Culture: ਪੁਰਾਣੇ ਜ਼ਮਾਨੇ ’ਚ ਔਰਤ ਦੀ ਪਛਾਣ ਹੁੰਦੀ ਸੀ ਘੱਗਰਾ
ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ
Culture: ਔਰਤਾਂ ਦੇ ਪਹਿਰਾਵੇ ਵਿਚ ਦੁਪੱਟਾ ਭਾਰਤੀ ਵਸਤਰ ਸਲਵਾਰ , ਕਮੀਜ਼ ਦਾ ਅਨਿੱਖੜਵਾਂ ਅੰਗ ਹੈ। ਸਲਵਾਰ ਕਮੀਜ਼ ਦੇ ਤੀਸਰੇ ਵਸਤਰ ਨੂੰ ਦੁਪੱਟਾ ਕਿਹਾ ਜਾਂਦਾ ਹੈ। ਦੁਪੱਟੇ ਦਾ ਪ੍ਰਯੋਗ ਪ੍ਰਚੀਨ ਕਾਲ ਤੋਂ ਸਲਵਾਰ, ਕਮੀਜ, ਸਾੜੀ, ਘੱਗਰੇ ਨਾਲ ਕੀਤਾ ਜਾਂਦਾ ਰਿਹਾ ਹੈ। ਪੇਂਡੂ ਔਰਤਾਂ ਦੁਪੱਟੇ ਦਾ ਜ਼ਿਆਦਾਤਰ ਇਸਤੇਮਾਲ ਇਸ ਤਰ੍ਹਾਂ ਕਰਦੀਆਂ ਹਨ ਤਾਂ ਜੋ ਉਨ੍ਹਾਂ ਦਾ ਅਪਣਾ ਸਿਰ ’ਤੇ ਜ਼ਿਆਦਾਤਰ ਭਾਗ ਚਿਹਰੇ ਨਾਲ ਢੱਕਿਆ ਰਹੇ। ਦੁਪੱਟਾ ਦੋ ਪੱਟਾ ਨੂੰ ਜੋੜ ਕੇ ਬਣਾਇਆ ਹੋਇਆ ਤਿੰਨ ਗਜ ਲੰਮਾ ਤੇ ਡੇਢ ਗਜ ਚੌੜਾ ਜਾਂ ਫੁਲਕਾਰੀ ਉਤੇ ਬਰੀਕ ਮਲਮਲ ਦਾ ਦੁਪੱਟਾ ਜੋੜਿਆ ਹੁੰਦਾ ਹੈ।
ਜਦੋਂ ਅਸੀਂ ਛੋਟੇ ਸੀ ਪਿੰਡ ਦੀਆਂ ਨੂੰਹਾਂ ਜਿਹੜਾ ਵੀ ਪਿੰਡ ਦਾ ਸਿਆਣਾ ਬੰਦਾ ਹੁੰਦਾ ਸੀ ਸ਼ਰਮ ਹਜਾ ਨੂੰ ਮੁੱਖ ਰਖਦੇ ਦੇਖ ਕੇ ਦੁਪੱਟੇ ਜਾਂ ਚੁੰਨੀ ਨਾਲ ਕੁੰਡ ਕਢਦੀਆਂ ਸਨ। ਘਰ ਵਿਚ ਵੱਡਿਆਂ ਦਾ ਸਹੁਰੇ ਤੇ ਜੇਠ ਦਾ ਆਦਰ ਕਰਨ ਲਈ ਕੁੰਡ ਕਢਦੀਆਂ ਸਨ। ਅਣਵਿਆਹੀਆਂ ਕੁੜੀਆਂ ਵੀ ਸਿਰ ’ਤੇ ਦੁਪੱਟੇ ਤੇ ਚੁੰਨੀ ਰਖਦੀਆਂ ਸਨ। ਗੁਰਦਵਾਰੇ ਜਾਂ ਅੰਤਮ ਅਸਥਾਨ ਤੇ ਦੁਪੱਟੇ ਤੇ ਚੁੰਨੀ ਨਾਲ ਸਿਰ ਢੱਕ ਕੇ ਜਾਂਦੀਆਂ ਸਨ। ਵੱਡਿਆਂ ਦਾ ਸਤਿਕਾਰ ਚੁੰਨੀ ਤੇ ਦੁਪੱਟੇ ਨਾਲ ਸਿਰ ਢੱਕ ਕੇ ਕੀਤਾ ਜਾਂਦਾ ਸੀ ਜੋ ਅਜੇ ਵੀ ਪੁਰਾਣੀਆਂ ਔਰਤਾਂ ਨੇ ਇਸ ਵਿਰਸੇ ਨੂੰ ਸੰਭਾਲ ਰਖਿਆ ਹੈ।
ਮੈਂ ਇਥੇ ਗੱਲ ਘੱਗਰੇ ਦੀ ਕਰ ਰਿਹਾ ਹਾਂ। ਪੁਰਾਣੇ ਜ਼ਮਾਨੇ ਵਿਚ ਔਰਤਾਂ ਦੀ ਪੁਸ਼ਾਕ ਦਾ ਇਕ ਅਹਿਮ ਹਿੱਸਾ ਸੀ ਪਰ ਹੁਣ ਇਹ ਖ਼ਾਸ ਪ੍ਰੋਗਰਾਮਾਂ ਵਿਚ ਪਾਇਆ ਜਾਂਦਾ ਹੈ। ਇਸ ਨਾਲ ਕੁੜਤਾ ਤੇ ਚੁੰਨੀ ਪਾਈ ਜਾਂਦੀ ਹੈ। ਘੇਰੇਦਾਰ ਵਸਤਰ ਜੋ ਵਿਆਹੀਆਂ ਔਰਤਾਂ ਅਪਣੇ ਲੱਕ ਦੁਆਲੇ ਪਾਉਂਦੀਆਂ ਸਨ, ਨੂੰ ਘੱਗਰਾ ਕਹਿੰਦੇ ਹਨ। ਕਈ ਇਲਾਕਿਆਂ ਵਿਚ ਇਸ ਨੂੰ ਲਹਿੰਗਾ ਵੀ ਕਹਿੰਦੇ ਹਨ। ਵਿਆਹੀਆਂ ਔਰਤਾਂ ਦੀ ਪਹਿਚਾਣ ਘੱਗਰੇ ਤੋਂ ਹੁੰਦੀ ਸੀ। ਨੂੰਹਾਂ ਚਾਹੇ ਬੁੱਢੀਆਂ ਹੋ ਜਾਣ ਫਿਰ ਵੀ ਘੱਗਰਾ ਪਾਉਂਦੀਆਂ ਸਨ। ਬੁਢਾਪੇ ਵਿਚ ਵੀ ਔਰਤਾਂ ਘੱਗਰਾ ਪਾਉਂਦੀਆਂ ਸਨ।
ਲੋਕ ਲੜਕੀਆਂ ਦੇ ਵਿਆਹ ਵਿਚ ਦਾਜ ਲਈ ਘੱਗਰਾ ਦਿੰਦੀਆਂ ਸਨ। ਸਾਟਨ, ਰੇਸ਼ਮੀ ਸੰਘਈ ਆਦਿ ਦੇ ਗੋਟੇ ਕਿਨਾਰੀਆਂ ਵਾਲੇ ਲੋਨ ਵਾਲੇ ਘੱਗਰੇ ਦਾਜ ਦਾ ਜ਼ਰੂਰੀ ਹਿੱਸਾ ਸਨ। ਕਾਲੀ ਸੂਫ਼ ਦੇ ਘੱਗਰੇ ਜ਼ਿਆਦਾ ਵਰਤੇ ਜਾਂਦੇ ਸਨ। ਵੱਡੀ ਉਮਰ ਦੀਆਂ ਔਰਤਾਂ ਚਿੱਟਾ ਘੱਗਰਾ ਪਾਉਂਦੀਆਂ ਸਨ। ਇਸਤਰੀਆਂ ਦੇ ਪਹਿਨੇ ਹੋਏ ਕਪੜਿਆਂ ਵਿਚ ਸੱਭ ਤੋਂ ਵੱਧ ਕਪੜਾ ਘੱਗਰੇ ਨੂੰ ਲਗਦਾ ਸੀ ਜੋ ਦਸ ਗਜ ਤੋਂ ਲੈ ਕੇ ਵੀਹ ਗਜ ਤਕ ਲਗਦਾ ਸੀ। ਨਵੀਆਂ ਵਹੁਟੀਆਂ ਵਾਸਤੇ ਸਿਲਮੇ ਸਿਤਾਰਿਆਂ ਵਾਲੇ ਨਵੇਂ ਰੇਸ਼ਮੀ ਨਾਲੇ ਘੱਗਰੇ ਵਿਚ ਪਾਏ ਜਾਂਦੇ ਸੀ। ਘੱਗਰੇ ਦਾ ਨਾਲਾ ਵੱਖੀ ਵਾਲੇ ਪਾਸੇ ਬੰਨ੍ਹ ਨਾਲਿਆਂ ਦਾ ਵਿਖਾਵਾ ਵੀ ਕੀਤਾ ਜਾਂਦਾ ਸੀ। ਕੁਆਰੀਆਂ ਕੁੜੀਆਂ ਘੱਗਰਾ ਨਹੀਂ ਪਾਉਂਦੀਆਂ ਸਨ।
ਵਿਆਹੀ ਔਰਤ ਦਾ ਘੱਗਰੇ ਤੋਂ ਪਤਾ ਲੱਗ ਜਾਂਦਾ ਸੀ। ਖੂਹ ਤੋਂ ਪਾਣੀ ਭਰਨ ਅਤੇ ਸੱਥ ਵਿਚ ਸ਼ਰੀਕ ਹੁੰਦੀਆਂ ਔਰਤਾਂ ਨੂੰ ਜੋ ਘੱਗਰਾ ਪਾ ਕੇ ਨਹੀਂ ਜਾਂਦੀਆਂ ਸਨ ਸਲੀਕੇਦਾਰ ਜਾਂ ਇੱਜ਼ਤ ਵਾਲੀ ਨੂੰਹ ਨਹੀਂ ਸਮਝਿਆ ਜਾਂਦਾ ਸੀ। ਲੋਕ ਗੀਤ ਜੋ ਘੱਗਰਾ, ਲਹਿੰਗਾ ਨਾਲ ਸਬੰਧਤ ਹੁੰਦੇ ਸਨ। ਪੰਜਾਬੀ ਸਭਿਆਚਾਰ ਦਾ ਜੋ ਹਿੱਸਾ ਸਨ ਗਾਏ ਜਾਂਦੇ ਸੀ।
ਇਕੱਠੀਆਂ ਹੋਈਆਂ ਆਈਆਂ ਗਿੱਧੇ ਵਿਚ ਇਕੋ ਜਿਹੀਆਂ ਮੁਟਿਆਰਾਂ ,
ਚੰਨ ਦੇ ਚਾਨਣੇ ਐਕਣ ਚਮਕਣ, ਜਿਉਂ ਸੋਨੇ ਦੀਆਂ ਤਾਰਾਂ,
ਗਲੀ ਉਨ੍ਹਾਂ ਦੇ ਰੇਸ਼ਮੀ ਲਹਿੰਗੇ, ਤੇੜ ਨਵੀਆਂ ਸਲਵਾਰਾਂ,
ਕੁੜੀਆਂ ਐ ਨੱਚਣ ਜਿਉਂ ਹਰਨਾਂ ਦੀਆਂ ਡਾਰਾਂ।
ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ
ਗਈ ਸੈ ਮੈਂ ਗੰਗਾ, ਚੜ੍ਹਾ ਲਿਆਈ ਵੰਗਾਂ,
ਅਸਮਾਨੀ ਮੇਰਾ ਘੱਗਰਾ, ਮੈਂ ਕਿਹੜੀ ਕਿੱਲੀ ਟੰਗਾ,
ਨੀ ਮੈਂ ਐਸ ਕਿੱਲੀ ਟੰਗਾ ਕਿ ਮੈਂ ਐਸ ਕਿੱਲੀ ਟੰਗਾ।
ਪਿੰਡ ਦੇ ਥੜੇ ’ਤੇ ਆਮ ਲੋਕ ਵਿਹਲੇ ਹੋ ਕੇ ਤਖ਼ਤਪੋਸ਼ ’ਤੇ ਬੈਠ ਜਾਂਦੇ ਸੀ। ਜਿਥੋਂ ਆਮ ਲੋਕ ਪਿੰਡ ਦੇ ਗੁਜ਼ਰਦੇ ਸੀ। ਸਾਡੇ ਪਿੰਡ ਦਾ ਨੰਬਰਦਾਰ ਬੂਰ ਸਿੰਘ ਸੀ ਜੋ ਥੜੇ ’ਤੇ ਬੈਠਾ ਹੁੰਦਾ ਸੀ। ਔਰਤਾਂ ਨੇ ਤੇ ਕੁੰਢ ਕਢਣਾ ਹੁੰਦਾ ਸੀ, ਮਜਾਲ ਹੈ ਕੋਈ ਮੁੰਡਾ ਕੁੜੀ ਨੰਗੇ ਸਿਰ ਥੜੇ ਲਾਗੋਂ ਲੰਘ ਜਾਵੇ। ਬਜ਼ੁਰਗਾਂ ਦਾ ਵਜਕਾ ਹੁੰਦਾ ਸੀ ਜਦੋਂ ਕਿਸੇ ਲੜਕੀ ਨੂੰ ਕੋਈ ਮੁਸ਼ਟੰਡੇ ਮੁੰਡੇ ਛੇੜਦੇ ਸੀ ਤਾਂ ਉਹ ਬਜ਼ੁਰਗ ਕੋਲ ਚਲੀ ਜਾਂਦੀ ਸੀ। ਮੁੰਡੇ ਦੀ ਜੁਅੱਰਤ ਨਹੀਂ ਸੀ ਹੁੰਦੀ ਕੁੜੀ ਨੂੰ ਹੱਥ ਲਾਉਣ ਦੀ। ਇਹ ਹੀ ਵਜ੍ਹਾ ਸੀ ਪਿੰਡ ਦੇ ਲੋਕ ਪਿੰਡ ਦੀ ਧੀ ਭੈਣ ਨੂੰ ਅਪਣੀ ਧੀ ਭੈਣ ਸਮਝਦੇ ਸੀ। ਦੁੱਖ, ਸੁੱਖ, ਵਿਆਹ ਸ਼ਾਦੀਆਂ ਵਿਚ ਸ਼ਰੀਕ ਹੁੰਦੇ ਸੀ। ਕਿੰਨੇ-ਕਿੰਨੇ ਦਿਨ ਬਰਾਤਾਂ ਠਹਿਰਣੀਆਂ, ਪਿੰਡ ਦੇ ਲੋਕ ਅਪਣੀ ਧੀ-ਭੈਣ ਦਾ ਵਿਆਹ ਸਮਝ ਸ਼ਰੀਕ ਹੁੰਦੇ, ਦੁੱਧ, ਮੰਜੇ ਬਿਸਤਰੇ ਇਕੱਠੇ ਕਰ ਭੇਜਦੇ ਸੀ।
ਹੁਣ ਨਾ ਕੁਆਰੀ ਕੁੜੀ ਤੇ ਨੂੰਹ ਵਿਚ ਫ਼ਰਕ ਨਜ਼ਰ ਆਉਂਦਾ ਹੈ। ਪਛਮੀ ਰੰਗਤ ਵਿਚ ਨਾ ਘੱਗਰਾ, ਦੁਪੱਟਾ ਰਿਹਾ, ਨਾ ਚੁੰਨੀ ਨਾ ਕੁੰਢ ਸੱਭ ਕੁੱਝ ਖ਼ਤਮ ਹੋ ਗਿਆ ਹੈ ਜੋ ਸਟੇਜਾਂ, ਡਰਾਮਿਆਂ, ਕਲਚਰ ਪ੍ਰੋਗਰਾਮਾਂ ਵਿਚ ਨਜ਼ਰ ਆਉਂਦਾ ਹੈ। ਲੋੜ ਹੈ ਨਵੀਂ ਪੀੜ੍ਹੀ ਜੋ ਅਪਣੇ ਸਭਿਆਚਾਰ ਤੋਂ ਦੂਰ ਜਾ ਰਹੀ ਹੈ, ਨੂੰ ਨਾਲ ਜੋੜਨ ਦੀ।
-ਗੁਰਮੀਤ ਸਿੰਘ ਵੇਰਕਾ ਐਮਏ ਪੁਲਿਸ ਐਡਮਨਿਸਟਰੇਸ਼ਨ
ਸੇਵਾ ਮੁਕਤ ਇੰਸਪੈਕਟਰ ਪੰਜਾਬ ਪੁਲਿਸ
9878600221