ਕਿਹੜਾ ਲੂਣ ਹੈ ਤੁਹਾਡੀ ਸਿਹਤ ਲਈ ਫ਼ਾਇਦੇਮੰਦ?

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਸ਼ੂਗਰ ਦੇ ਮਰੀਜ਼ਾਂ ਲਈ ਵੀ ਇਹ ਲੂਣ ਫ਼ਾਇਦੇਮੰਦ ਹੁੰਦਾ ਹੈ।

Salt

ਮੁਹਾਲੀ: ਲੂਣ ਤੋਂ ਬਗ਼ੈਰ ਖਾਣੇ ਦੇ ਸਵਾਦ ਨੂੰ ਸੋਚਿਆ ਵੀ ਨਹੀਂ ਜਾ ਸਕਦਾ। ਅਸਲ ’ਚ ਲੂਣ ਸਿਰਫ਼ ਇਕ ਨਹੀਂ ਸਗੋਂ ਪੰਜ ਤਰ੍ਹਾਂ ਦਾ ਹੁੰਦਾ ਹੈ: ਟੇਬਲ ਸਾਲਟ : ਇਸ ਲੂਣ ਵਿਚ ਸੋਡੀਅਮ ਦੀ ਮਾਤਰਾ ਸੱਭ ਤੋਂ ਜ਼ਿਆਦਾ ਹੁੰਦੀ ਹੈ। ਟੇਬਲ ਸਾਲਟ ਵਿਚ ਆਇਉਡੀਨ ਵੀ ਲੋੜੀਂਦੀ ਮਾਤਰਾ ਵਿਚ ਹੁੰਦਾ ਹੈ, ਜੋ ਸਾਡੇ ਸਰੀਰ ਦੀ ਬੀਮਾਰੀ ਰੋਕਣ ਵਾਲੀ ਸਮਰੱਥਾ ਵਧਾਉਂਦਾ ਹੈ। ਜੇਕਰ ਇਸ ਲੂਣ ਦਾ ਸੀਮਤ ਮਾਤਰਾ ਵਿਚ ਸੇਵਨ ਕੀਤਾ ਜਾਵੇ ਤਾਂ ਇਸ ਨਾਲ ਕਈ ਫ਼ਾਇਦੇ ਹੁੰਦੇ ਹਨ।

ਸੇਂਧਾ ਲੂਣ : ਇਸ ਨੂੰ ਰਾਕ ਸਾਲਟ ਜਾਂ ਵਰਤ ਵਾਲੇ ਲੂਣ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਲੂਣ ਬਿਨਾਂ ਰਿਫ਼ਾਈਨ ਕੀਤੇ ਤਿਆਰ ਹੁੰਦਾ ਹੈ। ਹਾਲਾਂਕਿ ਇਸ ਵਿਚ ਕੈਲਸ਼ੀਅਮ, ਪੋਟੈਸ਼ੀਅਮ ਅਤੇ ਮੈਗਨੀਸ਼ੀਅਮ ਦੀ ਮਾਤਰਾ ਆਮ ਲੂਣ ਮੁਕਾਬਲੇ ਕਾਫ਼ੀ ਜ਼ਿਆਦਾ ਹੁੰਦੀ ਹੈ। ਨਾਲ ਹੀ ਇਹ ਸਾਡੀ ਸਿਹਤ ਲਈ ਵੀ ਬਹੁਤ ਵਧੀਆ ਹੁੰਦਾ ਹੈ।

ਕਾਲਾ ਲੂਣ : ਕਾਲਾ ਲੂਣ ਖਾਣ ਨਾਲ ਕਬਜ਼, ਬਦਹਜ਼ਮੀ, ਢਿੱਡ ਦਰਦ, ਚੱਕਰ ਆਉਣਾ, ਉਲਟੀ ਆਉਣਾ ਅਤੇ ਜੀ ਘਬਰਾਉਣ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਇਸ ਲਈ ਇਸ ਨੂੰ ਖਾਣਾ ਸਾਰਿਆਂ ਲਈ ਫ਼ਾਇਦੇਮੰਦ ਹੈ। ਗਰਮੀ ਦੇ ਮੌਸਮ ਵਿਚ ਡਾਕਟਰ ਵੀ ਨਿੰਬੂ ਪਾਣੀ ਜਾਂ ਫਿਰ ਲੱਸੀ ’ਚ ਕਾਲਾ ਲੂਣ ਮਿਲਾਉਣ ਦੀ ਸਲਾਹ ਦਿੰਦੇ ਹਨ।

ਘੱਟ ਸੋਡੀਅਮ ਵਾਲਾ ਲੂਣ : ਇਸ ਲੂਣ ਨੂੰ ਬਾਜ਼ਾਰ ਵਿਚ ਪੋਟੈਸ਼ੀਅਮ ਲੂਣ ਵੀ ਕਿਹਾ ਜਾਂਦਾ ਹੈ। ਹਾਲਾਂਕਿ ਆਮ ਲੂਣ ਵਾਂਗ ਇਸ ਵਿਚ ਵੀ ਸੋਡੀਅਮ ਅਤੇ ਪੋਟੈਸ਼ੀਅਮ ਕਲੋਰਾਈਡ ਹੁੰਦੇ ਹਨ। ਜਿਨ੍ਹਾਂ ਲੋਕਾਂ ਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੁੰਦੀ ਹੈ, ਉਨ੍ਹਾਂ ਨੂੰ ਘੱਟ ਸੋਡੀਅਮ ਵਾਲਾ ਲੂਣ ਖਾਣਾ ਚਾਹੀਦਾ ਹੈ।  ਇਸ ਤੋਂ ਇਲਾਵਾ ਦਿਲ ਦੀ ਬੀਮਾਰੀ ਅਤੇ ਸ਼ੂਗਰ ਦੇ ਮਰੀਜ਼ਾਂ ਲਈ ਵੀ ਇਹ ਲੂਣ ਫ਼ਾਇਦੇਮੰਦ ਹੁੰਦਾ ਹੈ।

ਸਮੁੰਦਰੀ ਲੂਣ : ਇਹ ਲੂਣ ਭਾਫ਼ ਨਾਲ ਬਣਾਇਆ ਜਾਂਦਾ ਹੈ ਅਤੇ ਇਹ ਆਮ ਲੂਣ ਦੀ ਤਰ੍ਹਾਂ ਨਮਕੀਨ ਨਹੀਂ ਹੁੰਦਾ। ਸਮੁੰਦਰੀ ਲੂਣ ਦਾ ਸੇਵਨ ਢਿੱਡ ਫੁਲਣਾ, ਤਣਾਅ, ਸੋਜ਼ਿਸ਼, ਗੈਸ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਸਮੇਂ ਕਰਨ ਦੀ ਸਲਾਹ ਦਿਤੀ ਜਾਂਦੀ ਹੈ।