ਸਰੀਰ ਦੀਆਂ ਕਈ ਬੀਮਾਰੀਆਂ ਦੂਰ ਕਰਦੈ ਬੱਕਰੀ ਦਾ ਦੁੱਧ
ਬਕਰੀ ਦੇ ਦੁੱਧ ਵਿਚ ਬਹੁਤ ਸਾਰੇ ਗੁਣ ਪਾਏ ਜਾਂਦੇ ਹਨ ਅਤੇ ਇਹ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ।
ਬਕਰੀ ਦੇ ਦੁੱਧ ਵਿਚ ਬਹੁਤ ਸਾਰੇ ਗੁਣ ਪਾਏ ਜਾਂਦੇ ਹਨ ਅਤੇ ਇਹ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ। ਇਹੀ ਕਾਰਨ ਹੈ ਕਿ ਬਹੁਤ ਸਾਰੇ ਲੋਕ ਅੱਜ ਵੀ ਬਕਰੀ ਦਾ ਦੁੱਧ ਪੀਣਾ ਪਸੰਦ ਕਰਦੇ ਹਨ। ਆਉ ਜਾਣਦੇ ਹਾਂ ਕਿ ਇਸ ਦੁੱਧ ਦੇ ਕੀ ਫ਼ਾਇਦੇ ਹਨ ਅਤੇ ਇਸ ਵਿਚ ਕਿਹੜੇ-ਕਿਹੜੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ।
ਵਿਟਾਮਿਨ ਨਾਲ ਭਰਪੂਰ: ਬਕਰੀ ਦੇ ਦੁੱਧ ਵਿਚ ਮੈਗਨੀਸ਼ੀਅਮ, ਕੈਲਸ਼ੀਅਮ, ਪ੍ਰੋਟੀਨ, ਪੋਟਾਸ਼ੀਅਮ, ਵਿਟਾਮਿਨ ਏ, ਬੀ 2, ਸੀ ਅਤੇ ਡੀ ਕਾਫ਼ੀ ਮਾਤਰਾ ਵਿਚ ਪਾਇਆ ਜਾਂਦਾ ਹੈ।
ਦਿਲ ਲਈ ਫ਼ਾਇਦੇਮੰਦ: ਬਕਰੀ ਦੇ ਦੁੱਧ ਵਿਚ ਮੌਜੂਦ ਮੈਗਨੀਸ਼ੀਅਮ ਦਿਲ ਦੀ ਧੜਕਣ ਲਈ ਕਾਫ਼ੀ ਵਧੀਆ ਹੁੰਦਾ ਹੈ। ਇਸ ਨਾਲ ਕੌਲੇਸਟਰੋਲ ਦਾ ਖ਼ਤਰਾ ਘੱਟ ਰਹਿੰਦਾ ਹੈ। ਇਸ ਨਾਲ ਸਰੀਰ ਨੂੰ ਕਾਫ਼ੀ ਊਰਜਾ ਵੀ ਮਿਲਦੀ ਹੈ।
ਭਾਰ ਕੰਟਰੋਲ: ਬਕਰੀ ਦੇ ਦੁੱਧ ਵਿਚ ਕੈਲਸ਼ੀਅਮ ਅਤੇ ਪ੍ਰੋਟੀਨ ਦੋਵੇਂ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ ਜੋ ਸਰੀਰ ਦਾ ਭਾਰ ਘੱਟ ਕਰਦੇ ਹਨ।
ਅਨੀਮੀਆ ਤੋਂ ਬਚਾਅ: ਬਕਰੀ ਦਾ ਦੁੱਧ ਅਨੀਮੀਆ ਤੋਂ ਬਚਾਅ ਕਰਦਾ ਹੈ ਕਿਉਂਕਿ ਇਸ ਵਿਚ ਆਇਰਨ ਦੀ ਕਾਫ਼ੀ ਮਾਤਰਾ ਪਾਈ ਜਾਂਦੀ ਹੈ।
ਪਾਚਨ ਕਿਰਿਆ ਠੀਕ: ਬਕਰੀ ਦੇ ਦੁੱਧ ਵਿਚ ਫ਼ੈਟ ਦੀ ਮਾਤਰਾ ਘੱਟ ਹੋਣ ਕਾਰਨ ਇਹ ਜਲਦੀ ਪਚ ਜਾਂਦਾ ਹੈ। ਇਸ ਨਾਲ ਪਾਚਨ ਕਿਰਿਆ ਵੀ ਠੀਕ ਰਹਿੰਦੀ ਹੈ। ਦੱਸਣਯੋਗ ਹੈ ਕਿ ਪੰਜਾਬ ਵਿਚ ਡੇਂਗੂ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਕੁੱਝ ਮਾਹਰਾਂ ਵਲੋਂ ਡੇਂਗੂ ਦੇ ਬੁਖ਼ਾਰ ਦੇ ਇਲਾਜ ਦਾ ਹੱਲ ਬਕਰੀ ਦਾ ਦੁੱਧ ਦਸਿਆ ਜਾ ਰਿਹਾ ਹੈ ਜਿਸ ਕਰ ਕੇ ਬਕਰੀ ਦਾ ਦੁੱਧ 400 ਰੁਪਏ ਕਿਲੋ ਵਿਕ ਰਿਹਾ ਹੈ। ਸੂਬੇ ਦੇ ਅਹਿਮ ਸ਼ਹਿਰਾਂ ਵਿਚ ਬਕਰੀ ਦੇ ਦੁੱਧ ਦੀ ਮੰਗ ਵੱਧ ਗਈ ਹੈ ਜਿਸ ਕਰ ਕੇ ਪਿੰਡਾਂ ਵਿਚੋਂ ਸ਼ਹਿਰਾਂ ਵਿਚ ਕਾਫ਼ੀ ਦੁੱਧ ਆ ਰਿਹਾ ਹੈ।