ਕੁਦਰਤ ਦਾ ਵਰਦਾਨ ਹੈ ਸ਼ਹਿਦ, ਜਾਣੋ ਸ਼ਹਿਦ ਨਾਲ ਕਿਹੜੀਆਂ ਸਮੱਸਿਆਵਾਂ ਤੋਂ ਮਿਲਦੀ ਹੈ ਰਾਹਤ
ਪ੍ਰਾਚੀਨ ਕਾਲ ਤੋਂ ਹੀ ਸ਼ਹਿਦ ਦੀ ਵਰਤੋਂ ਇੱਕ ਆਯੁਰਵੈਦਿਕ ਦਵਾਈ ਦੇ ਤੌਰ 'ਤੇ ਹੁੰਦੀ ਆ ਰਹੀ ਹੈ।
ਸ਼ਹਿਦ ਕੁਦਰਤ ਦਾ ਦਿੱਤਾ ਹੋਇਆ ਇੱਕ ਵਡਮੁੱਲਾ ਤੱਤ ਹੈ, ਜਿਸ 'ਚ ਐਂਟੀ ਆਕਸੀਡੈਂਟ ਅਤੇ ਐਂਟੀ-ਮਾਈਕਰੋਬਾਇਲ ਵਰਗੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਪ੍ਰਾਚੀਨ ਕਾਲ ਤੋਂ ਹੀ ਸ਼ਹਿਦ ਦੀ ਵਰਤੋਂ ਇੱਕ ਆਯੁਰਵੈਦਿਕ ਦਵਾਈ ਦੇ ਤੌਰ 'ਤੇ ਹੁੰਦੀ ਆ ਰਹੀ ਹੈ। ਰਸਾਇਣਿਕ ਮਿੱਠੇ ਤੋਂ ਗ਼ੁਰੇਜ਼ ਕਰਨ ਤਹਿਤ ਅੱਜ ਕੱਲ੍ਹ ਸ਼ਹਿਦ ਦੀ ਵਰਤੋਂ ਵਧਦੀ ਜਾ ਰਹੀ ਹੈ। ਸ਼ਹਿਦ ਵਿਚ ਆਇਰਨ ਤੇ ਕੈਲਸ਼ੀਅਮ ਵਰਗੇ ਤੱਤਾਂ ਤੋਂ ਇਲਾਵਾ ਐਂਟੀਸੈਪਟਿਕ ਤੇ ਐਂਟੀਬਾਇਓਟਿਕ ਗੁਣ ਹੁੰਦੇ ਹਨ, ਅਤੇ ਇਸ 'ਚ ਵਿਟਾਮਿਨ ਬੀ1 ਅਤੇ ਬੀ6 ਵੀ ਕਾਫ਼ੀ ਮਾਤਰਾ ਵਿਚ ਪਾਏ ਜਾਂਦੇ ਹਨ। ਆਓ ਜਾਣਦੇ ਹਾਂ ਸ਼ਹਿਦ ਦੇ ਹੋਰ ਗੁਣਾਂ ਬਾਰੇ....
ਊਰਜਾ ਦੇਣ ਵਾਲਾ ਤੱਤ
ਸ਼ਹਿਦ ਗਲੂਕੋਜ਼ ਨਾਲ ਭਰਪੂਰ ਹੁੰਦਾ ਹੈ। ਸ਼ਰੀਰ ਇਸ ਨੂੰ ਜਲਦੀ ਜਜ਼ਬ ਕਰ ਲੈਂਦਾ ਹੈ, ਜਿਸ ਨਾਲ ਵਿਅਕਤੀ ਨੂੰ ਊਰਜਾ ਮਿਲਦੀ ਹੈ। ਇਸ ਤੋਂ ਇਲਾਵਾ, ਕਸਰਤ ਕਰਨ ਤੋਂ ਪਹਿਲਾਂ ਅੱਧਾ ਚਮਚਾ ਸ਼ਹਿਦ ਖਾਣ ਨਾਲ ਥਕਾਵਟ ਵੀ ਮਹਿਸੂਸ ਨਹੀਂ ਹੁੰਦੀ। ਜੇ ਤੁਸੀਂ ਚਾਹ ਜਾਂ ਕੌਫ਼ੀ ਦੇ ਸ਼ੌਕੀਨ ਹੋ ਤਾਂ ਚੀਨੀ ਦੀ ਜਗ੍ਹਾ ਸ਼ਹਿਦ ਦੀ ਵਰਤੋਂ ਬੜੀ ਉੱਤਮ ਹੈ।
ਰੋਗ ਪ੍ਰਤੀਰੋਧਕ ਸਮਰੱਥਾ 'ਚ ਵਾਧਾ
ਸ਼ਹਿਦ ਵਿਚ ਐਂਟੀ-ਆਕਸੀਡੈਂਟ ਅਤੇ ਐਂਟੀ-ਬੈਕਟਰੀਅਲ ਗੁਣ ਹੁੰਦੇ ਹਨ ਅਤੇ ਇਸ ਦੇ ਨਿਯਮਤ ਸੇਵਨ ਕਰਨ ਨਾਲ ਰੋਗ ਪ੍ਰਤੀਰੋਧਕ ਸਮਰੱਥਾ ਮਜ਼ਬੂਤ ਹੁੰਦੀ ਹੈ। ਸਵੇਰੇ ਖਾਲੀ ਪੇਟ ਗਰਮ ਪਾਣੀ ਵਿਚ ਨਿੰਬੂ ਦਾ ਰਸ ਸ਼ਹਿਦ ਵਿਚ ਮਿਲਾ ਕੇ ਪੀਣ ਨਾਲ ਚਰਬੀ ਘਟਦੀ ਹੈ, ਅਤੇ ਪਾਚਨ ਦੀਆਂ ਕਈ ਸਮੱਸਿਆਵਾਂ ਦੂਰ ਕਰਨ ਵਿੱਚ ਮਦਦ ਮਿਲਦੀ ਹੈ।
ਖਾਂਸੀ ਤੋਂ ਰਾਹਤ ਵਿੱਚ ਸਹਾਈ
ਰੋਜ਼ਾਨਾ 2 ਚਮਚ ਸ਼ਹਿਦ ਦਾ ਸੇਵਨ ਕਰਨ ਨਾਲ ਖਾਂਸੀ ਤੋਂ ਰਾਹਤ ਮਿਲਦੀ ਹੈ। ਇਸ ਵਿਚ ਐਂਟੀਮਾਈਕਰੋਬਾਇਲ ਗੁਣ ਹੁੰਦੇ ਹਨ, ਜਿਸ ਕਰਕੇ ਇਸ ਦੇ ਸੇਵਨ ਨਾਲ ਲਾਗ ਪੈਦਾ ਕਰਨ ਵਾਲੇ ਬੈਕਟਰੀਆ ਵੀ ਖ਼ਤਮ ਹੋ ਜਾਂਦੇ ਹਨ।
ਕੋਰੋਨਾ ਤੋਂ ਬਚਾਅ ਵਿੱਚ ਲਾਭਕਾਰੀ
ਕੋਰੋਨਾ ਵਾਇਰਸ ਦੀ ਲਾਗ ਦੌਰਾਨ ਸਰੀਰ ਦੇ ਰੋਗ ਪ੍ਰਤੀਰੋਧਕ ਢਾਂਚੇ ਨੂੰ ਮਜ਼ਬੂਤ ਬਣਾਈ ਰੱਖਣਾ ਬੜਾ ਮਹੱਤਵ ਰੱਖਦਾ ਹੈ। ਦੁੱਧ ਵਿਚ ਸ਼ਹਿਦ ਮਿਲਾ ਕੇ ਪੀਣ ਨਾਲ ਰੋਗ ਪ੍ਰਤੀਰੋਧਕ ਸਮਰੱਥਾ 'ਚ ਵਾਧਾ ਹੁੰਦਾ ਹੈ। ਇਸ ਲਈ ਇੱਥੇ ਇਸ ਦੀ ਵਰਤੋਂ ਬੜੀ ਲਾਭਕਾਰੀ ਹੈ।
ਸਾਹ ਸੰਬੰਧੀ ਰੋਗਾਂ ਵਿੱਚ ਸਹਾਇਕ
ਦੁੱਧ ਵਿੱਚ ਸ਼ਹਿਦ ਮਿਲਾ ਕੇ ਪੀਣ ਨਾਲ ਸਾਹ ਸੰਬੰਧੀ ਆਮ ਸਮੱਸਿਆਵਾਂ ਵਿੱਚ ਰਾਹਤ ਮਿਲਦੀ ਹੈ। ਜੇ ਤੁਸੀਂ ਹਰ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਗਰਮ ਦੁੱਧ ਵਿਚ ਸ਼ਹਿਦ ਮਿਲਾ ਪੀਂਦੇ ਹੋ, ਤਾਂ ਇਹ ਗਲੇ ਦੀਆਂ ਸਮੱਸਿਆਵਾਂ ਨੂੰ ਦੂਰ ਰੱਖਣ ਵਿਚ ਮਦਦਗਾਰ ਸਾਬਤ ਹੁੰਦਾ ਹੈ।
ਇਸ ਲੇਖ ਵਿਚ ਦਿੱਤੀ ਗਈ ਜਾਣਕਾਰੀ ਸੰਬੰਧੀ ਨਤੀਜੇ ਹਰ ਕਿਸੇ ਲਈ ਵੱਖੋ-ਵੱਖਰੇ ਹੋ ਸਕਦੇ ਹਨ। ਬਿਹਤਰ ਹੈ ਕਿ ਇਨ੍ਹਾਂ ਨੂੰ ਅਪਨਾਉਣ ਤੋਂ ਪਹਿਲਾਂ ਸੰਬੰਧਿਤ ਮਾਹਿਰ ਤੋਂ ਸਲਾਹ-ਮਸ਼ਵਰਾ ਲੈ ਲਿਆ ਜਾਵੇ।