Punjabi Culture: ਦੁਪੱਟਾ ਮੇਰਾ ਸੱਤ ਰੰਗ ਦਾ
ਦੁਪੱਟਾ ਭਾਰਤੀ ਵਸਤਰ ਸਲਵਾਰ ਕਮੀਜ਼ ਦਾ ਅਨਿੱਖੜਵਾਂ ਅੰਗ ਹੈ। ਸਲਵਾਰ ਕਮੀਜ਼ ਦੇ ਤੀਜੇ ਬਸਤਰ ਨੂੰ ਦੁਪੱਟਾ ਕਿਹਾ ਜਾਂਦਾ ਹੈ।
ਦੁਪੱਟਾ ਭਾਰਤੀ ਵਸਤਰ ਸਲਵਾਰ ਕਮੀਜ਼ ਦਾ ਅਨਿੱਖੜਵਾਂ ਅੰਗ ਹੈ। ਸਲਵਾਰ ਕਮੀਜ਼ ਦੇ ਤੀਜੇ ਬਸਤਰ ਨੂੰ ਦੁਪੱਟਾ ਕਿਹਾ ਜਾਂਦਾ ਹੈ। ਦੁਪੱਟੇ ਦਾ ਪ੍ਰਯੋਗ ਪ੍ਰਾਚੀਨ ਕਾਲ ਤੋਂ ਸਲਵਾਰ, ਕਮੀਜ਼, ਸਾੜ੍ਹੀ, ਘੱਗਰੇ ਨਾਲ ਕੀਤਾ ਜਾਂਦਾ ਰਿਹਾ ਹੈ। ਪੇਂਡੂ ਔਰਤਾਂ ਦੁਪੱਟੇ ਦਾ ਜ਼ਿਆਦਾਤਰ ਇਸਤੇਮਾਲ ਇਸ ਤਰ੍ਹਾਂ ਕਰਦੀਆਂ ਹਨ ਤਾਂ ਜੋ ਉਨ੍ਹਾਂ ਦਾ ਅਪਣਾ ਸਿਰ ਤੇ ਜ਼ਿਆਦਾਤਰ ਭਾਗ ਦੁਪੱਟੇ ਨਾਲ ਢਕਿਆ ਰਹੇ। ਦੁਪੱਟਾ ਦੋ ਪੱਟਾ ਨੂੰ ਜੋੜ ਕੇ ਬਣਾਇਆ ਹੋਇਆ ਤਿੰਨ ਗਜ ਲੰਬਾ ਤੇ ਡੇਢ ਗਜ ਚੌੜਾ ਜਾਂ ਫੁਲਕਾਰੀ ਉਤੇ ਬਾਰੀਕ ਮਲਮਲ ਦਾ ਦੁਪੱਟਾ ਜੋੜਿਆ ਹੁੰਦਾ ਹੈ।
ਪੰਜਾਬੀ ਲੋਕ ਧਾਰਾ ਵਿਚ :
ਬੁਕਲ ਮਾਰੋਂ ਖੇਸ ਦੀ,
ਵਹੁਟੀ ਆਈ ਲਾੜੇ ਦੇ ਮੇਚ ਦੀ।
ਚੁੰਨੀ ਰੰਗ ਦੇ ਲਲਾਰੀਆਂ ਮੇਰੀ
ਅਲਸੀ ਦੇ ਫੁੱਲ ਵਰਗੀ।
ਦੁਪੱਟੇ ਤੇ ਫ਼ਿਲਮਾਇਆ ਗਾਣਾ ਦੁਪੱਟਾ ਤੇਰਾ ਸੱਤ ਰੰਗ ਦਾ ਬਿੰਦਰਖੀਆ ਦਾ ਗਾਣਾ ਕਾਫ਼ੀ ਮਕਬੂਲ ਹੋਇਆ ਹੈ, ਜੋ ਵਿਆਹਾਂ ਸ਼ਾਦੀਆਂ ਵਿਚ ਹੁਣ ਵੀ ਗਾਇਆ ਜਾਂਦਾ ਹੈ। ਫ਼ਿਲਮਾਂ ਵਿਚ ਵੀ ਦੁਪੱਟੇ ’ਤੇ ਕਈ ਗੀਤ ਫ਼ਿਲਮਾਏ ਗਏ ਹਨ। ਹਵਾ ਮੇਂ ਉੜਤਾ ਜਾਏ ਨੀ ਮੇਰਾ ਲਾਲ ਦੁਪੱਟਾ ਮਖਮਲ ਦਾ, ਨੀ ਮੇਰਾ ਲਾਲ ਦੁਪੱਟਾ ਮਖਮਲ ਦਾ।’
ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਪਿੰਡ ਦੀਆਂ ਨੂੰਹਾਂ ਜਿਹੜਾ ਵੀ ਪਿੰਡ ਦਾ ਸਿਆਣਾ ਬੰਦਾ ਹੁੰਦਾ ਸੀ ਉਸ ਨੂੰ ਸਾਹਮਣੇ ਦੇਖ ਕੇ ਸਤਿਕਾਰ ਵਜੋਂ, ਦੁਪੱਟੇ ਜਾਂ ਚੁੰਨੀ ਨਾਲ ਘੁੰਡ ਕਢਦੀਆਂ ਸਨ। ਘਰ ਵਿਚ ਸਹੁਰੇ ਤੇ ਜੇਠ ਦਾ ਆਦਰ ਕਰਨ ਲਈ ਘੁੰਢ ਕਢਦੀਆਂ ਸਨ। ਅਣ-ਵਿਆਹੀਆਂ ਕੁੜੀਆਂ ਵੀ ਸਿਰ ’ਤੇ ਚੁੰਨੀ ਰਖਦੀਆਂ ਸਨ। ਗੁਰਦਵਾਰੇ ਜਾਂ ਅੰਤਮ ਅਸਥਾਨ ’ਤੇ ਦੁਪੱਟੇ ਨਾਲ ਸਿਰ ਢੱਕ ਕੇ ਜਾਂਦੀਆਂ ਸਨ। ਵੱਡਿਆਂ ਦਾ ਸਤਿਕਾਰ ਚੁੰਨੀ ਜਾਂ ਦੁਪੱਟੇ ਨਾਲ ਸਿਰ ਢੱਕ ਕੇ ਕੀਤਾ ਜਾਂਦਾ ਸੀ। ਅਜੇ ਵੀ ਕਈ ਔਰਤਾਂ ਨੇ ਇਸ ਵਿਰਸੇ ਨੂੰ ਸੰਭਾਲ ਕੇ ਰਖਿਆ ਹੋਇਆ ਹੈ।
ਪਿੰਡ ਦੇ ਥੜੇ ’ਤੇ ਆਮ ਲੋਕ ਵਿਹਲੇ ਹੋ ਕੇ ਤਖ਼ਤਪੋਸ਼ ’ਤੇ ਬੈਠ ਜਾਂਦੇ ਸੀ, ਜਿਥੋਂ ਆਮ ਲੋਕ ਪਿੰਡ ਦੇ ਗੁਜ਼ਰਦੇ ਸੀ। ਸਾਡੇ ਪਿੰਡ ਦਾ ਨੰਬਰਦਾਰ ਬੂਰ ਸਿੰਘ ਸੀ ਜੋ ਥੜੇ ’ਤੇ ਬੈਠਾ ਹੁੰਦਾ ਸੀ, ਔਰਤਾਂ ਨੇ ਤਾਂ ਉਸ ਨੂੰ ਵੇਖ ਕੇ ਘੁੰਢ ਕਢਣਾ ਹੀ ਹੁੰਦਾ ਸੀ। ਮਜਾਲ ਹੈ ਕੋਈ ਮੁੰਡਾ ਕੁੜੀ ਨੰਗੇ ਸਿਰ ਥੜੇ ਲਾਗੇ ਤੋਂ ਲੰਘ ਜਾਵੇ। ਬਜ਼ੁਰਗਾਂ ਦਾ ਵਜਕਾ ਹੁੰਦਾ ਸੀ, ਜਦੋਂ ਕਿਸੇ ਲੜਕੀ ਨੂੰ ਕੋਈ ਮੁਸ਼ਟੰਡਾ ਛੇੜਦਾ ਵੀ ਸੀ ਤਾਂ ਉਹ ਬਜ਼ੁਰਗ ਕੋਲ ਚਲੀ ਜਾਂਦੀ ਸੀ। ਮੁੰਡੇ ਦੀ ਜੁਅੱਰਤ ਨਹੀਂ ਸੀ ਹੁੰਦੀ ਕੁੜੀ ਨੂੰ ਹੱਥ ਲਾਉਣ ਦੀ। ਇਹ ਹੀ ਵਜ੍ਹਾ ਸੀ ਪਿੰਡ ਦੇ ਲੋਕ ਪਿੰਡ ਦੀ ਧੀ-ਭੈਣ ਨੂੰ ਅਪਣੀ ਧੀ-ਭੈਣ ਸਮਝਦੇ ਸੀ। ਦੁੱਖ, ਸੁੱਖ, ਵਿਆਹ-ਸ਼ਾਦੀਆਂ ਵਿਚ ਸ਼ਰੀਕ ਹੁੰਦੇ ਸੀ। ਕਿੰਨੇ-ਕਿੰਨੇ ਦਿਨ ਬਰਾਤਾਂ ਠਹਿਰਣੀਆਂ, ਪਿੰਡ ਦੇ ਲੋਕ ਅਪਣੀ ਧੀ ਭੈਣ ਦਾ ਵਿਆਹ ਸਮਝ ਸ਼ਰੀਕ ਹੁੰਦੇ। ਦੁੱਧ, ਮੰਜੇ, ਬਿਸਤਰੇ ਇਕੱਠੇ ਕਰ ਭੇਜਦੇ ਸੀ।
ਇਕ ਵਾਰੀ ਲੈ ਕੇ ਛੁੱਟੀਆਂ
ਜਦੋਂ ਪਿਛਲੇ ਵਰ੍ਹੇ ਤੂੰ ਆਇਆ,
ਹੱਥ ਉਤੇ ਲਾ ਕੇ ਮਹਿੰਦੀਆਂ ਵੇ ਮੈਂ
ਸੰਗਲੀ ਦੁਪੱਟਾ ਰੰਗਵਾਇਆ।
ਅੱਧਾ-ਅੱਧਾ ਘੰੁਢ ਕੱਢ ਕੇ,
ਸਹੁਰੇ ਸਾਹਮਣੇ ਨਾਂ ਖੁਲ੍ਹ ਕੇ ਬਲਾਵਾਂ,
ਕੌਣ ਆਖੂ ਹੌਲਦਾਰਨੀ,
ਕਿਤੇ ਆਵੀਂ ਨਾ ਤੁੜਾ ਕੇ ਨਾਵਾਂ।
ਸ਼ੌਂਕੀਆਂ ਦੁਪੱਟਾ ਨੀ ਮੈਂ ਸ਼ੌਂਕ ਨਾਲ ਰੰਗਿਆ,
ਹਾਸੀਆਂ ਨੂੰ ਰੋਕ-ਰੋਕ ਮਾਹੀਂ ਕੋਲੋਂ ਲੰਘਿਆ।
ਨੀ ਮੈਨੂੰ ਮਾਹੀ ਵਾਲੇ ਰੰਗ ਵਿਚ ਰਚ ਰਹਿਣ ਦੇ,
ਨੀ ਮੈਨੂੰ ਦਿਉਰ ਦੇ ਵਿਆਹ ਦੇ ਵਿਚ ਨੱਚ ਲੈਣ ਦੇ।
ਹੁਣ ਨਾ ਕੁਆਰੀ ਕੁੜੀ ਤੇ ਨਾ ਹੀ ਨੂੰਹ ਵਿਚ ਫ਼ਰਕ ਨਜ਼ਰ ਆਉਂਦਾ ਹੈ। ਪੱਛਮੀ ਰੰਗਤ ਵਿਚ ਰੰਗ ਕੇ, ਨਾ ਦੁਪੱਟਾ ਰਿਹਾ, ਨਾ ਚੁੰਨੀ ਤੇ ਨਾ ਹੀ ਘੁੰਢ, ਸੱਭ ਕੁੱਝ ਖ਼ਤਮ ਹੋ ਗਿਆ ਹੈ, ਜੋ ਕੇਵਲ ਸਟੇਜਾਂ, ਡਰਾਮਿਆਂ, ਕਲਚਰ ਪ੍ਰੋਗਰਾਮਾਂ ਵਿਚ ਨਜ਼ਰ ਆਉਂਦਾ ਹੈ ਜੋ ਬਾਬੇ ਬੂਰ ਸਿੰਘ ਨੰਬਰਦਾਰ ਵਰਗਿਆਂ ਦਾ ਵਜਕਾ ਸੀ ਰੁਲ ਰਹੇ ਹਨ। ਬੁਢਾਪਾ ਰੁਲ ਰਿਹਾ ਹੈ। ਕੋਈ ਕਿਸੇ ਕੋਲੋਂ ਨਹੀਂ ਡਰਦਾ। ਔਰਤਾਂ ਨਾਲ ਅਪਰਾਧਾਂ ਵਿਚ ਵਾਧਾ ਹੋਇਆ ਹੈ। ਸ਼ਰਮ ਹਜਾ ਖ਼ਤਮ ਹੋ ਗਈ ਹੈ। ਲੋੜ ਹੈ ਨਵੀਂ ਪੀੜ੍ਹੀ ਜੋ ਅਪਣੇ ਸਭਿਆਚਾਰ ਤੋਂ ਦੂਰ ਜਾ ਰਹੀ ਹੈ, ਨੂੰ ਨਾਲ ਜੋੜਨ ਦੀ।
- ਗੁਰਮੀਤ ਸਿੰਘ, ਐਮਏ ਪੁਲਿਸ ਐਡਮਨਿਸਟਰੇਸ਼ਨ, ਸੇਵਾ ਮੁਕਤ ਇੰਸਪੈਕਟਰ ਪੁਲਿਸ (ਮੋ. 9878600221)