ਮਾਂ ਦਾ ਦੁੱਧ ਬੱਚੇ ਲਈ ਉਪਯੋਗੀ
ਇਸ ਵਿਚ ਪ੍ਰੋਟੀਨ ਤੇ ਰੋਗ ਨਾਸ਼ਕ ਅੰਸ਼ ਵਧੇਰੇ ਮਾਤਰਾ ਵਿਚ ਮੌਜੂਦ ਹੁੰਦੇ ਹਨ ਜਿਸ ਨਾਲ ਬੱਚਿਆਂ ਅੰਦਰ ਕੁਦਰਤੀ ਤੌਰ ’ਤੇ ਬੀਮਾਰੀਆਂ ਵਿਰੁਧ ਲੜਨ ਦੀ ਤਾਕਤ ਪੈਦਾ ਹੁੰਦੀ ਹੈ।
ਸਿਰਜਣਹਾਰ ਦੀ ਸਿਰਜਣਾ ਅਤਿਅੰਤ ਨਿਰਾਲੀ ਹੈ। ਉਸ ਦੀ ਕੁਦਰਤ ਨੂੰ ਸਮਝਣਾ ਬਹੁਤ ਮੁਸ਼ਕਲ ਹੈ। ਸਿਰਜਣਹਾਰ ਨੇ ਹਰ ਜੀਵ ਦੇ ਗੁਜ਼ਾਰੇ ਲਈ ਕੁਦਰਤੀ ਇੰਤਜ਼ਾਮ ਕੀਤਾ ਹੋਇਆ ਹੈ। ਇਕ ਨਵਜੰਮੇ ਬੱਚੇ ਦੇ ਗੁਜ਼ਾਰੇ ਲਈ ਕੁਦਰਤੀ ਖ਼ੁਰਾਕ ਮਾਂ ਦਾ ਦੁੱਧ ਹੈ ਜੋ ਕਿ ਪੂਰੀ ਤਰ੍ਹਾਂ ਸ਼ੁੱਧ ਅਤੇ ਸੁਰੱਖਿਅਤ ਹੁੰਦਾ ਹੈ। ਇਸ ਲਈ ਇਸ ਨੂੰ ਜਨਮ ਤੋਂ ਚਾਰ-ਪੰਜ ਘੰਟਿਆਂ ਬਾਅਦ ਹੀ ਸ਼ੁਰੂ ਕੀਤਾ ਜਾ ਸਕਦਾ ਹੈ।
ਪਹਿਲਾ-ਪਹਿਲਾ ਦੁੱਧ ਜਿਹੜਾ ਮਾਂ ਦੀਆਂ ਛਾਤੀਆਂ ਵਿਚੋਂ ਨਿਕਲਦਾ ਹੈ, ਉਹ ਹਲਕੇ ਪੀਲੇ ਰੰਗ ਦਾ ਤੇ ਗਾੜ੍ਹਾ ਹੁੰਦਾ ਹੈ। ਇਸ ਵਿਚ ਪ੍ਰੋਟੀਨ ਤੇ ਰੋਗ ਨਾਸ਼ਕ ਅੰਸ਼ ਵਧੇਰੇ ਮਾਤਰਾ ਵਿਚ ਮੌਜੂਦ ਹੁੰਦੇ ਹਨ ਜਿਸ ਨਾਲ ਬੱਚਿਆਂ ਅੰਦਰ ਕੁਦਰਤੀ ਤੌਰ ’ਤੇ ਬੀਮਾਰੀਆਂ ਵਿਰੁਧ ਲੜਨ ਦੀ ਤਾਕਤ ਪੈਦਾ ਹੁੰਦੀ ਹੈ। ਇਸ ਕਾਰਨ ਦੁੱਧ ਚੁੰਘਣ ਵਾਲੇ ਬੱਚੇ ਘੱਟ ਬੀਮਾਰ ਹੁੰਦੇ ਹਨ ਤੇ ਨਾਲ ਹੀ ਤੰਦਰੁਸਤ ਵੀ ਹੁੰਦੇ ਹਨ। ਮਾਂ ਦੀ ਇਹ ਕੁਦਰਤੀ ਅੰਤਰ-ਪ੍ਰੇਰਨਾ ਹੁੰਦੀ ਹੈ ਕਿ ਉਹ ਬੱਚੇ ਨੂੰ ਗੋਦ ਵਿਚ ਚੁੱਕੇ, ਦੁੱਧ ਚੁੰਘਾਵੇ। ਸ੍ਰੀਰਕ ਤੌਰ ’ਤੇ ਵੀ ਦੁੱਧ ਚੁੰਘਣ ਨਾਲ ਮਾਂ ਨੂੰ ਫ਼ਾਇਦਾ ਪਹੁੰਚਦਾ ਹੈ। ਦੁੱਧ ਚੁੰਘਣ ਨਾਲ ਮਾਂ ਦੀ ਬੱਚੇਦਾਨੀ ਛੇਤੀ ਹੀ ਅਪਣੇ ਸਥਾਨ ਤੇ ਅਤੇ ਆਕਾਰ ਵਿਚ ਆ ਜਾਂਦੀ ਹੈ। ਹਰ ਮਾਂ ਲਈ ਬੱਚੇ ਨੂੰ ਦੁੱਧ ਚੁੰਘਾਉਣਾ ਬਹੁਤ ਜ਼ਰੂਰੀ ਹੈ।
ਬੱਚੇ ਨੂੰ ਦੁੱਧ ਚੁੰਘਾਉਣ ਵਾਲੀ ਮਾਂ ਨੂੰ ਕੁੱਝ ਗੱਲਾਂ ਦਾ ਖ਼ਿਆਲ ਰਖਣਾ ਚਾਹੀਦਾ ਹੈ : ਹੱਥ ਤੇ ਛਾਤੀਆਂ ਚੰਗੀ ਤਰ੍ਹਾਂ ਸਾਫ਼ ਕਰਨੇ ਚਾਹੀਦੇ ਹਨ। ਸ਼ਾਂਤੀਪੂਰਵਕ ਵਾਤਾਵਰਣ ਵਿਚ ਦੁੱਧ ਪਿਆਉਣਾ ਚਾਹੀਦਾ ਹੈ। ਬੱਚੇ ਨੂੰ ਦੁੱਧ ਚੁੰਘਾਉਣ ਪਿਛੋਂ ਮੋਢੇ ਨਾਲ ਲਾ ਕੇ ਉਸ ਦੀ ਪਿੱਠ ਥਾਪੜਨੀ ਚਾਹੀਦੀ ਹੈ ਤਾਂ ਜੋ ਉਸ ਨੂੰ ਡਕਾਰ ਆ ਜਾਵੇ। ਬੱਚੇ ਨੂੰ ਡਕਾਰ ਦਿਵਾਉਣ ਵਿਚ ਲਾਪਰਵਾਹੀ ਵਰਤਣ ਨਾਲ ਬੱਚੇ ਸਾਰਾ ਦੁੱਧ ਬਾਹਰ ਕੱਢ ਦਿੰਦੇ ਹਨ ਜਾਂ ਦੁੱਧ ਸਾਹ ਨਲੀ ਵਿਚ ਚਲਾ ਜਾਂਦਾ ਹੈ ਜੋ ਕਿ ਖ਼ਤਰਨਾਕ ਸਾਬਤ ਹੋ ਸਕਦਾ ਹੈ।
ਇਸ ਸਮੇਂ ਚੰਗੀ - ਸੰਤੁਲਿਤ ਖ਼ੁਰਾਕ ਦਾ ਸੇਵਨ ਕਰਨਾ ਚਾਹੀਦਾ ਹੈ ਤਾਂ ਜੋ ਬੱਚੇ ਦੀ ਸਿਹਤ ਵੀ ਚੰਗੀ ਬਣ ਸਕੇ। ਅਨਾਜ, ਦਾਲਾਂ, ਹਰੀਆਂ ਪੱਤੇਦਾਰ ਸਬਜ਼ੀਆਂ, ਦੁੱਧ, ਫਲ ਆਦਿ ਦਾ ਸੇਵਨ ਕਰਨਾ ਚਾਹੀਦਾ ਹੈ। ਤੇਜ਼ ਮਿਰਚ ਮਸਾਲੇ ਆਦਿ ਦਾ ਪਰਹੇਜ਼ ਕਰਨਾ ਚਾਹੀਦਾ ਹੈ। ਬਿਮਾਰੀ ਦੀ ਹਾਲਤ ਵਿਚ ਬੱਚੇ ਨੂੰ ਦੁੱਧ ਨਹੀਂ ਚੁੰਘਾਉਣਾ ਚਾਹੀਦਾ। ਦੁੱਧ ਨਾ ਆਉਣ ਦੀ ਹਾਲਤ ਵਿਚ ਵੀ ਬੱਚੇ ਨੂੰ ਥੋੜੀ-ਥੋੜੀ ਦੇਰ ਬਾਅਦ ਪੰਜ-ਸੱਤ ਮਿੰਟਾਂ ਲਈ ਦੁੱਧ ਚੁੰਘਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਮਾਂ ਦੇ ਦੁੱਧ ਤੋਂ ਸਿਵਾ ਨਵਜੰਮੇ ਬੱਚੇ ਲਈ ਸੰਤੁਲਿਤ ਖ਼ੁਰਾਕ ਹੋਰ ਕੋਈ ਹੋ ਹੀ ਨਹੀਂ ਸਕਦੀ, ਇਸ ਲਈ ਹਰ ਮਾਂ ਨੂੰ ਅਪਣੇ ਬੱਚੇ ਦੇ ਸਰੀਰਕ ਤੇ ਮਾਨਸਕ ਵਿਕਾਸ ਲਈ ਅਪਣਾ ਦੁੱਧ ਜ਼ਰੂਰ ਚੁੰਘਾਉਣਾ ਚਾਹੀਦਾ ਹੈ ਤਾਂ ਜੋ ਬੱਚਾ ਇਕ ਤੰਦਰੁਸਤ ਜੀਵਨ ਬਸਰ ਕਰ ਸਕੇ।
-ਡਾ ਤਰਨੀਤ ਕੌਰ ਆਨੰਦ
ਪਟਿਆਲਾ (ਮੋਬਾਈਲ : 93560-45661)