉਣ ਲਈ ਵਰਤਦੇ ਹਾਂ। ਸਿਹਤ ਅਤੇ ਸੁੰਦਰਤਾ ਦਾ ਬਾਜ਼ਾਰ ਇਨ੍ਹਾਂ ਜੜ੍ਹੀ ਬੂਟੀਆਂ ਦੇ ਸਹਾਰੇ ਹੀ ਚਲਦਾ ਹੈ। ਆਉ, ਅਸੀਂ ਤੁਹਾਨੂੰ ਦਸਦੇ ਹਾਂ ਅਜਿਹੀਆਂ ਕਿਹੜੀਆਂ ਜੜ੍ਹੀ-ਬੂਟੀਆਂ ਹਨ।

ਹਿੰਗ: ਬਲਗਮ ਅਤੇ ਸਾਹ ਦੇ ਰੋਗੀਆਂ ਲਈ ਲਾਭਦਾਇਕ ਹੈ। ਕਸ਼ਮੀਰ ਵਿਚ ਹੀ ਨਹੀਂ ਸਗੋਂ ਹਿਮਾਚਲ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿਚ ਹਿੰਗ ਦੀ ਵਰਤੋਂ ਕਰ ਕੇ ਖ਼ੂਸ਼ਬੂਦਾਰ ਅਤੇ ਲਜ਼ੀਜ਼ ਖਾਣਾ ਬਣਾਇਆ ਜਾਂਦਾ ਹੈ। ਖਾਣਾ ਪਕਾਉਣ ਤੋਂ ਪਿੱਛੋਂ ਥੋੜ੍ਹੇ ਜਿਹੇ ਤੇਲ ਵਿਚ ਪਕਾ ਕੇ ਸਬਜ਼ੀ ਵਿਚ ਪਾਉਣ ਨਾਲ ਖਾਣਾ ਖ਼ੁਸ਼ਬੂਦਾਰ ਹੀ ਨਹੀਂ ਸਗੋਂ ਹੋਰ ਸੁਆਦਲਾ ਬਣਦਾ ਹੈ।

ਜਵੈਣ: ਆਯੁਰਵੇਦ ਵਿਚ ਜਵੈਣ ਨੂੰ ਕਈ ਰੋਗਾਂ ਦੇ ਇਲਾਜ ਵਿਚ ਸਹਾਇਕ ਮੰਨਿਆ ਜਾਂਦਾ ਹੈ। ਮਿਹਦੇ ਦੀ ਖ਼ਰਾਬੀ, ਪੇਟ ਵਿਚ ਹਵਾ ਭਰਨ, ਗੈਸ ਹੋਣ 'ਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਨਾਲ ਸਿਰਦਰਦ ਅਤੇ ਠੰਢ ਨੂੰ ਵੀ ਹਟਾਇਆ ਜਾ ਸਕਦਾ ਹੈ।

ਜ਼ੀਰਾ: ਪੇਟ ਦਰਦ, ਪੇਟ ਦੇ ਕੀੜੇ ਅਤੇ ਹਿਚਕੀ ਲਈ ਇਸ ਦੀ ਵਰਤੋਂ ਲਾਭਦਾਇਕ ਹੁੰਦੀ ਹੈ। ਭਾਰਤੀ ਖਾਣੇ ਵਿਚ ਤਾਂ ਜ਼ੀਰਾ ਕਿਸੇ ਵੀ ਭੋਜਨ ਵਿਚ ਪਕਾ ਕੇ ਜਾਂ ਤੇਲ ਵਿਚ ਪਕਾ ਕੇ ਪਾਇਆ ਜਾਵੇ ਤਾਂ ਇਹ ਭੋਜਨ ਨੂੰ ਸੁਗੰਧਤ ਬਣਾਉਂਦਾ ਹੈ।

ਦਾਲਚੀਨੀ: ਬਿਰਿਆਨੀ ਅਤੇ ਪੁਲਾਉ ਖਾਣ ਵਾਲੇ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਕਿ ਦਾਲਚੀਨੀ ਕਿਸੇ ਵੀ ਪੁਲਾਉ ਦੀ ਜਾਨ ਹੁੰਦੀ ਹੈ। ਇਹ ਖਾਣੇ ਨੂੰ ਸੁਗੰਧਤ ਬਣਾਉਂਦੀ ਹੈ। ਇਸ ਲਈ ਅਪਣੀ ਰਸੋਈ ਵਿਚ ਰੱਖੇ ਮਸਾਲਿਆਂ ਵਿਚ ਦਾਲਚੀਨੀ ਨੂੰ ਖਾਣੇ ਵਿਚ ਜ਼ਿਆਦਾ ਤੋਂ ਜ਼ਿਆਦਾ ਸ਼ਾਮਲ ਕਰੋ। ਦਾਲਚੀਨੀ ਦੀ ਵਰਤੋਂ ਪੇਟ ਸਬੰਧੀ ਬਿਮਾਰੀਆਂ ਤੋਂ ਬਚਣ ਲਈ ਭੋਜਨ ਵਿਚ ਕੀਤੀ ਜਾਂਦੀ ਹੈ।

ਲੌਂਗ: ਜਿਵੇਂ ਕਿ ਸਾਡੀ ਦਾਦੀ ਮਾਂ ਆਖਿਆ ਕਰਦੀ ਸੀ, ਲੌਂਗ ਦਾ ਪਾਊਡਰ ਐਂਟੀਸੈਪਟਿਕ ਹੁੰਦਾ ਹੈ ਅਤੇ ਦਰਦ ਲਈ ਲੌਂਗਾਂ ਦਾ ਤੇਲ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਲੌਂਗਾਂ ਨੂੰ ਚਬਾਉਣ ਨਾਲ ਦੰਦਾਂ ਦੀ ਕੈਵਿਟੀ ਤੋਂ ਛੁਟਕਾਰਾ ਮਿਲਦਾ ਹੈ। ਇਹ ਸਰੀਰ ਨੂੰ ਗਰਮ ਰਖਦਾ ਹੈ। ਦੰਦਾਂ ਦੇ ਦਰਦ ਲਈ ਸਦੀਆਂ ਤੋਂ ਇਸ ਦੀ ਵਰਤੋਂ ਹੁੰਦੀ ਆ ਰਹੀ ਹੈ।

ਧਨੀਆ: ਧਨੀਆ ਨਾਂ ਦੀ ਬੂਟੀ ਦੀ ਦਵਾਈ ਦੇ ਰੂਪ ਵਿਚ ਮਹੱਤਤਾ ਤਾਂ ਹੈ ਹੀ ਪਰ ਇਸ ਤੋਂ ਇਲਾਵਾ ਇਹ ਭਾਰਤੀ ਖਾਣਿਆਂ ਦੀ ਜਿੰਦ ਜਾਨ ਵੀ ਹੈ। ਧਨੀਆ ਸਾਡੀ ਸਾਹ ਦੀ ਨਾਲੀ ਵਿਚ ਪਈਆਂ ਰੁਕਾਵਟਾਂ ਨੂੰ ਦੂਰ ਕਰਦਾ ਹੈ ਅਤੇ ਨਾਲ ਹੀ ਇਹ ਪੇਟ ਦੀ ਸਫ਼ਾਈ ਵੀ ਕਰਦਾ ਹੈ। ਧਨੀਆ ਅਤੇ ਪੁਦੀਨੇ ਦੀ ਚਟਣੀ ਦੇ ਸੁਆਦ ਦਾ ਤਾਂ ਦਾ ਕੀ ਕਹਿਣਾ। ਤਾਜ਼ਾ ਹਰਾ ਧਨੀਆ ਕਿਸੇ ਵੀ ਤਰ੍ਹਾਂ ਤਿਆਰ ਸਬਜ਼ੀ ਦੇ ਉੱਪਰ ਬਰੀਕ ਕੱਟ ਕੇ ਸਜਾ ਦਿਤਾ ਜਾਵੇ ਤਾਂ ਇਹ ਸਬਜ਼ੀ ਦੇ ਸੁਆਦ ਦੇ ਨਾਲ ਇਸ ਦੀ ਸੁਗੰਧ ਨੂੰ ਵਧਾਉਂਦਾ ਹੈ। ਧਨੀਏ ਦੇ ਬੀਜ ਨੂੰ ਰਵਾਇਤੀ ਤੌਰ ਤੇ ਕੋਲੇਸਟਰੋਲ ਨੂੰ ਕਾਬੂ ਕਰਨ ਵਾਲਾ ਵੀ ਮੰਨਿਆ ਜਾਂਦਾ ਹੈ।

ਮੇਥੀ: ਇਸ ਜੜ੍ਹੀ ਬੂਟੀ ਦੀ ਸੱਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਨਾਨ ਡਾਇਬਿਟਿਕਾ ਲਈ ਉਨੀ ਹੀ ਲਾਭਦਾਇਕ ਹੈ ਜਿੰਨੀ ਡਾਇਬਿਟਿਕ ਲੋਕਾਂ ਲਈ। ਇਸ ਦੇ ਅਣਗਿਣਤ ਫ਼ਾਇਦੇ ਹਨ, ਜਿਹੜੇ ਇਸ ਨੂੰ ਖਾ ਕੇ ਹੀ ਪ੍ਰਾਪਤ ਕੀਤੇ ਜਾ ਸਕਦੇ ਹਨ।
ਰਾਜੀਵ ਕਪੂਰ ਮੱਖੂ, ਸੰਪਰਕ : 97815-13519