ਨੀਂਦ ਦੀ ਕਮੀ ਸਾਡੀ ਸਿਹਤ ਤੇ ਕੰਮ ਕਰਨ ਦੀ ਸਮਰੱਥਾ ਨੂੰ ਪ੍ਰਭਾਵਤ ਕਰ ਸਕਦੀ ਹੈ। ਕਈ ਵਾਰ ਲੋਕ ਸੋਚਦੇ ਹਨ ਕਿ ਉਨ੍ਹਾਂ ਨੂੰ ਜਿੰਨੀ ਨੀਂਦ ਆ ਰਹੀ ਹੈ, ਉਹ ਕਾਫ਼ੀ ਹੈ ਪਰ ਇਹ ਸਮਝਣਾ ਜ਼ਰੂਰੀ ਹੈ ਕਿ ਲੋੜੀਂਦੀ ਨੀਂਦ ਲੈਣ ਦੇ ਨਾਲ-ਨਾਲ ਇਸ ਨੂੰ ਨਿਯਮਤ ਤੌਰ ’ਤੇ ਪੂਰਾ ਕਰਨਾ ਵੀ ਜ਼ਰੂਰੀ ਹੈ। ਜੇ ਕਿਸੇ ਨੂੰ ਲੰਮੇ ਸਮੇਂ ਤਕ ਨੀਂਦ ਨਹੀਂ ਆ ਰਹੀ ਤਾਂ ਉਸ ਨੂੰ ਥਕਾਵਟ, ਦਿਨ ਵੇਲੇ ਨੀਂਦ ਨਾ ਆਉਣਾ, ਬੇਚੈਨੀ, ਯਾਦਦਾਸ਼ਤ ਦੀ ਕਮੀ ਵਰਗੀਆਂ ਸਮੱਸਿਆਵਾਂ ਨਾਲ ਜੂਝਣਾ ਪੈਂਦਾ ਹੈ। ਹਰ ਵਿਅਕਤੀ ਲਈ ਕਿੰਨੀ ਨੀਂਦ ਜ਼ਰੂਰੀ ਹੈ, ਤੁਹਾਨੂੰ ਕਿੰਨੀ ਨੀਂਦ ਦੀ ਲੋੜ ਹੈ, ਵੱਖ-ਵੱਖ ਕਾਰਨਾਂ ’ਤੇ ਨਿਰਭਰ ਕਰਦਾ ਹੈ।
ਹਰ ਵਿਅਕਤੀ ਦੀਆਂ ਵੱਖ-ਵੱਖ ਲੋੜਾਂ ਹੁੰਦੀਆਂ ਹਨ। ਇਸੇ ਤਰ੍ਹਾਂ ਉਨ੍ਹਾਂ ਦੀ ਨੀਂਦ ਦੀ ਜ਼ਰੂਰਤ ਵੀ ਬਦਲਦੀ ਹੈ। ਉਮਰ ਇਸ ’ਚ ਸੱਭ ਤੋਂ ਮਹੱਤਵਪੂਰਨ ਕਾਰਨ ਹੈ। ਜਾਣਦੇ ਹਾਂ ਉਮਰ ਦੇ ਹਿਸਾਬ ਨਾਲ ਕਿੰਨੀ ਨੀਂਦ ਜ਼ਰੂਰੀ ਹੈ। ਡਾਕਟਰਾਂ ਅਨੁਸਾਰ ਨਵਜੰਮੇ ਬੱਚੇ ਨੂੰ ਹਰ ਰੋਜ਼ 14 ਤੋਂ 17 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ, ਜਦੋਂਕਿ 4 ਤੋਂ 11 ਮਹੀਨੇ ਦੇ ਬੱਚਿਆਂ ਨੂੰ 12 ਤੋਂ 15 ਘੰਟੇ ਦੀ ਨੀਂਦ ਲੈਣ ਦੀ ਸਲਾਹ ਦਿਤੀ ਗਈ ਹੈ। 1 ਤੋਂ 2 ਸਾਲ ਦੀ ਉਮਰ ਦੇ ਬੱਚੇ ਨੂੰ 11 ਤੋਂ 14 ਘੰਟੇ ਦੀ ਨੀਂਦ ਲੈਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਪ੍ਰੀ-ਸਕੂਲ ਦੇ ਬੱਚਿਆਂ ਲਈ ਜੋ 3 ਤੋਂ 5 ਸਾਲ ਦੇ ਵਿਚਕਾਰ ਹਨ, ਨੂੰ 10 ਤੋਂ 13 ਘੰਟੇ ਦੀ ਨੀਂਦ ਲੈਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।
ਸਕੂਲ ਜਾਣ ਵਾਲੇ 6 ਤੋਂ 13 ਸਾਲ ਦੇ ਬੱਚਿਆਂ ਲਈ 9 ਤੋਂ 11 ਘੰਟੇ ਦੀ ਨੀਂਦ ਕਾਫ਼ੀ ਹੁੰਦੀ ਹੈ। 14 ਤੋਂ 17 ਸਾਲ ਦੇ ਲੜਕਿਆਂ ਲਈ 8 ਤੋਂ 10 ਘੰਟੇ ਦੀ ਨੀਂਦ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ ਪਰ ਕਿਸ਼ੋਰ ਉਮਰ ਦੇ ਬੱਚਿਆਂ ਨੂੰ 7 ਘੰਟੇ ਤੋਂ ਘੱਟ ਅਤੇ 11 ਘੰਟਿਆਂ ਤੋਂ ਵੱਧ ਨਹੀਂ ਸੌਣਾ ਚਾਹੀਦਾ। ਇਸ ਨਾਲ ਹੀ 18 ਤੋਂ 25 ਸਾਲ ਦੀ ਉਮਰ ਦੇ ਨੌਜਵਾਨਾਂ ਲਈ 7 ਤੋਂ 9 ਘੰਟੇ ਦੀ ਨੀਂਦ ਕਾਫ਼ੀ ਮੰਨੀ ਜਾਂਦੀ ਹੈ। ਇਹ ਵੀ ਧਿਆਨ ’ਚ ਰੱਖਣਾ ਚਾਹੀਦਾ ਹੈ ਕਿ ਇਨ੍ਹਾਂ ਨੌਜਵਾਨਾਂ ਨੂੰ 6 ਘੰਟੇ ਤੋਂ ਘੱਟ ਨਹੀਂ ਸੌਣਾ ਚਾਹੀਦਾ ਅਤੇ 11 ਘੰਟੇ ਤੋਂ ਵੱਧ ਨੀਂਦ ਨਹੀਂ ਲੈਣੀ ਚਾਹੀਦੀ। ਇਹੀ ਮਾਪਦੰਡ 26 ਤੋਂ 64 ਸਾਲ ਦੀ ਉਮਰ ਦੇ ਲੋਕਾਂ ਲਈ ਤੈਅ ਕੀਤਾ ਗਿਆ ਹੈ। 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਵੀ 7 ਤੋਂ 8 ਘੰਟੇ ਦੀ ਨੀਂਦ ਲੈਣ ਦੀ ਸਲਾਹ ਦਿਤੀ ਗਈ ਹੈ।
ਇਮਿਊਨਟੀ ਸਿਸਟਮ ਨੂੰ ਸਿਹਤਮੰਦ ਰਖਣ ਤੇ ਮੈਟਾਬੋਲਿਜ਼ਮ ਨੂੰ ਬਿਹਤਰ ਬਣਾਉਣ ਲਈ ਨੀਂਦ ਲੈਣਾ ਬਹੁਤ ਮਹੱਤਵਪੂਰਨ ਹੈ। ਇਸ ਤੋਂ ਇਲਾਵਾ ਚੰਗੀ ਨੀਂਦ ਸਾਨੂੰ ਮੋਟਾਪੇ ਤੇ ਬਲੱਡ ਪ੍ਰੈਸ਼ਰ ਵਰਗੀਆਂ ਖ਼ਤਰਨਾਕ ਬਿਮਾਰੀਆਂ ਤੋਂ ਵੀ ਦੂਰ ਰਖਦੀ ਹੈ। ਚੰਗੀ ਨੀਂਦ ਨਾਲ ਸਾਡੇ ਚਿਹਰੇ ਦੀ ਰੰਗਤ ਵੀ ਵਧਦੀ ਹੈ ਅਤੇ ਅੱਖਾਂ ਦੇ ਕਾਲੇ ਘੇਰੇ ਵੀ ਘੱਟ ਹੁੰਦੇ ਹਨ।
ਚੰਗੀ ਨੀਂਦ ਸਾਨੂੰ ਤਣਾਅ-ਮੁਕਤ ਰੱਖਣ ਦੇ ਨਾਲ-ਨਾਲ ਦਿਨ ਭਰ ਆਤਮ-ਵਿਸ਼ਵਾਸ ’ਚ ਵੀ ਰਖਦੀ ਹੈ, ਜਿਸ ਕਾਰਨ ਅਸੀਂ ਸਾਰੇ ਕੰਮ ਮਨ ਲਗਾ ਕੇ ਕਰ ਸਕਦੇ ਹਾਂ। ਚੰਗੀ ਨੀਂਦ ਵੀ ਸਾਨੂੰ ਲੰਮੀ ਉਮਰ ਦਿੰਦੀ ਹੈ। ਇਸ ਨਾਲ ਸਾਡੀ ਯਾਦਦਾਸ਼ਤ ਵੀ ਤੇਜ਼ ਹੁੰਦੀ ਹੈ ਤੇ ਥਕਾਵਟ ਵੀ ਦੂਰ ਹੁੰਦੀ ਹੈ। ਨੀਂਦ ਦੀ ਕਮੀ ਨਾਲ ਕਈ ਵਾਰ ਗੰਭੀਰ ਦੁਰਘਟਨਾਵਾਂ ਵੀ ਹੋ ਸਕਦੀਆਂ ਹਨ। ਨੀਂਦ ਦੀ ਕਮੀ ਦਫ਼ਤਰ ਜਾਂ ਸਕੂਲ ’ਚ ਵੀ ਸਾਡੀ ਕਾਰਗੁਜ਼ਾਰੀ ਨੂੰ ਪ੍ਰਭਾਵਤ ਕਰਦੀ ਹੈ। ਇਸ ਲਈ ਤੁਹਾਨੂੰ ਭਰਪੂਰ ਨੀਂਦ ਲੈਣ ਦੀ ਸਲਾਹ ਦਿਤੀ ਜਾਂਦੀ ਹੈ।