ਸ਼ੂਗਰ ਦੇ ਰੋਗੀਆਂ ਲਈ ਵਰਦਾਨ ਹੈ ਕਰੇਲਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਪ੍ਰਤੀ 100 ਗ੍ਰਾਮ ਕਰੇਲੇ ਵਿਚ ਲਗਭਗ 92 ਗ੍ਰਾਮ ਨਮੀ ਹੁੰਦੀ ਹੈ।

Bitter gourd

ਕਰੇਲਾ ਅਪਣੇ ਕੌੜੇਪਨ ਕਾਰਨ ਕੁੱਝ ਲੋਕਾਂ ਨੂੰ ਪਸੰਦ ਨਹੀਂ ਪਰ ਸਚਾਈ ਇਹ ਹੈ ਕਿ ਕਰੇਲਾ ਮਨੁੱਖੀ ਸਿਹਤ ਲਈ ਵਰਦਾਨ ਹੈ। ਲੈਟਿਨ ਭਾਸ਼ਾ ਵਿਚ ਮੋਰਡਿਕਾ ਤੇ ਅੰਗਰੇਜ਼ੀ ਵਿਚ ਬਿਟਰ ਗਾਰਡ ਦੇ ਨਾਮ ਨਾਲ ਬੁਲਾਇਆ ਜਾਣ ਵਾਲਾ ਕਰੇਲਾ ਵੇਲ ਉਤੇ ਲੱਗਣ ਵਾਲੀ ਇਕ ਸਬਜ਼ੀ ਹੈ। ਕਰੇਲਾ ਅਪਣੇ ਸਵਾਦ ਕਾਰਨ ਕਾਫ਼ੀ ਪ੍ਰਸਿੱਧ ਹੈ। ਇਸ ਦਾ ਸਵਾਦ ਬਹੁਤ ਕੌੜਾ ਹੁੰਦਾ ਹੈ।

ਇਕ ਚੰਗੀ ਸਬਜ਼ੀ ਹੋਣ ਦੇ ਨਾਲ-ਨਾਲ ਕਰੇਲੇ ਵਿਚ ਕਈ ਗੁਣ ਵੀ ਹੁੰਦੇ ਹਨ। ਇਹ ਦੋ ਪ੍ਰਕਾਰ ਦਾ ਹੁੰਦਾ ਹੈ ਵੱਡਾ ਤੇ ਛੋਟਾ। ਵੱਡਾ ਕਰੇਲਾ ਗਰਮੀਆਂ ਦੇ ਮੌਸਮ ਵਿਚ ਪੈਦਾ ਹੁੰਦਾ ਹੈ ਜਦਕਿ ਛੋਟਾ ਕਰੇਲਾ ਮੀਂਹ ਦੇ ਮੌਸਮ ਵਿਚ ਹਾਲਾਂਕਿ ਇਸ ਦਾ ਸਵਾਦ ਬਹੁਤ ਕੌੜਾ ਹੁੰਦਾ ਹੈ, ਇਸ ਲਈ ਕਈ ਲੋਕ ਇਸ ਦੀ ਸਬਜ਼ੀ ਨੂੰ ਪਸੰਦ ਨਹੀਂ ਕਰਦੇ। ਇਸ ਦੇ ਕੌੜੇਪਣ ਨੂੰ ਦੂਰ ਕਰਨ ਲਈ ਇਸ ਨੂੰ ਲੂਣ ਲਾ ਕੇ ਕੁੱਝ ਸਮੇਂ ਤਕ ਰਖਿਆ ਜਾਂਦਾ ਹੈ।

ਕਰੇਲੇ ਦੀ ਤਾਸੀਰ ਠੰਢੀ ਹੁੰਦੀ ਹੈ। ਇਹ ਪਚਣ ਵਿਚ ਹਲਕਾ ਹੁੰਦਾ ਹੈ। ਇਹ ਸ੍ਰੀਰ ਵਿਚ ਹਵਾ ਨੂੰ ਵਧਾ ਕੇ ਪਾਚਣ ਕਿਰਿਆ ਨੂੰ ਠੀਕ ਕਰਦਾ ਹੈ, ਢਿੱਡ ਸਾਫ਼ ਕਰਦਾ ਹੈ। ਪ੍ਰਤੀ 100 ਗ੍ਰਾਮ ਕਰੇਲੇ ਵਿਚ ਲਗਭਗ 92 ਗ੍ਰਾਮ ਨਮੀ ਹੁੰਦੀ ਹੈ। ਨਾਲ ਹੀ ਇਸ ਵਿਚ ਲਗਭਗ 4 ਗ੍ਰਾਮ ਕਾਰਬੋਹਾਈਡਰੇਟ, 1.5 ਗ੍ਰਾਮ ਪ੍ਰੋਟੀਨ, 20 ਮਿਲੀਗ੍ਰਾਮ ਕੈਲਸ਼ੀਅਮ, 70 ਮਿਲੀਗ੍ਰਾਮ ਫ਼ਾਸਫ਼ੋਰਸ, 1.8 ਮਿਲੀਗ੍ਰਾਮ ਆਇਰਨ ਅਤੇ ਬਹੁਤ ਥੋੜੀ ਮਾਤਰਾ ਵਿਚ ਚਰਬੀ ਵੀ ਹੁੰਦੀ ਹੈ।  ਇਸ ਵਿਚ ਵਿਟਾਮਿਨ ਏ ਤੇ ਵਿਟਾਮਿਨ ਸੀ ਵੀ ਹੁੰਦਾ ਹੈ।

ਨਮੀ ਜ਼ਿਆਦਾ ਅਤੇ ਚਰਬੀ ਘੱਟ ਮਾਤਰਾ ਵਿਚ ਹੋਣ ਕਾਰਨ ਇਹ ਗਰਮੀਆਂ ਲਈ ਬਹੁਤ ਚੰਗਾ ਹੈ। ਇਸ ਦੀ ਵਰਤੋਂ ਚਿਹਰੇ ਨੂੰ ਸਾਫ਼ ਕਰਦੀ ਹੈ ਅਤੇ ਕਿਸੇ ਪ੍ਰਕਾਰ ਦੇ ਫੋੜੇ ਫਿਨਸੀਆਂ ਨਹੀਂ ਹੁੰਦੇ। ਇਹ ਭੁੱਖ ਵਧਾਉਂਦਾ ਹੈ, ਮਲ ਨੂੰ ਸ੍ਰੀਰ ਵਿਚੋਂ ਬਾਹਰ ਕਢਦਾ ਹੈ। ਪਿਸ਼ਾਬ ਰਸਤੇ ਨੂੰ ਵੀ ਇਹ ਸਾਫ਼ ਰਖਦਾ ਹੈ। ਇਸ ਵਿਚ ਵਿਟਾਮਿਨ ਏ ਜ਼ਿਆਦਾ ਹੋਣ ਕਾਰਨ ਇਹ ਅੱਖਾਂ ਦੀ ਰੌਸ਼ਨੀ ਲਈ ਬਹੁਤ ਚੰਗਾ ਹੁੰਦਾ ਹੈ।

ਵਿਟਾਮਿਨ ਸੀ ਦੀ ਬਹੁਤਾਤ ਕਾਰਨ ਇਹ ਸ੍ਰੀਰ ਵਿਚ ਨਮੀ ਬਣਾਈ ਰਖਦਾ ਹੈ ਅਤੇ ਬੁਖ਼ਾਰ ਹੋਣ ਦੀ ਸਥਿਤੀ ਵਿਚ ਬਹੁਤ ਲਾਭਕਾਰੀ ਹੁੰਦਾ ਹੈ। ਕਰੇਲੇ ਦੀ ਸਬਜ਼ੀ ਖਾਣ ਨਾਲ ਕਦੇ ਕਬਜ਼ ਨਹੀਂ ਹੁੰਦੀ। ਜੇ ਕਿਸੇ ਵਿਅਕਤੀ ਨੂੰ ਪਹਿਲਾਂ ਕਬਜ਼ ਹੋਵੇ ਤਾਂ ਉਹ ਵੀ ਦੂਰ ਹੋ ਜਾਂਦੀ ਹੈ। ਇਸ ਤੋਂ ਐਸੀਡਿਟੀ, ਛਾਤੀ ਵਿਚ ਜਲਣ ਅਤੇ ਖੱਟੀਆਂ ਡਕਾਰਾਂ ਦੀ ਸ਼ਿਕਾਇਤ ਵੀ ਦੂਰ ਹੋ ਜਾਂਦੀ ਹੈ ।

ਜੋੜਾਂ ਦੇ ਦਰਦ ਅਤੇ ਗਠੀਆ ਰੋਗ ਵਿਚ ਕਰੇਲੇ ਦੀ ਸਬਜ਼ੀ ਕੌੜਾਪਣ ਦੂਰ ਕੀਤੇ ਬਿਨਾਂ ਦਿਨ ਵਿਚ ਤਿੰਨ ਸਮੇਂ ਅਰਥਾਤ ਸਵੇਰੇ ਨਾਸ਼ਤੇ ਵਿਚ ਅਤੇ ਫਿਰ ਦੁਪਹਿਰ ਅਤੇ ਰਾਤ ਦੇ ਖਾਣੇ ਵਿਚ ਖਾਈ ਜਾਣੀ ਚਾਹੀਦੀ ਹੈ। ਫੋੜੇ ਫਿਨਸੀਆਂ ਤੇ ਖ਼ੂਨ ਦਬਾਅ ਵਿਚ ਕਰੇਲੇ ਦਾ ਰਸ ਲਾਭਕਾਰੀ ਹੁੰਦਾ ਹੈ। ਚਿਹਰੇ ਦੇ ਰੋਗ, ਕੁਸ਼ਟ ਰੋਗ ਅਤੇ ਬਵਾਸੀਰ ਵਿਚ ਕਰੇਲੇ ਨੂੰ ਮਿਕਸੀ ਵਿਚ ਪੀਸ ਕੇ ਪ੍ਰਭਾਵਤ ਜਗ੍ਹਾ ਉਤੇ ਹਲਕੇ-ਹਲਕੇ ਹੱਥਾਂ ਨਾਲ ਲੇਪ ਲਗਾਉਣਾ ਚਾਹੀਦਾ ਹੈ।

ਕਰੇਲੇ ਦਾ ਰਸ ਇਕ ਚਮਚ ਮਾਤਰਾ ਵਿਚ ਸ਼ੱਕਰ ਮਿਲਾ ਕੇ ਪੀਣ ਨਾਲ ਖ਼ੂਨੀ ਬਵਾਸੀਰ ਵਿਚ ਫ਼ਾਇਦਾ ਹੁੰਦਾ ਹੈ। ਇਹ ਸ੍ਰੀਰ ਵਿਚ ਪੈਦਾ ਵਾਧੂ ਚਰਬੀ ਨੂੰ ਦੂਰ ਕਰਦਾ ਹੈ ਤੇ ਮੋਟਾਪਾ ਦੂਰ ਕਰਨ ਵਿਚ ਵੀ ਵਿਸ਼ੇਸ਼ ਰੂਪ ਵਜੋਂ ਸਹਾਇਕ ਹੁੰਦਾ ਹੈ। ਇਸ ਦਾ ਇਸਤੇਮਾਲ ਗਰਭਵਰਤੀ ਔਰਤਾਂ ਵਿਚ ਦੁੱਧ ਦੀ ਮਾਤਰਾ ਵੀ ਵਧਾਉਂਦਾ ਹੈ। ਇਹ ਸ੍ਰੀਰਕ ਸਮਸਿਆਵਾਂ ਨੂੰ ਵੀ ਦੂਰ ਕਰਦਾ ਹੈ। ਸ੍ਰੀਰ ਦੇ ਜਿਸ ਅੰਗ ਵਿਚ ਜਲਨ ਹੋਵੇ, ਉਥੇ ਕਰੇਲੇ ਦੇ ਪਤਿਆਂ ਦਾ ਰਸ ਮਲਣਾ ਚਾਹੀਦਾ ਹੈ। ਸ਼ੂਗਰ ਦੇ ਰੋਗੀਆਂ ਲਈ ਕਰੇਲਾ ਇਕ ਵਰਦਾਨ ਹੈ। ਉਨ੍ਹਾਂ ਨੂੰ ਕਰੇਲੇ ਦੀ ਵਰਤੋਂ ਜ਼ਿਆਦਾ ਤੋਂ ਜ਼ਿਆਦਾ ਕਰਨੀ ਚਾਹੀਦੀ।

ਕਰੇਲਾ ਖਾਓ ਨਿਰੋਗ ਬਣੋ
ਸ਼ੂਗਰ : ਸ਼ੂਗਰ ਦੇ ਮਰੀਜ਼ ਨੂੰ 15 ਗ੍ਰਾਮ ਕਰੇਲੇ ਦਾ ਰਸ 100 ਗ੍ਰਾਮ ਪਾਣੀ ਵਿਚ ਮਿਲਾ ਕੇ ਰੋਜ਼ਾਨਾ ਤਿੰਨ ਵਾਰੀ ਕੁਝ ਮਹੀਨਿਆਂ ਤਕ ਦੇਣ ਨਾਲ ਆਰਾਮ ਮਿਲਦਾ ਹੈ। ਇਸ ਤਰ੍ਹਾਂ ਦੇ ਰੋਗੀ ਨੂੰ ਕਰੇਲੇ ਦੀ ਸਬਜ਼ੀ ਦੀ ਵੀ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ  

ਕਬਜ਼ : ਕਬਜ਼ ਵਿਚ ਕਰੇਲੇ ਦਾ ਰਸ ਲਾਭਦਾਇਕ ਹੈ। ਕਰੇਲੇ ਦੀ ਸਬਜ਼ੀ ਰੋਜ਼ਾਨਾ ਖਾਂਦੇ ਰਹਿਣ ਨਾਲ ਸ੍ਰੀਰ ਨੂੰ ਕਾਫ਼ੀ ਮਾਤਰਾ ਵਿਚ ਫ਼ਾਸਫ਼ੋਰਸ ਮਿਲ ਜਾਂਦਾ ਹੈ ਜਿਸ ਕਰ ਕੇ ਸ੍ਰੀਰ ਵਿਚ ਚੁਸਤੀ ਰਹਿੰਦੀ ਹੈ। ਕਰੇਲਾ ਭੁੱਖ ਵਧਾਉਣ, ਭੋਜਨ ਪਚਾਉਣ ਵਾਲਾ ਹੈ।
ਪਥਰੀ : ਕਰੇਲੇ ਦਾ ਰਸ ਗੁਰਦੇ ਅਤੇ ਮਸਾਨੇ ਦੀ ਪਥਰੀ ਨੂੰ ਤੋੜ ਕੇ ਬਾਹਰ ਲੈ ਆਉਂਦਾ ਹੈ, ਇਸ ਲਈ ਦੋ ਕਰੇਲਿਆਂ ਦਾ ਰਸ ਰੋਜ਼ਾਨਾ ਪੀਉ। ਕਰੇਲੇ ਦੀ ਸਬਜ਼ੀ ਖਾਣਾ ਵੀ ਲਾਹੇਵੰਦ ਹੈ।