ਇੰਝ ਕਰੋ ਲੱਕੜ ਦੇ ਫ਼ਰਸ਼ ਦੀ ਸੰਭਾਲ
ਫ਼ਰਸ਼ ਸਾਫ਼ ਕਰਨ ਲਈ ਇਕ ਫ਼ਲੋਰ ਕਲੀਨਰ ਅਤੇ ਚਮਕ ਨੂੰ ਬਰਕਰਾਰ ਰੱਖਣ ਲਈ ਚੰਗੀ ਕੰਪਨੀ ਦੀ ਵੈਕਸ ਪਾਲਿਸ਼ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਮੁਹਾਲੀ: ਇਨ੍ਹੀਂ ਦਿਨੀਂ ਲੱਕੜ ਦਾ ਫ਼ਰਸ਼ ਰੁਝਾਨ ਵਿਚ ਹੈ। ਜੇਕਰ ਤੁਹਾਡੇ ਘਰ ਵਿਚ ਵੀ ਲੱਕੜ ਦਾ ਫ਼ਰਸ਼ ਹੈ, ਤਾਂ ਇਹ ਜਾਣਨਾ ਮਹੱਤਵਪੂਰਣ ਹੈ ਕਿ ਤੁਸੀਂ ਇਸ ਦੀ ਦੇਖਭਾਲ ਕਿਵੇਂ ਕਰ ਸਕਦੇ ਹੋ ਤਾਕਿ ਇਹ ਲੰਮੇ ਸਮੇਂ ਤਕ ਰਹੇ ਸੁੰਦਰ ਰਹਿ ਸਕੇ। ਖ਼ਾਸਕਰ ਸਰਦੀਆਂ ਵਿਚ ਵੁਡੇਨ ਯਾਨੀ ਕਿ ਹਾਰਡਵੁਡ ਦੇ ਫ਼ਰਸ਼ ਨੂੰ ਨੁਕਸਾਨ ਹੋਣ ਦੀ ਵਧੇਰੇ ਸੰਭਾਵਨਾ ਹੁੰਦੀ ਹੈ। ਸਰਦੀਆਂ ਵਿਚ ਲੱਕੜ ਦੇ ਬਣੇ ਫ਼ਰਸ਼ ਨੂੰ ਬਣਾਈ ਰੱਖਣ ਲਈ ਇਨ੍ਹਾਂ ਸੁਝਾਆਂ ਦੀ ਕੋਸ਼ਿਸ਼ ਕਰ ਸਕਦੇ ਹੋ। ਘੱਟ ਨਮੀ ਦੇ ਪੱਧਰ ਕਾਰਨ ਲੱਕੜ ਦਾ ਫ਼ਰਸ਼ ਸੁੰਗੜ ਸਕਦਾ ਹੈ ਜਿਸ ਕਾਰਨ ਦਰਾਰਾਂ ਜਾਂ ਫ਼ਰਸ਼ ਵਿਚਕਾਰ ਖ਼ਾਲੀ ਥਾਂ ਬਣ ਜਾਂਦੀ ਹੈ।
ਇਸ ਲਈ ਘਰ ਵਿਚ ਥਰਮੋਸਟੇਟ ਲਗਾਉਣਾ ਚਾਹੀਦਾ ਹੈ ਤਾਂ ਜੋ ਤਾਪਮਾਨ ਨੂੰ ਨਿਯੰਤਰਤ ਕੀਤਾ ਜਾ ਸਕੇ। ਅਕਸਰ ਥਰਮੋਸਟੇਟ ਦੇ ਤਾਪਮਾਨ ਨੂੰ ਵਧਾਉਣਾ ਜਾਂ ਘਟਾਉਣਾ ਨਹੀਂ ਚਾਹੀਦਾ। ਫ਼ਰਸ਼ ਦੀ ਚਮਕ ਨੂੰ ਬਰਕਰਾਰ ਰੱਖਣ ਲਈ ਜੁੱਤੀਆਂ ਦੇ ਰੈਕ ਵਿਚ ਅਪਣੇ ਜੁੱਤੇ ਰੱਖੋ। ਅਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਬੇਨਤੀ ਕਰੋ ਕਿ ਉਹ ਜੁੱਤੀਆਂ ਨੂੰ ਦਰਵਾਜ਼ੇ ’ਤੇ ਖੋਲ੍ਹ ਕੇ ਹੀ ਘਰ ਵਿਚ ਦਾਖ਼ਲ ਹੋਣ।
ਘਰ ਦੇ ਜਿਨ੍ਹਾਂ ਹਿੱਸਿਆਂ ਵਿਚ ਜ਼ਿਆਦਾ ਆਵਾਜਾਈ ਰਹਿੰਦੀ ਹੈ, ਉਥੇ ਫ਼ਰਸ਼ ਉਤੇ ਕਾਰਪੇਟ, ਦਰੀ ਜਾਂ ਫ਼ਲੋਰ ਮੈਟ ਵਿਛਾ ਦਿਉ। ਇਸ ਨਾਲ ਗੰਦੇ ਜੁੱਤੇ ਅਤੇ ਗੰਦੇ ਪੈਰਾਂ ਨਾਲ ਗੰਦਗੀ ਫੈਲਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ। ਫ਼ਰਸ਼ ’ਤੇ ਪਾਣੀ, ਧੂੜ, ਚਿੱਕੜ ਹੋਣ ਜਾਂ ਨਮਕ ਆਦਿ ਡਿੱਗਣ ’ਤੇ ਇਸ ਨੂੰ ਨਰਮ ਤੌਲੀਏ ਨਾਲ ਸਾਫ਼ ਕਰੋ।
ਧੂੜ, ਗੰਦਗੀ ਨੂੰ ਰੋਕਣ ਲਈ ਰੋਜ਼ਾਨਾ ਵੈਕਯੁਮ ਕਲੀਨਰ ਜਾਂ ਝਾੜੂ ਨਾਲ ਸਾਫ਼ ਕਰੋ ਕਿਉਂਕਿ ਅਜਿਹਾ ਨਾ ਕਰਨ ਨਾਲ ਫ਼ਰਸ਼ ’ਤੇ ਨਿਸ਼ਾਨ ਪੈ ਸਕਦੇ ਹਨ ਅਤੇ ਫ਼ਰਸ਼ ਦੀ ਚਮਕ ਵੀ ਖ਼ਤਮ ਹੋ ਸਕਦੀ ਹੈ। ਫ਼ਰਸ਼ ਸਾਫ਼ ਕਰਨ ਲਈ ਇਕ ਫ਼ਲੋਰ ਕਲੀਨਰ ਅਤੇ ਚਮਕ ਨੂੰ ਬਰਕਰਾਰ ਰੱਖਣ ਲਈ ਚੰਗੀ ਕੰਪਨੀ ਦੀ ਵੈਕਸ ਪਾਲਿਸ਼ ਦੀ ਵਰਤੋਂ ਕੀਤੀ ਜਾ ਸਕਦੀ ਹੈ।