ਸ਼ਹਿਰਾਂ ਵਿਚ ਲੋਕ ਹੀ ਨਹੀਂ ਦਰੱਖ਼ਤ ਵੀ ਹੋ ਰਹੇ ਹਨ ਮੋਟੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਸ਼ਹਿਰੀ ਜੀਵਨਸ਼ੈਲੀ ਨਾ ਸਿਰਫ਼ ਮਨੁੱਖੀ ਸਰੀਰ ਨੂੰ ਨੁਕਸਾਨ ਪਹੁੰਚਾ ਰਹੀ ਹੈ, ਸਗੋਂ ਇਸ ਨਾਲ ਦਰੱਖ਼ਤ ਵੀ ਪ੍ਰਭਾਵਤ ਹੋ ਰਹੇ ਹਨ

Tree

ਸ਼ਹਿਰੀ ਜੀਵਨਸ਼ੈਲੀ ਨਾ ਸਿਰਫ਼ ਮਨੁੱਖੀ ਸਰੀਰ ਨੂੰ ਨੁਕਸਾਨ ਪਹੁੰਚਾ ਰਹੀ ਹੈ, ਸਗੋਂ ਇਸ ਨਾਲ ਦਰੱਖ਼ਤ ਵੀ ਪ੍ਰਭਾਵਤ ਹੋ ਰਹੇ ਹਨ। ਲੁਟਿਅਨ ਦਿੱਲੀ ਵਿਚ ਇਕ ਸਾਲ ਵਿਚ ਕਰੀਬ ਦੋ ਦਰਜਨ ਦਰੱਖ਼ਤਾਂ ਦੇ ਮਰਨ ਦਾ ਕਾਰਨ ਉਨ੍ਹਾਂ ਦਾ ਭਾਰ ਵਧਣਾ ਹੈ, ਇਸ ਲਈ ਨਵੀਂ ਦਿੱਲੀ ਨਗਰ ਪਾਲਿਕਾ ਪ੍ਰੀਸ਼ਦ (ਐਨਡੀਐਮਸੀ) ਨੇ ਉਨ੍ਹਾਂ ਦਾ ਇਲਾਜ ਕਰਨ ਦਾ ਫ਼ੈਸਲਾ ਕੀਤਾ ਹੈ।

ਇਨ੍ਹਾਂ ਦਰੱਖ਼ਤਾਂ ਦੀ ਪਛਾਣ ਕਰ ਲਈ ਗਈ ਹੈ। ਮਾਨਸੂਨ ਦੌਰਾਨ ਮਾਈਕ੍ਰੋ ਨਿਊਟ੍ਰਿਯੰਟ ਦੀ ਵਰਤੋਂ ਕਰ ਕੇ ਦਰੱਖ਼ਤਾਂ ਦਾ ਭਾਰ ਘੱਟ ਕਰ ਦਿਤਾ ਜਾਵੇਗਾ ਜਿਸ ਨਾਲ ਉਨ੍ਹਾਂ ਦੀ ਮਜ਼ਬੂਤੀ ਵੱਧ ਜਾਵੇਗੀ। ਐਨਡੀਐਮਸੀ ਇਲਾਕੇ ਵਿਚ 110 ਐਵੀਨਿਊ ਰੋਡ ਹਨ, ਜਿਨ੍ਹਾਂ ’ਤੇ ਅੰਗਰੇਜ਼ਾਂ ਦੇ ਸਮੇਂ ਤੋਂ ਲਗਾਏ ਗਏ ਪੌਦੇ ਹੁਣ ਵੱਡੇ ਦਰੱਖ਼ਤ ਬਣ ਗਏ ਹਨ। ਦਰੱਖ਼ਤ ਜਿੰਨਾ ਵੀ ਵਿਸ਼ਾਲ ਹੁੰਦਾ ਹੈ ਉਨਾ ਹੀ ਖਿੱਚ ਦਾ ਕੇਂਦਰ ਹੁੰਦਾ ਹੈ,

ਪਰ ਸੜਕੀ ਮਾਰਗ ਹੋਣ ਕਾਰਨ ਇਨ੍ਹਾਂ ਦੀਆਂ ਜੜ੍ਹਾਂ ਜ਼ਮੀਨ ਦੇ ਜ਼ਿਆਦਾ ਹੇਠਾਂ ਤਕ ਨਹੀਂ ਜਾ ਰਹੀਆਂ ਹਨ। ਇਸ ਨਾਲ ਉਨ੍ਹਾਂ ਨੂੰ ਭਰਪੂਰ ਪਾਣੀ ਤੇ ਪੋਸ਼ਣ ਨਹੀਂ ਮਿਲ ਰਿਹਾ। ਤੇਜ਼ ਹਵਾ ਤੇ ਮੀਂਹ ਪੈਣ ’ਤੇ ਦਰੱਖ਼ਤ ਡਿੱਗ ਜਾਂਦੇ ਹਨ। ਇਕ ਅਧਿਕਾਰੀ ਨੇ ਦਸਿਆ ਕਿ ਅਸੀ ਅਜਿਹੇ ਦਰੱਖ਼ਤਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਦੀਆਂ ਜੜ੍ਹਾਂ ਕਮਜ਼ੋਰ ਹਨ।

‘ਅਸੀਂ ਇਨ੍ਹਾਂ ਦਰੱਖ਼ਤਾਂ ਦਾ ਇਲਾਜ ਕਰਾਂਗੇ ਤਾਕਿ ਮਾਨਸੂਨ ਵਿਚ ਉਹ ਡਿੱਗਣ ਨਾ। ਇਕ ਪੌਦੇ ਨੂੰ ਦਰੱਖ਼ਤ ਬਣਨ ’ਚ ਕਈ ਸਾਲ ਲੱਗ ਜਾਂਦੇ ਹਨ, ਇਸ ਲਈ ਅਸੀਂ ਚਾਹੁੰਦੇ ਹਾਂ ਕਿ ਕਿਸੇ ਵੀ ਦਰੱਖ਼ਤ ਨੂੰ ਨੁਕਸਾਨ ਨਾ ਪਹੁੰਚੇ। ਦਰੱਖ਼ਤਾਂ ਨੂੰ ਐਮ.ਪੀ.ਕੇ. ਫ਼ਰਟੀਲਾਈਜ਼ਰ ਦਵਾਈ ਗੋਲੀਆਂ ਦੇ ਰੂਪ ਵਿਚ ਦਿਤੀਆਂ ਜਾਂਦੀਆਂ ਹਨ। ਦਰੱਖ਼ਤ ਦੇ ਚਾਰੇ ਪਾਸੇ ਜ਼ਮੀਨ ਵਿਚ ਪਾਈਪ ਪਾ ਕੇ ਇਹ ਦਵਾਈ ਦਿਤੀ ਜਾਵੇਗੀ।

ਇਸ ਦਾ ਫ਼ਾਇਦਾ ਇਹ ਹੋਵੇਗਾ ਕਿ ਦਰੱਖ਼ਤਾਂ ਨੂੰ ਜਦੋਂ ਵੀ ਪਾਣੀ ਦਿਤਾ ਜਾਵੇਗਾ ਉਦੋਂ ਹੀ ਉਹ ਜੜ੍ਹ ਦੇ ਆਖ਼ਰੀ ਹਿੱਸੇ ਤਕ ਪਹੁੰਚੇਗਾ। ਲੋਕਾਂ ਦੇ ਵਿਰੋਧ ਕਾਰਨ ਨਵੀਂ ਦਿੱਲੀ ਨਗਰ ਪਾਲਿਕਾ ਪ੍ਰੀਸ਼ਦ ਨੂੰ ਦਰੱਖ਼ਤਾਂ ਦੀ ਛਾਂਟੀ ਕਰਨ ਵਿਚ ਪ੍ਰੇਸ਼ਾਨੀ ਆਉਂਦੀ ਹੈ। ਇਸ ਵਾਰ ਐਨਡੀਐਮਸੀ ਨੇ ਪਹਿਲਾਂ ਲੋਕਾਂ ਨੂੰ ਜਾਗਰੂਕ ਕਰਨ ਦਾ ਫ਼ੈਸਲਾ ਕੀਤਾ ਹੈ। ਐੱਨਡੀਐੱਮਸੀ ਦੇ ਕਰਮਚਾਰੀ ਲੋਕਾਂ ਨੂੰ ਸਮਝਾ ਕੇ ਦਰੱਖ਼ਤਾਂਂ ਦੀ ਛਾਂਟੀ (ਹੈਂਡਿੰਗ ਬੈਕ/ਟਾਪ ਵਰਕ) ਕਰਨਗੇ। ਇਸ ਨਾਲ ਦਰੱਖ਼ਤਾਂ ਦੀ ਉਮਰ ਕਰੀਬ 50 ਸਾਲ ਵੱਧ ਜਾਵੇਗੀ।