ਹੁਣ ਚਾਹ ਦੀ ਵੀ ਬਦਲੀ ਪ੍ਰੀਭਾਸ਼ਾ, ਸਿਰਫ਼ ਅਸਲੀ ਚਾਹ ਦੇ ਪੌਦੇ ਤੋਂ ਬਣੇ ਪੀਣ ਵਾਲੇ ਪਦਾਰਥ ਨੂੰ ਹੀ ਮੰਨਿਆ ਜਾਵੇਗਾ ‘ਚਾਹ'
ਹਰਬਲ-ਟੀ, ਫ਼ਲਾਵਰ-ਟੀ ਨੂੰ ਨਹੀਂ ਮੰਨਿਆ ਜਾਵੇਗਾ ‘ਚਾਹ' : ਐਫ਼ ਐਸ ਐਸ ਏ ਆਈ
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਹੁਣ ਚਾਹ ਦੀ ਪਰੀਭਾਸ਼ਾ ਵੀ ਬਦਲ ਦਿਤੀ ਹੈ। ਭਾਰਤੀ ਖ਼ੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ (ਐਫ਼ਐਸਐਸਏਆਈ) ਨੇ ਭੋਜਨ ਕਾਰੋਬਾਰ ਸੰਚਾਲਕਾਂ ਨੂੰ ਇਕ ਸਖ਼ਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਹਰਬਲ ਜਾਂ ਪੌਦੇ-ਅਧਾਰਤ ਪੀਣ ਵਾਲਾ ਪਦਾਰਥ ਜੋ ਅਸਲੀ ਚਾਹ ਦੇ ਪੌਦੇ ‘ਕੈਮੇਲੀਆ ਸਿਨੇਨਸਿਸ’ ਤੋਂ ਨਹੀਂ ਬਣਦਾ ਹੈ ਤਾਂ ਉਸ ਨੂੰ ‘ਚਾਹ’ ਦੇ ਰੂਪ ਵਿਚ ਨਹੀਂ ਵੇਚਿਆ ਜਾ ਸਕਦਾ। ਐਫ਼ਐਸਐਸਏਆਈ ਨੇ ਬੁਧਵਾਰ ਨੂੰ ਜਾਰੀ ਕੀਤੇ ਗਏ ਇਕ ਨਿਰਦੇਸ਼ ਵਿਚ ਕਿਹਾ ਕਿ ਅਜਿਹੇ ਉਤਪਾਦਾਂ ਨੂੰ ਗ਼ਲਤ ਬ੍ਰਾਂਡ ਵਾਲਾ ਅਤੇ ਖਪਤਕਾਰਾਂ ਨੂੰ ਗੁਮਰਾਹ ਕਰਨ ਵਾਲਾ ਮੰਨਿਆ ਜਾਵੇਗਾ।
ਐਫ਼ਐਸਐਸਏਆਈ ਅਨੁਸਾਰ, ਬਹੁਤ ਸਾਰੇ ਭੋਜਨ ਕਾਰੋਬਾਰ ਸੰਚਾਲਕ ‘ਰੂਇਬੋਸ ਟੀ,’ ‘ਹਰਬਲ ਟੀ’ ਅਤੇ ‘ਫਲਾਵਰ ਟੀ’ ਵਰਗੇ ਉਤਪਾਦਾਂ ਦੀ ਮਾਰਕੀਟਿੰਗ ਕਰ ਰਹੇ ਹਨ, ਭਾਵੇਂ ਇਹ ਅਸਲੀ ਚਾਹ ਦੇ ਪੌਦੇ ਤੋਂ ਨਹੀਂ ਲਏ ਗਏ ਹਨ। ਨਿਯਮਾਂ ਦੇ ਅਨੁਸਾਰ, ‘ਚਾਹ’ ਸ਼ਬਦ ਸਿਰਫ਼ ਕੈਮੇਲੀਆ ਸਿਨੇਨਸਿਸ ਪੌਦੇ ਤੋਂ ਬਣੇ ਪੀਣ ਵਾਲੇ ਪਦਾਰਥਾਂ ਲਈ ਵਰਤਿਆ ਜਾ ਸਕਦਾ ਹੈ। ਇਸ ਵਿਚ ਗ੍ਰੀਨ ਟੀ, ਕਾਂਗੜਾ ਟੀ ਅਤੇ ਇਸਟੇਂਟ ਟੀ ਵਰਗੇ ਉਤਪਾਦ ਸ਼ਾਮਲ ਹਨ। ਐਫ਼ਐਸਐਸਏਆਈ ਸਪੱਸ਼ਟ ਤੌਰ ’ਤੇ ਕਿਹਾ ਹੈ ‘‘ਜੜੀ-ਬੂਟੀਆਂ ਜਾਂ ਪੌਦਿਆਂ-ਅਧਾਰਤ ਮਿਸ਼ਰਣ ਜੋ ਅਸਲ ਚਾਹ ਦੇ ਪੌਦੇ ਤੋਂ ਨਹੀਂ ਬਣਾਏ ਜਾਂਦੇ, ਨੂੰ ‘ਚਾਹ’ ਨਹੀਂ ਕਿਹਾ ਜਾ ਸਕਦਾ।’’ ਇਸ ਨੇ ਕਿਹਾ ਕਿ ਇਸ ਨਿਯਮ ਦੀ ਉਲੰਘਣਾ ਫ਼ੂਡ ਸੇਫ਼ਟੀ ਐਂਡ ਸਟੈਂਡਰਡਜ਼ ਐਕਟ, 2006 ਦੇ ਅਧੀਨ ਆਉਂਦੀ ਹੈ।
ਭੋਜਨ ਉਤਪਾਦਾਂ ਦੇ ਨਿਰਮਾਣ, ਪੈਕੇਜਿੰਗ, ਵੰਡ, ਆਯਾਤ ਜਾਂ ਵਿਕਰੀ ਵਿਚ ਸ਼ਾਮਲ ਸਾਰੇ ਫੂਡ ਬਿਜ਼ਨਸ ਆਪਰੇਟਰਾਂ (ਐਫ਼ਬੀਓ) ਨੂੰ ਇਨ੍ਹਾਂ ਫ਼ੂਡ ਸੇਫ਼ਟੀ ਨਿਯਮਾਂ ਦੀ ਪਾਲਣਾ ਕਰਨ ਦੀ ਲੋੜ ਹੁੰਦੀ ਹੈ। ਅਥਾਰਟੀ ਨੇ ਕਿਹਾ, ‘‘ਸਾਰੇ ਐਫ਼ਬੀਓ ਨੂੰ ਨਿਰਦੇਸ਼ ਦਿਤਾ ਜਾਂਦਾ ਹੈ ਕਿ ਉਹ ਕੈਮੇਲੀਆ ਸਾਈਨੇਨਸਿਸ ਪਲਾਂਟ ਤੋਂ ਨਾ ਬਣੇ ਕਿਸੇ ਵੀ ਉਤਪਾਦ ’ਤੇ ਸਿੱਧੇ ਜਾਂ ਅਸਿੱਧੇ ਤੌਰ ’ਤੇ ‘ਚਾਹ’ ਸ਼ਬਦ ਦੀ ਵਰਤੋਂ ਨਾ ਕਰਨ।’’ ਫ਼ੂਡ ਸੇਫ਼ਟੀ ਅਥਾਰਟੀ ਨੇ ਰਾਜ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿਤਾ ਹੈ ਕਿ ਉਹ ਆਨਲਾਈਨ ਅਤੇ ਆਫ਼ਲਾਈਨ ਵਿਕਰੇਤਾਵਾਂ ਸਮੇਤ ਸਾਰੇ ਐਫ਼ਬੀਓ ਦੁਆਰਾ ਇਨ੍ਹਾਂ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ।