ਗਰਮੀਆਂ ਵਿਚ ਵੱਧ ਸਕਦੈ ਇਨ੍ਹਾਂ ਬੀਮਾਰੀਆਂ ਦਾ ਖ਼ਤਰਾ, ਇੰਝ ਕਰੋ ਬਚਾਅ

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

ਗਰਮੀ ਦੇ ਮੌਸਮ ਵਿਚ ਤੁਹਾਨੂੰ ਕਿਹੜੀਆਂ ਬੀਮਾਰੀਆਂ ਹੋ ਸਕਦੀਆਂ ਹਨ ਅਤੇ ਇਸ ਤੋਂ ਬਚਣ ਲਈ ਤੁਹਾਨੂੰ ਕੀ ਕਰਨਾ ਚਾਹੀਦਾ ਹੈ, ਆਉ ਜਾਣਦੇ ਹਾਂ: 

The risk of these diseases may increase in summer, so take precautions

 

ਗਰਮੀ ਵਿਚ ਜਿਵੇਂ-ਜਿਵੇਂ ਤੇਜ਼ ਧੁੱਪ ਤੇ ਗਰਮ ਹਵਾਵਾਂ ਚਲਦੀਆਂ ਹਨ, ਉਸੇ ਤਰ੍ਹਾਂ ਸਾਡਾ ਮਨ ਠੰਢੀਆਂ ਚੀਜ਼ਾਂ ਖਾਣ ਨੂੰ ਕਰਦਾ ਹੈ। ਬਦਲ ਰਹੇ ਮੌਸਮ ਦੇ ਹਿਸਾਬ ਨਾਲ ਸਬਜ਼ੀਆਂ ਖਾਣ ਨਾਲ ਸਿਹਤ ਚੰਗੀ ਅਤੇ ਤੰਦਰੁਸਤ ਰਹਿੰਦੀ ਹੈ। ਗਰਮੀ ਦੇ ਮੌਸਮ ਵਿਚ ਤੁਹਾਨੂੰ ਕਿਹੜੀਆਂ ਬੀਮਾਰੀਆਂ ਹੋ ਸਕਦੀਆਂ ਹਨ ਅਤੇ ਇਸ ਤੋਂ ਬਚਣ ਲਈ ਤੁਹਾਨੂੰ ਕੀ ਕਰਨਾ ਚਾਹੀਦਾ ਹੈ, ਆਉ ਜਾਣਦੇ ਹਾਂ: 

ਗਰਮੀਆਂ ਵਿਚ ਲੂ ਲੱਗਣ ਦਾ ਖ਼ਤਰਾ ਸੱਭ ਤੋਂ ਵੱਧ ਹੁੰਦਾ ਹੈ। ਇਸ ਤੋਂ ਬਚਣ ਲਈ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਉ ਅਤੇ ਅਪਣੇ ਆਪ ਨੂੰ ਦਿਨ ਭਰ ਹਾਈਡ੍ਰੇਟਿਡ ਰੱਖੋ। ਨਾਲ ਹੀ ਤੇਜ਼ ਧੁੱਪ ਵਿਚ ਜਾਣ ਤੋਂ ਬਚੋ। ਇਸ ਤੋਂ ਇਲਾਵਾ ਜੇਕਰ ਤੁਹਾਨੂੰ ਤੇਜ਼ ਬੁਖ਼ਾਰ, ਉਲਟੀਆਂ, ਤੇਜ਼ ਸਾਹ, ਚੱਕਰ ਆਉਣੇ, ਕਮਜ਼ੋਰੀ ਵਰਗੇ ਲੱਛਣ ਮਹਿਸੂਸ ਹੋਣ ਤਾਂ ਬਿਨਾਂ ਦੇਰੀ ਡਾਕਟਰ ਨਾਲ ਸੰਪਰਕ ਕਰੋ।

ਗਰਮੀਆਂ ਵਿਚ ਜ਼ਿਆਦਾ ਪਸੀਨਾ ਆਉਣ ਨਾਲ ਚਮੜੀ ’ਤੇ ਧੱਫੜ ਜਾਂ ਪਿੱਤ ਨਿਕਲਣ ਦੀ ਸਮੱਸਿਆ ਹੋ ਜਾਂਦੀ ਹੈ। ਇਸ ਕਾਰਨ ਸਰੀਰ ਵਿਚ ਵਾਰ-ਵਾਰ ਖਾਰਸ਼ ਹੋਣ ਲਗਦੀ ਹੈ। ਇਸ ਤੋਂ ਬਚਣ ਲਈ ਤੰਗ ਅਤੇ ਗੂੜ੍ਹੇ ਰੰਗ ਦੇ ਕਪੜੇ ਨਾ ਪਾਉ। ਰੋਜ਼ਾਨਾ ਨਿੰਮ ਦੀਆਂ ਪੱਤੀਆਂ ਨੂੰ ਪਾਣੀ ਵਿਚ ਭਿਉਂ ਕੇ ਇਸ਼ਨਾਨ ਕਰੋ। ਇਸ ਨਾਲ ਚਮੜੀ ਦੀ ਇਨਫ਼ੈਕਸ਼ਨ ਦੇ ਨਾਲ-ਨਾਲ ਧੱਫੜ ਅਤੇ ਪਿੱਤ ਨਹੀਂ ਹੋਵੇਗੀ। 

ਤੇਜ਼ ਗਰਮੀ ਵਿਚ ਟਾਈਫ਼ਾਈਡ ਹੋਣ ਦਾ ਖ਼ਤਰਾ ਰਹਿੰਦਾ ਹੈ। ਇਹ ਪਾਣੀ ਤੋਂ ਹੋਣ ਵਾਲੀ ਬੀਮਾਰੀ ਹੈ। ਦੂਸ਼ਿਤ ਪਾਣੀ ਦੀ ਵਰਤੋਂ ਅਤੇ ਖ਼ਰਾਬ ਭੋਜਨ ਖਾਣ ਨਾਲ ਤੁਸੀਂ ਟਾਈਫ਼ਾਈਡ ਦਾ ਸ਼ਿਕਾਰ ਹੋ ਸਕਦੇ ਹੋ। ਟਾਈਫ਼ਾਈਡ ਦੇ ਲੱਛਣ ਉਦੋਂ ਵਿਖਾਈ ਦਿੰਦੇ ਨੇ ਜਦੋਂ ਬੈਕਟੀਰੀਆ ਪਾਣੀ ਨਾਲ ਸਰੀਰ ਵਿਚ ਦਾਖ਼ਲ ਹੁੰਦੇ ਹਨ। ਇਸ ਤੋਂ ਬਚਣ ਲਈ ਅਪਣੀ ਡਾਈਟ ਦਾ ਖ਼ਾਸ ਧਿਆਨ ਰੱਖੋ। ਬੱਚਿਆਂ ਨੂੰ ਟਾਈਫ਼ਾਈਡ ਤੋਂ ਬਚਾਅ ਦਾ ਟੀਕਾਕਰਨ ਜ਼ਰੂਰ ਕਰਨਾ ਚਾਹੀਦਾ ਹੈ।

ਗਰਮੀਆਂ ਵਿਚ ਪੀਲੀਆ ਹੋਣਾ ਆਮ ਸਮੱਸਿਆ ਹੈ। ਦੂਸ਼ਿਤ ਪਾਣੀ ਅਤੇ ਭੋਜਨ ਦਾ ਸੇਵਨ ਕਰਨ ਨਾਲ ਹੈਪੇਟਾਈਟਸ ਜਾਂ ਪੀਲੀਆ ਦੀ ਸਮੱਸਿਆ ਹੋ ਸਕਦੀ ਹੈ। ਇਸ ਬੀਮਾਰੀ ਦੇ ਕਾਰਨ ਮਰੀਜ਼ ਦੀਆਂ ਅੱਖਾਂ ਅਤੇ ਨਹੁੰ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਹਨ। ਇਸ ਤੋਂ ਬਚਣ ਲਈ ਲਿਵਰ ਨੂੰ ਸਿਹਤਮੰਦ ਰਖਣਾ ਜ਼ਰੂਰੀ ਹੈ। ਇਸ ਲਈ ਤੁਸੀਂ ਹਲਕਾ ਅਤੇ ਘਰ ਦਾ ਬਣਿਆ ਭੋਜਨ ਖਾਉ।