ਪੇਟ ਖ਼ਰਾਬ ਹੋਣ ’ਤੇ ਰੋਜ਼ਾਨਾ ਪੀਉ ਬਿਲ ਦਾ ਜੂਸ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਗਰਮੀਆਂ ਵਿਚ ਇਸ ਦਾ ਠੰਢਾ ਮਿੱਠਾ ਜੂਸ ਸਰੀਰ ਦੀ ਗਰਮੀ ਨੂੰ ਠੱਲ੍ਹ ਪਾਉਂਦਾ ਹੈ

Bill Juice

ਗਰਮੀਆਂ ਵਿਚ ਬੁਖ਼ਾਰ, ਮਲੇਰੀਆ, ਲੂ-ਲਗਣਾ, ਪੇਟ ਖ਼ਰਾਬ ਰਹਿਣਾ ਆਦਿ ਰੋਗ ਵਧਦੇ ਹਨ। ਤਪਦੀ ਤੇ ਕੜਕਦੀ ਧੁੱਪ ਵਿਚ ਆਪਾਂ ਬਾਹਰ ਨਿਕਲਣ ਤੋਂ ਵੀ ਗੁਰੇਜ਼ ਕਰਦੇ ਹਾਂ। ਪਿਆਸ ਮਿਟਾਉਣ ਲਈ ਆਪਾਂ ਹਮੇਸ਼ਾ ਗ਼ਲਤ ਚੀਜ਼ਾਂ ਦੀ ਹੀ ਵਰਤੋਂ ਕਰਦੇ ਹਾਂ, ਜਿਵੇਂ ਕੋਲਡ ਡਰਿੰਕ, ਕੁਲਫ਼ੀ, ਆਈਸਕਿ੍ਰਮ, ਬਰਫ਼ ਵਾਲਾ ਠੰਢਾ ਪਾਣੀ ਆਦਿ। ਇਹ ਚੀਜ਼ਾਂ ਗਲੇ ਤੋਂ ਜਦੋਂ ਉਤਰਦੀਆਂ ਹਨ ਤਾਂ ਠੰਢਾ ਠਾਰ ਤਾਂ ਮਹਿਸੂਸ ਹੁੰਦਾ ਹੈ ਪਰ ਜੋ ਨੁਕਸਾਨ ਕਰਦੀਆਂ ਹਨ, ਉਹ ਆਪਾਂ ਨਹੀਂ ਜਾਣਦੇ। ਇਨ੍ਹਾਂ ਦੇ ਕਈ ਸਰੀਰਕ ਨੁਕਸਾਨ ਵੀ ਹੁੰਦੇ ਹਨ ਜੋ ਕਿ ਬੀਮਾਰੀਆਂ ਵਿਚ ਵਾਧਾ ਕਰਦੇ ਹਨ।

ਇਨ੍ਹਾਂ ਚੀਜ਼ਾਂ ਨਾਲੋਂ ਵਧੀਆ ਹੱਲ ਕੁਦਰਤੀ ਚੀਜ਼ਾਂ ਹਨ ਜਿਵੇਂ ਲੱਸੀ, ਜੂਸ, ਸ਼ਿਕੰਜਵੀ ਆਦਿ। ਇਹ ਕੁਦਰਤੀ ਚੀਜ਼ਾਂ ਅਸਲ ਵਿਚ ਪੇਟ ਵਿਚ ਜਾ ਕੇ ਠੰਢ ਪਾਉਂਦੀਆਂ ਹਨ। ਗਰਮੀ ਦੇ ਮੌਸਮ ਵਿਚ ਆਪਾਂ ਅੱਜ ਇਕ ਕੁਦਰਤ ਦੀ ਦੇਣ ਬਿਲ ਦੇ ਰੁੱਖ ਦੀ ਗੱਲ ਕਰਾਂਗੇ। ਗਰਮੀਆਂ ਵਿਚ ਇਸ ਦਾ ਠੰਢਾ ਮਿੱਠਾ ਜੂਸ ਸਰੀਰ ਦੀ ਗਰਮੀ ਨੂੰ ਠੱਲ੍ਹ ਪਾਉਂਦਾ ਹੈ, ਨਾਲ ਹੀ ਜਿਨ੍ਹਾਂ ਦੀ ਗਰਮੀ ਜ਼ਿਆਦਾ ਵਧੀ ਹੋਵੇ, ਵਾਰ-ਵਾਰ ਪੇਟ ਖ਼ਰਾਬ ਹੁੰਦਾ ਹੋਵੇ, ਅਜਿਹੀਆਂ ਮੁਸੀਬਤਾਂ ਵਿਚ ਬਿਲ ਦਾ ਜੂਸ ਲਾਭਦਾਇਕ ਹੈ।
ਬਿੱਲ ਦਾ ਦਰੱਖ਼ਤ ਆਮ ਹੀ ਆਪਾਂ ਨੂੰ ਕਿਤੇ ਨਾ ਕਿਤੇ ਖੜਾ ਮਿਲ ਜਾਂਦਾ ਹੈ।

ਇਹ ਦਰੱਖ਼ਤ 25-30 ਫੁੱਟ ਉੱਚਾ, 3-4 ਫੁੱਟ ਮੋਟਾ, ਫਲ ਬਾਹਰੋਂ ਸਖ਼ਤ ਤੇ ਅੰਦਰੋਂ ਗੂੰਦ ਵਾਂਗ ਤੇ ਬੀਜ ਯੁਕਤ ਹੁੰਦਾ ਹੈ। ਫਲ ਮਿੱਠਾ ਤੇ ਖਾਣ ਵਿਚ ਸਵਾਦ ਹੁੰਦਾ ਹੈ। ਜਦੋਂ ਇਸ ਦਾ ਫਲ ਪੂਰਾ ਨਾ ਪੱਕਿਆ ਹੋਵੇ,  ਉਸ ਵੇਲੇ ਇਸ ਨੂੰ ਭੰਨ ਕੇ ਇਸ ਦਾ ਗੁੱਦਾ ਚਾਕੂ ਨਾਲ ਕੱਢ ਲਉ। ਧੁੱਪ ਵਿਚ ਸੁਕਾ ਕੇ ਰੱਖ ਲਉ। ਜਦੋਂ ਲੋੜ ਹੋਵੇ ਤਾਂ ਕੁੱਟ ਕੇ ਪਾਊਡਰ ਬਣਾ ਕੇ ਰੱਖ ਲਉ। ਪਾਊਡਰ ਜਦੋਂ ਲੋੜ ਹੋਵੇ ਉਸੇ ਸਮੇਂ ਹੀ ਬਣਾਉ ਨਹੀਂ ਤਾਂ ਇਸ ਵਿਚ ਕੀੜੇ ਪੈ ਜਾਂਦੇ ਹਨ। ਇਹ ਕਈ ਰੋਗਾਂ ਦੇ ਇਲਾਜ ਵਿਚ ਕੰਮ ਆਵੇਗਾ।

- ਦਿਲ ਵਿਚ ਦਰਦ ਮਹਿਸੂਸ ਹੋਣ ਉਤੇ ਇਸ ਦੇ ਪੱਤਿਆਂ ਦਾ ਦੋ ਗਰਾਮ ਰਸ ਦੇਸੀ ਘਿਉ ਵਿਚ ਮਿਲਾ ਕੇ ਖਾਉ।
- ਪੇਟ ਦਰਦ ਵਿਚ ਇਸ ਦੇ 10 ਗਰਾਮ ਪੱਤੇ, ਕਾਲੀ ਮਿਰਚ ਦੇ 7 ਨਗ, ਮਿਸ਼ਰੀ 10 ਗਰਾਮ, ਮਿਲਾ ਕੇ ਸ਼ਰਬਤ ਤਿਆਰ ਕਰੋ ਦਿਨ ਵਿਚ 3 ਵਾਰ ਲਉ, ਅਰਾਮ ਮਿਲੇਗਾ।

- ਜ਼ਿਆਦਾ ਪਿਆਸ ਲਗਦੀ ਹੋਵੇ ਜਾਂ ਪੇਟ ਵਿਚ ਜਲਣ ਹੋਵੇ ਤਾਂ 20 ਗਰਾਮ ਪੱਤੇ ਅੱਧਾ ਕਿਲੋ ਪਾਣੀ ਵਿਚ 3 ਘੰਟੇ ਡੁਬੋ ਕੇ ਰੱਖੋ। ਹਰ ਤਿੰਨ ਘੰਟੇ ਬਾਅਦ ਇਹ ਪਾਣੀ 20-20 ਗਰਾਮ ਪੀਂਦੇ ਰਹੋ। ਅੰਦਰਲੀ ਗਰਮੀ ਦੂਰ ਹੋ ਕੇ ਜ਼ਿਆਦਾ ਪਿਆਸ ਲੱਗਣੋਂ ਹੱਟ ਜਾਵੇਗੀ ਜਾਂ 10 ਗਰਾਮ ਪੱਤਿਆਂ ਦਾ ਰਸ, ਕਾਲੀ ਮਿਰਚ, ਨਮਕ ਦੋਵੇਂ ਇਕ-ਇਕ ਗਰਾਮ ਮਿਲਾ ਕੇ 2 ਵਾਰ ਵਰਤੋ।