Punjabi Culture News: ਦੁਨੀਆਂ ਦਾ ਪਹਿਲਾ ਲੋਕ ਗੀਤ ਲੋਰੀ
Punjabi Culture News: ਹਰ ਇਕ ਮਾਂ ਅਪਣੇ ਬੱਚੇ ਲਈ ਲੋਰੀ ਗਾਉਂਦੀ ਹੈ
ਜਦੋਂ ਸਾਡੇ ਘਰ ਬਲੈਕ ਐਂਡ ਵ੍ਹਾਈਟ ਟੈਲੀਵੀਜ਼ਨ ਆਇਆ ਉਦੋਂ ਤੋਂ ਲੈ ਕੇ ਹੁਣ ਤਕ ਲਗਾਤਾਰ ਰੰਗੋਲੀ ਐਤਵਾਰ ਸਵੇਰੇ 8 ਵਜੇ ਤੋਂ ਲੈ ਕੇ 9 ਵਜੇ ਤਕ ਦੇਖ ਰਿਹਾ ਹਾਂ। ਰੰਗੋਲੀ ਵਿਚ ਹਰ ਹਫ਼ਤੇ ਗਾਣੇ ਆਉਂਦੇ ਹਨ। ਇਕ ਵਾਰ ਐਤਵਾਰ ਲੋਰੀ ਦੇ ਉਪਰ ਫ਼ਿਲਮੀ ਗਾਣੇ ਜੋ ਫ਼ਿਲਮਾਏ ਗਏ ਸਨ ਉਹ ਆਏ। ਮੈਂ ਲੋਰੀ ਦੇ ਗਾਣੇ ਸੁਣ ਰਿਹਾ ਸੀ ਜਿਸ ਵਿਚ ਮਾਂ ਦੀ ਮਮਤਾ ਸਾਫ਼ ਝਲਕਦੀ ਸੀ, ਜੋ ਅਪਣੇ ਬੱਚੇ ਨੂੰ ਲੋਰੀ ਗਾ ਕੇ ਸਵਾਉਂਦੀ ਹੈ। ਲਿਖਣ ਲਈ ਉਨ੍ਹਾਂ ਬੱਚਿਆਂ ਵਾਸਤੇ ਮਜਬੂਰ ਹੋ ਗਿਆ ਹਾਂ ਜੋ ਬੱਚੇ ਜਵਾਨ ਹੋ ਮਾਂ ਦਾ ਕਤਲ ਕਰ ਰਹੇ ਹਨ, ਕੁੱਟਦੇ ਹਨ ਤੇ ਬਿਰਧ ਆਸ਼ਰਮ ਛੱਡ ਰਹੇ ਹਨ।
ਮਹਿਮੂਦ ਫ਼ਿਲਮ ਇੰਡਸਟਰੀ ਦਾ ਹਾਸ ਕਲਾਕਾਰ ਡਾਕਟਰ ਨੂੰ ਦਿਖਾਉਣ ਅਪਣੇ ਮੁੰਡੇ ਨੂੰ ਹਸਪਤਾਲ ਲੈ ਕੇ ਗਿਆ। ਡਾਕਟਰ ਨੇ ਕਿਹਾ ਇਸ ਨੂੰ ਪੋਲਿਉ ਹੋਇਆ ਹੈ। ਮਹਿਮੂਦ ਨੇ ਕਿਹਾ ਪੋਲਿਉ ਕੀ ਹੁੰਦਾ ਹੈ। ਡਾਕਟਰ ਨੇ ਖਿੱਝ ਕੇ ਕਿਹਾ ਤੂੰ ਦੁਨੀਆਂ ਦਾ ਕਿਹੋ ਜਿਹਾ ਬਾਪ ਹੈ ਜਿਸ ਨੇ ਅਪਣੇ ਮੁੰਡੇ ਨੂੰ ਪੋਲਿਉ ਦਾ ਟੀਕਾ ਨਹੀਂ ਲਗਵਾਇਆ। ਮਹਿਮੂਦ ਨੂੰ ਡਾਕਟਰ ਵਲੋਂ ਕਹੀ ਗੱਲ ਦਾ ਇੰਨਾ ਅਸਰ ਹੋਇਆ ਕਿ ਮਹਿਮੂਦ ਨੇ ਪੋਲਿਉ ਦੇ ਇਲਾਜ ਵਾਸਤੇ ਕਈ ਸੰਸਥਾਵਾਂ ਖੋਲ੍ਹੀਆਂ ਤਾਂ ਜੋ ਉਸ ਦੇ ਬੇਟੇ ਵਾਂਗ ਕੋਈ ਹੋਰ ਬੱਚਾ ਪੋਲਿਉ ਦਾ ਸ਼ਿਕਾਰ ਨਾ ਹੋਵੇ। ਬੱਚੇ ਅਤੇ ਬਾਪ ਤੇ ਫ਼ਿਲਮ ‘ਕੁਆਰਾ ਬਾਪ’ ਬਣਾਈ ਜਿਸ ਵਿਚ ਮਹਿਮੂਦ ਤੇ ਗਾਣਾ ਸਵੀਜਾ ਤਾਰਾ ਫ਼ਿਲਮਾਇਆ ਗਿਆ ਹੈ ਜੋ ਬੱਚੇ ਨੂੰ ਲੋਰੀ ਦੇ ਕੇ ਸਵਾ ਰਿਹਾ ਹੈ ਜੋ ਰੰਗੋਲੀ ਵਿਚ ਦਿਖਾਇਆ ਗਿਆ ਹੈ।
ਲੋਰੀ ਦਾ ਅਰਥ: ਲੋਰੀ ਨੂੰ ਦੁਨੀਆਂ ਦਾ ਪਹਿਲਾ ਲੋਕ ਗੀਤ ਮੰਨਿਆ ਜਾਂਦਾ ਹੈ। ਇਹ ਵੀ ਧਾਰਨਾ ਪ੍ਰਚਲਤ ਹੈ ਕਿ ਜਦੋਂ ਪਹਿਲੀ ਵਾਰੀ ਬੱਚੇ ਦਾ ਜਨਮ ਹੋਇਆ ਹੋਵੇਗਾ ਬੱਚੇ ਦੀ ਮਾਂ ਨੇ ਕੁੱਝ ਲਾਈਨਾਂ ਬੱਚੇ ਦੇ ਜਨਮ ਦੀ ਖ਼ੁਸ਼ੀ ਵਿਚ ਗਾਈਆਂ ਹੋਣਗੀਆਂ। ਇਥੋਂ ਹੀ ਲੋਰੀ ਕਾਵਿ ਰੂਪ ਦੀ ਰਚਨਾ ਹੋਈ ਹੋਵੇਗੀ। ਹਰ ਇਕ ਮਾਂ ਅਪਣੇ ਬੱਚੇ ਲਈ ਲੋਰੀ ਗਾਉਂਦੀ ਹੈ।
ਲੋਰੀਆਂ ਅਕਸਰ ਲਕਮਵੀ ਅਤੇ ਧੀਮੀ ਹੇਕ ਵਿਚ ਗਾਈਆਂ ਜਾਂਦੀਆਂ ਹਨ ਤਾਂ ਜੋ ਇਨ੍ਹਾਂ ਨੂੰ ਸੁਣ ਕੇ ਬੱਚੇ ਨੂੰ ਨੀਂਦ ਆ ਜਾਵੇ। ਲੋਰੀ ਅਕਸਰ ਬੱਚੇ ਨੂੰ ਦੁੱਧ ਪਿਆਉਂਦੇ, ਨਹਾਉਂਦੇ, ਖਿਡਾਉਂਦੇ, ਰੋਂਦੇ ਨੂੰ ਹਸਾਉਂਦੇ, ਸਵਾਉਂਦੇ ਗਾਈਆਂ ਜਾਂਦੀਆਂ ਹਨ। ਕਈ ਸਾਰੀਆਂ ਭਾਸ਼ਾ ਵਿਚ ਸ਼ਬਦ ਲੋਰੀ ਦੀ ਵਰਤੋਂ ਕੀਤੀ ਗਈ ਹੈ। ਹਿੰਦੀ ਵਿਚ ਵੀ ਇਸ ਨੂੰ ਲੋਰੀ ਹੀ ਕਹਿੰਦੇ ਹਨ। ਮਰਾਠੀ ਭਾਸ਼ਾ ਵਿਚ ਲੋਰੀ ਲਈ ‘ਅੰਗਾਈ ਗੀਤ’ ਸ਼ਬਦ ਪ੍ਰਚਲਤ ਹੈ। ਫ਼ਾਰਸੀ ਵਿਚ ਲੋਰੀ ਲਈ ‘ਲਿਲਥ ਬੇ’ ਤੇ ‘ਬਾਲੂ ਬਾਲੂ’ ਸ਼ਬਦ ਪ੍ਰਚਲਤ ਹੈ। ਪੰਜਾਬੀ ਤੇ ਹਿੰਦੀ ਸ਼ਬਦ ਲੋਰੀ ਦੀ ਉਤਪਤੀ ‘ਲੋਰ’ ਧਾਂਤੂ ਤੋਂ ਹੋਈ ਮੰਨੀ ਜਾਂਦੀ ਹੈ। ਲੋਰ ਸੰਸਕ੍ਰਿਤ ਦੇ ‘ਲੋਰ’ ਦੇ ਅਰਥ ਚੰਚਲ ਕੰਬਦਾ ਹੋਇਆ, ਹਿਲਦਾ ਹੋਇਆ ਹਨ। ਪੰਜਾਬੀ ਲੋਰੀਆਂ: ਪੰਜਾਬੀ ਸਾਹਿਤ ਲੋਕ ਦਾ ਅੰਗ ਹਨ।
ਅੱਲੜ੍ਹ ਬੱਲੜ੍ਹ ਬਾਵੇ ਦਾ, ਬਾਵਾ ਕਣਕ ਲਿਆਏਗਾ,
ਬਾਵੀ ਬਹਿ ਕੇ ਛੱਟੇਗੀ, ਛੱਟ ਭੜੋਲੇ ਪਾਵੇਗੀ,
ਬਾਵੀ ਮੰਨ ਪਕਾਵੇਂਗੀ, ਬਾਵਾ ਬਹਿ ਕੇ ਖਾਏਗਾ।
ਅੱਲੜ੍ਹ ਬੱਲੜ੍ਹ ਬਾਵੇ ਦਾ, ਬਾਵਾ ਕਪਾਹ ਲਿਆਵੇਗਾ,
ਬਾਵੀ ਬਹਿ ਕੇ ਕੱਤੇਗੀ, ਪ੍ਰੇਮਾਂ ਪੂਣੀਆਂ ਵੱਟੇਗੀ,
ਗੋਡੇ ਹੇਠ ਲੁਕਾਏਗੀ, ਬਾਵਾ ਖਿੜ ਖਿੜ ਹੱਸੇਗਾ।
ਲੋਰੀ ਵੇ ਲੋਰੀ, ਦੁੱਧ ਦੀ ਕਟੋਰੀ,
ਪੀ ਲੈ ਨਿੱਕਿਆਂ ਲੋਕਾਂ ਤੋਂ ਚੋਰੀ।
ਸੌ ਜਾ ਕਾਕਾ ਤੂੰ, ਤੇਰੀ ਕੱਛ ਵਿਚ ਵੜ ਗਈ ਜੂੰ,
ਕਢਣ ਤੇਰੀਆਂ ਮਾਸੀਆਂ ਕਢਾਉਣ ਵਾਲਾ ਤੂੰ।
ਸੌ ਜਾ ਕਾਕਾ ਤੂੰ ਤੇਰੀ ਬੋਦੀ ਵਿਚ ਵੜ ਗਈ ਜੂੰ,
ਕਢਣ ਤੇਰੀਆਂ ਮਾਸੀਆਂ, ਕਢਾਵੇ ਕਾਕਾ ਤੂੰ।
ਨੌਜਵਾਨ ਪੀੜ੍ਹੀ ਅਪਣੇ ਪੁਰਾਣੇ ਸਭਿਆਚਾਰ ਵਿਰਸੇ ਤੋਂ ਅਨਜਾਣ ਹੈ। ਮਾਂ-ਪਿਉ ਬੜੀ ਮੁਸ਼ਕਲ ਨਾਲ ਅਪਣੇ ਬੱਚਿਆਂ ਨੂੰ ਪਾਲ ਪੋਸ ਕੇ ਰੁਜ਼ਗਾਰ ’ਤੇ ਲਗਾਉਂਦੇ ਹਨ ਪਰ ਬੜੇ ਅਫ਼ਸੋਸ ਨਾਲ ਕਹਿਣਾ ਪਵੇਗਾ ਕਲਯੁਗੀ ਬੱਚੇ ਜਿਸ ਨੂੰ ਮਾਪੇ ਲੋਰੀਆਂ ਦੇ ਕੇ ਪਾਲਦੇ ਹਨ ਉਹੀ ਬੱਚੇ ਜਵਾਨ ਹੋ ਮਾਂ ਪਿਉ ਨੂੰ ਮਾਰਦੇ ਕੁੱਟਦੇ ਹਨ ਤੇ ਘਰੋਂ ਕੱਢ ਬਿਰਧ ਆਸ਼ਰਮ ਵਿਚ ਭੇਜ ਦਿੰਦੇ ਹਨ। ਇਥੋਂ ਤਕ ਉਨ੍ਹਾਂ ਦਾ ਕਤਲ ਵੀ ਕਰ ਦਿੰਦੇ ਹਨ।
ਰੋਜ਼ਾਨਾ ਅਖ਼ਬਾਰਾਂ ਵਿਚ ਅਸੀਂ ਪੜ੍ਹਦੇ ਸੁਣਦੇ ਹਾਂ। ਜਿਹੜੇ ਬੱਚੇ ਇਸ ਤਰ੍ਹਾਂ ਦਾ ਵਿਵਹਾਰ ਕਰਦੇ ਹਨ, ਨੂੰ ਸਮਝ ਲੈਣਾ ਚਾਹੀਦਾ ਹੈ ਜੋ ਅੱਜ ਉਹ ਅਪਣੇ ਮਾਂ ਬਾਪ ਨਾਲ ਕਰ ਰਹੇ ਹਨ ਕਲ ਨੂੰ ਉਨ੍ਹਾਂ ਦੇ ਬੱਚੇ ਵੀ ਉਨ੍ਹਾਂ ਨਾਲ ਇਹੋ ਜਿਹਾ ਵਿਵਹਾਰ ਕਰਨਗੇ। ਨੌਜਵਾਨਾਂ ਨੂੰ ਅਪਣੇ ਵਿਰਸੇ ਨਾਲ ਜੋੜਨ ਦੀ ਬਹੁਤ ਹੀ ਜ਼ਰੂਰਤ ਹੈ। ਜੋ ਹੌਲੀ ਹੌਲੀ ਅਲੋਪ ਹੋ ਰਿਹਾ ਹੈ।
-ਗੁਰਮੀਤ ਸਿੰਘ ਵੇਰਕਾ ਐਮਏ ਪੁਲਿਸ ਐਡਮਨਿਸਟਰੇਸ਼ਨ ਸੇਵਾ ਮੁਕਤ ਇੰਸਪੈਕਟਰ ਪੰਜਾਬ ਪੁਲਿਸ। 9878600221