ਯੋਗ ਕਰੇ ਨਿਰੋਗ

ਜੀਵਨ ਜਾਚ, ਜੀਵਨਸ਼ੈਲੀ

ਸ੍ਰੀ ਰ ਨੂੰ ਤੰਦਰੁਸਤ ਰੱਖਣ ਲਈ ਯੋਗ ਅਪਣੀ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ। ਇਸ ਨਾਲ ਸ੍ਰੀਰਕ ਤੇ ਮਾਨਸਕ ਬੀਮਾਰੀਆਂ 'ਤੇ ਜਿੱਤ ਪਾਈ ਜਾ ਸਕਦੀ ਹੈ। ਯੋਗ ਨਾਲ ਮਨ ਇਕਾਗਰ ਹੁੰਦਾ ਹੈ ਤੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਇਹ ਇਕ ਮੁਫ਼ਤ ਦੀ ਦਵਾਈ ਹੈ, ਜਿਸ ਨੂੰ ਕਰਨ ਨਾਲ ਕੋਈ ਪੈਸਾ ਜਾਂ ਜੀਐੱਸਟੀ ਨਹੀਂ ਦੇਣਾ ਪੈਦਾ। ਯੋਗ 99 ਫ਼ੀ ਸਦੀ ਬੀਮਾਰੀਆਂ ਦਾ ਇਲਾਜ ਸੰਭਵ ਹੈ।

ਸ੍ਰੀ  ਰ ਨੂੰ ਤੰਦਰੁਸਤ ਰੱਖਣ ਲਈ ਯੋਗ ਅਪਣੀ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ। ਇਸ ਨਾਲ ਸ੍ਰੀਰਕ ਤੇ ਮਾਨਸਕ ਬੀਮਾਰੀਆਂ 'ਤੇ ਜਿੱਤ ਪਾਈ ਜਾ ਸਕਦੀ ਹੈ। ਯੋਗ ਨਾਲ ਮਨ ਇਕਾਗਰ ਹੁੰਦਾ ਹੈ ਤੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਇਹ ਇਕ ਮੁਫ਼ਤ ਦੀ ਦਵਾਈ ਹੈ, ਜਿਸ ਨੂੰ ਕਰਨ ਨਾਲ ਕੋਈ ਪੈਸਾ ਜਾਂ ਜੀਐੱਸਟੀ ਨਹੀਂ ਦੇਣਾ ਪੈਦਾ। ਯੋਗ 99 ਫ਼ੀ ਸਦੀ ਬੀਮਾਰੀਆਂ ਦਾ ਇਲਾਜ ਸੰਭਵ ਹੈ। ਇਸ ਨਾਲ 72 ਕਰੋੜ 72 ਲੱਖ 10 ਹਜ਼ਾਰ 201 ਨਾੜੀਆਂ ਪ੍ਰਭਾਵਤ ਹੁੰਦੀਆਂ ਹਨ। ਇਸ ਦਾ ਫ਼ਾਇਦਾ ਖੱਟਣ ਲਈ ਇਕ ਮੋਟੀ ਦਰੀ 'ਤੇ ਸ਼ਾਂਤ ਵਾਤਾਵਰਣ ਦੀ ਲੋੜ ਹੁੰਦੀ ਹੈ। ਅਜਕਲ ਦੇ ਬੱਚੇ, ਜਵਾਨ, ਬਜ਼ੁਰਗ ਤੇ ਮਹਿਲਾਵਾਂ ਸੱਭ ਯੋਗਾ ਨੂੰ ਪਸੰਦ ਕਰਦੇ ਹਨ। ਜਿਹੜੇ ਵਿਅਕਤੀ ਯੋਗ ਮਨ ਨਾਲ ਕਰਦੇ ਹਨ ਉਹ ਇਸ ਦਾ ਜਾਦੂਈ ਫ਼ਾਇਦਾ ਲੈ ਕੇ ਬੀਮਾਰੀ ਮੁਕਤ ਹੋ ਜਾਂਦੇ ਹਨ ਤੇ ਜਿਹੜੇ ਮਨ ਲਾ ਕੇ ਯੋਗਾ ਨਹੀਂ ਕਰਦੇ ਉਨ੍ਹਾਂ ਵਾਸਤੇ ਇਹ ਇਕ ਹਲਕੀ ਕਸਰਤ ਹੈ। ਇਹ ਇਕ ਸਾਧਨਾ ਵੀ ਹੈ ਜਿਸ ਨੂੰ ਕਰਨ ਨਾਲ ਭਾਵਨਾਵਾਂ 'ਤੇ ਕਾਬੂ ਪਾਇਆ ਜਾ ਸਕਦਾ ਹੈ। ਸੱਭ ਤੋਂ ਵੱਡਾ ਸਮਾਜਕ ਲਾਭ ਇਹ ਹੈ ਕਿ ਇਸ ਨਾਲ ਈਰਖਾ ਤੇ ਵਿਰੋਧੀ ਭਾਵਨਾ ਖ਼ਤਮ ਹੁੰਦੀ ਹੈ ਪਰ ਇਸ ਸਾਧਨਾ ਨੂੰ ਅਪਨਾਉਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਇਸ ਲਈ ਸਖ਼ਤ ਮਿਹਨਤ ਤੇ ਇਕਾਗਰਤਾ ਜ਼ਰੂਰੀ ਹੈ। ਇਹ ਵੀ ਮੰਨਣਾ ਠੀਕ ਹੋਵੇਗਾ ਕਿ ਯੋਗ ਕਿਰਿਆਵਾਂ ਹੱਠੀ ਬੰਦੇ ਹੀ ਕਰ ਸਕਦੇ ਹਨ ਜਿਨ੍ਹਾਂ ਨੂੰ ਅਪਣੇ ਸ੍ਰੀਰ ਦੀ ਤੰਦਰੁਸਤੀ ਦੀ ਜ਼ਿਆਦਾ ਚਿੰਤਾ ਹੁੰਦੀ ਹੈ। ਯੋਗ ਨੂੰ ਸਵੇਰ ਵੇਲੇ ਪਖਾਨਾ ਜਾਣ ਤੋਂ ਬਾਅਦ ਹੀ ਕਰਨਾ ਚਾਹੀਦਾ ਹੈ। ਯੋਗਾ ਕਰਨ ਨਾਲ ਬਲੱਡ-ਪ੍ਰੈਸ਼ਰ, ਛਾਈਆਂ, ਮੋਟਾਪਾ, ਸ਼ੂਗਰ, ਤਣਾਅ, ਕੋਲੈਸਟਰੋਲ ਦਾ ਵਧਣਾ, ਵਾਲਾਂ ਦਾ ਝੜਨਾ, ਮੋਟਾਪਾ, ਯੂਰਿਕ ਐਸਿਡ, ਗਠੀਆ, ਸਰਵਾਈਕਲ ਵਰਗੀਆਂ ਬੀਮਾਰੀਆਂ ਤੋਂ ਮੁਕਤੀ ਪਾਈ ਜਾ ਸਕਦੀ ਹੈ। ਅਜਕਲ ਦੇ ਪੜ੍ਹੇ-ਲਿਖੇ ਵੱਡੀਆਂ ਡਿਗਰੀਆਂ ਵਾਲੇ  ਡਾਕਟਰ ਵੀ ਅਪਣੀਆਂ ਪੈਥੀਆਂ ਦੇ ਇਲਾਜ ਨਾਲ-ਨਾਲ ਮਰੀਜ਼ ਨੂੰ ਯੋਗ ਕਰਨ ਦੀ ਸਲਾਹ ਦਿੰਦੇ ਹਨ। ਇਸ ਲਈ ਡਾਕਟਰਾਂ, ਵਕੀਲਾਂ, ਇੰਜੀਨੀਅਰਾਂ, ਅਧਿਆਪਕਾਂ ਨੂੰ ਜਨਤਕ ਥਾਵਾਂ 'ਤੇ ਯੋਗ ਦੀਆਂ ਕਲਾਸਾਂ ਲਗਾਉਂਦਿਆਂ ਆਮ ਵੇਖਿਆ ਜਾ ਸਕਦਾ ਹੈ। ਕਈ ਯੋਗ ਸਾਧਕ ਹਾਸ ਆਸਣ ਵੀ ਕਰਦੇ ਹਨ ਉਸ ਦਾ ਵੀ ਇਕ ਅਪਣਾ ਮਜ਼ਾ ਹੈ। ਸੱਭ ਤੋਂ ਦਿਲਚਸਪ ਗੱਲ ਇਹ ਹੈ ਕਿ ਬਹੁਤ ਸਾਰੇ ਫ਼ਿਲਮੀ ਅਦਾਕਾਰ ਵੀ ਯੋਗ ਦੀ ਮਹੱਤਤਾ ਸਮਝ ਚੁਕੇ ਹਨ। ਉਹ ਵੀ ਯੋਗ ਨੂੰ ਅਪਣੀ ਜੀਵਨਸ਼ੈਲੀ ਵਿਚ ਸ਼ਾਮਲ ਕਰ ਕੇ ਨਵੇਂ ਕੀਰਤੀਮਾਨ ਸਥਾਪਤ ਕਰ ਚੁੱਕੇ ਹਨ।
ਯੋਗ ਭਾਰਤ ਦੀ ਪੁਰਾਣੀ ਸੰਸਕ੍ਰਿਤੀ ਹੈ ਜਿਸ ਨੂੰ ਅੰਤਰਰਾਸ਼ਟਰੀ ਪੱਧਰ ਉਤੇ ਮਾਨਤਾ ਮਿਲੀ ਹੈ। ਪਹਿਲਾਂ ਇਹ ਸਮਝਿਆ ਜਾਂਦਾ ਸੀ ਕਿ ਯੋਗ ਅਭਿਆਸ ਦੀਆਂ ਮੁਸ਼ਕਿਲ ਕਿਰਿਆਵਾਂ ਕੇਵਲ ਰਿਸ਼ੀ-ਮੁਨੀ ਹੀ ਕਰ ਸਕਦੇ ਹਨ ਪਰ ਸ਼ਹਿਰਾਂ ਤੇ ਪਿੰਡਾਂ ਵਿਚ ਲਗਦੀਆਂ ਯੋਗ ਕਲਾਸਾਂ ਵਿਚ ਯੋਗ ਸਾਧਕਾਂ ਦੀ ਵਧਦੀ ਗਿਣਤੀ ਨੇ ਇਸ ਧਾਰਨਾ ਨੂੰ ਗ਼ਲਤ ਸਾਬਤ ਕਰ ਦਿਤਾ ਹੈ। ਹੁਣ ਯੋਗ ਰਾਹੀਂ ਲਾਭ ਲੈਣਾ ਹਰ ਘਰ ਦੀ ਕਹਾਣੀ ਬਣ ਚੁੱਕੀ ਹੈ। ਅਜਕਲ ਦੇ ਆਧੁਨਿਕ ਯੁੱਗ ਵਿਚ ਨਕਲੀ ਜੀਵਨਸ਼ੈਲੀ, ਕੀਟਨਾਸ਼ਕ ਦਵਾਈਆਂ ਦਾ ਛਿੜਕਾਅ, ਅੰਗ੍ਰੇਜ਼ੀ ਦਵਾਈਆਂ ਦੇ ਸਾਈਡ-ਇਫ਼ੈਕਟ ਤੇ ਮਹਿੰਗੇ ਇਲਾਜ ਤੋਂ ਡਰਦਾ ਹੋਇਆ ਮੱਧ ਵਰਗੀ ਪ੍ਰਵਾਰ ਦਾ ਹਰ ਮੈਂਬਰ ਯੋਗ ਨਾਲ ਜੁੜ ਕੇ ਰਾਹਤ ਮਹਿਸੂਸ ਕਰ ਰਿਹਾ ਹੈ। ਇਸ ਲਈ ਬੀਮਾਰੀ ਦੀ ਆਮਦ ਤੋਂ ਪਹਿਲਾਂ ਹੀ ਹਰ ਵਿਅਕਤੀ ਯੋਗ ਕਿਰਿਆਵਾਂ ਨੂੰ ਸਿੱਖਣ ਲਈ ਚਹਿਲਕਦਮੀ ਕਰ ਰਿਹਾ ਹੈ ਤੇ ਅਮੀਰ ਆਦਮੀ ਹੈਲਥ ਪਾਲਸੀਆਂ ਵਿਚੋਂ ਸਿਹਤ ਭਾਲਣ ਦੀ ਕੋਸ਼ਿਸ਼ ਕਰ ਰਿਹਾ ਹੈ।
ਸੋ ਅੱਜ ਹਰ ਵਿਅਕਤੀ ਰੋਗਾਂ ਤੋਂ ਛੁਟਕਾਰਾ ਚਾਹੁੰਦਾ ਹੈ ਪਰ ਉਸ ਦੀ ਇੱਛਾ ਇਹ ਵੀ ਹੁੰਦੀ ਹੈ ਕਿ ਯੋਗ ਭਾਵੇਂ ਕੋਈ ਹੋਰ ਕਰੇ ਪਰ ਆਰਾਮ ਮੈਨੂੰ ਆ ਜਾਵੇ। ਇਸ ਲਈ ਹਰ ਵਿਅਕਤੀ ਬਿਨਾਂ ਹੱਥ-ਪੈਰ ਹਿਲਾਏ ਰੋਗ ਮੁਕਤ ਹੋਣਾ ਚਾਹੁੰਦਾ ਹੈ ਕਿਉਂਕਿ ਯੋਗ ਤੇ ਸੈਰ ਤੋਂ ਬਚਣ ਦੇ ਬਹਾਨੇ ਬਹੁਤ ਹਨ। ਇਹ ਗੱਲ ਵੀ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਗ਼ਲਤ ਯੋਗ ਕਿਰਿਆਵਾਂ ਨਾਲ ਬਹੁਤ ਸਾਰੇ ਸਾਈਡ ਇਫ਼ੈਕਟ ਵੀ ਹੋ ਸਕਦੇ ਹਨ। ਇਸ ਲਈ ਯੋਗ ਅਭਿਆਸ ਕਿਸੇ ਮਾਹਰ ਗੁਰੂ ਤੋਂ ਹੀ ਸਿਖਣਾ ਚਾਹੀਦਾ ਹੈ। ਜੇਕਰ ਅਜਿਹਾ ਨਹੀਂ ਕਰਦੇ ਤਾਂ ਇਹ ਮੁਫ਼ਤ ਦੀ ਦਵਾਈ ਜ਼ਹਿਰ ਵੀ ਉਗਲ ਸਕਦੀ ਹੈ। ਯੋਗ ਦੀ ਟ੍ਰੇਨਿੰਗ ਲਈ ਕਈ ਇੰਸਟੀਚਿਊਟ ਵੀ ਖੁੱਲ੍ਹ ਗਏ ਹਨ ਪਰ ਪੈਸਾ ਲਾ ਕੇ ਯੋਗ ਕੋਈ ਵੀ ਸਿੱਖਣਾ ਨਹੀਂ ਚਾਹੁੰਦਾ। ਇਸ ਲਈ ਸਾਡੇ ਸ਼ਹਿਰ ਦਾ ਯੋਗਾ ਇੰਸਟੀਚਿਊਟ ਆਖ਼ਰੀ ਸਾਹਾਂ 'ਤੇ ਹੈ। ਇਸ ਨੂੰ ਰੋਜ਼ੀ-ਰੋਟੀ ਦਾ ਸਾਧਨ ਤਾਂ ਹੀ ਬਣਾਇਆ ਜਾ ਸਕਦਾ ਹੈ ਜੇਕਰ ਯੋਗ ਅਧਿਆਪਕਾਂ ਨੂੰ ਵੀ ਡਾਕਟਰਾਂ ਦੇ ਬਰਾਬਰ ਦਾ ਮਿਹਨਤਾਨਾ ਦਿਤਾ ਜਾਵੇ ਪਰ ਲੋਕ ਡਾਕਟਰਾਂ ਨੂੰ ਫ਼ੀਸਾਂ ਦੇਣ ਲਈ ਤਾਂ ਤਿਆਰ ਹਨ ਪਰ ਯੋਗ ਅਧਿਆਪਕਾਂ ਨੂੰ ਪੈਸਾ ਦੇਣ ਲਗਿਆਂ ਕੰਜੂਸ ਹੋ ਜਾਂਦੇ ਹਨ। ਉਹ ਇਹ ਨਹੀਂ ਸਮਝਦੇ ਕਿ ਯੋਗ ਅਧਿਆਪਕਾਂ ਦਾ ਕੰਮ ਵੀ ਡਾਕਟਰਾਂ ਵਾਂਗੂ ਹੀ ਔਖਾ ਹੈ। ਇਸ ਨੂੰ ਮੁਫ਼ਤ ਦਾ ਗਿਆਨ ਨਾ ਸਮਝਿਆ ਜਾਵੇ ਬਲਕਿ ਯੋਗ ਅਧਿਆਪਕਾਂ ਨੂੰ ਉਨ੍ਹਾਂ ਦਾ ਬਣਦਾ ਮਿਹਨਤਾਨਾ ਦਿਤਾ  ਜਾਵੇ ਤਾਂ ਫਿਰ ਇਸ ਗਿਆਨ ਵਿਚ ਹੋਰ ਵੀ ਨਿਖਾਰ ਆ ਸਕਦਾ ਹੈ।
ਯੋਗ ਦੇ ਇਹ ਆਸਣ ਤਾੜ ਆਸਣ, ਕਟਿਚਕਾਰ ਆਸਣ, ਜਾਨੂੰਸਿਰ ਆਸਣ, ਵੱਜਰ ਆਸਣ, ਉਸ਼ਟਰ ਆਸਣ, ਮਕਰ ਆਸਣ ਤੇ ਨਾੜੀ ਸੋਧਨ ਪ੍ਰਾਣਾਯਾਮ ਦਾ ਅਭਿਆਸ ਪੇਟ ਦੀਆਂ ਬੀਮਾਰੀਆਂ ਲਈ ਉਤਮ ਹੈ। ਏਨੀਆਂ ਖ਼ੂਬੀਆਂ ਹੋਣ ਦੇ ਬਾਵਜੂਦ ਅਸੀ ਯੋਗ ਕਰਨ ਤੋਂ ਘੇਸਲ ਵਟਦੇ ਹਾਂ। ਇਸ ਦਾ ਪ੍ਰਚਾਰ ਜ਼ਿਆਦਾ ਹੈ ਪਰ ਸਾਧਨ ਹਾਲੇ ਵੀ ਘੱਟ ਹਨ। ਸਾਨੂੰ ਇਹ ਵੀ ਪਤਾ ਹੈ ਕਿ ਚੰਗੀ ਸਿਹਤ ਯੋਗ ਦੁਆਰਾ ਪ੍ਰਾਪਤ ਕੀਤੀ ਜਾ ਸਕਦੀ ਹੈ। ਕਿੱਲ, ਛਾਈਆਂ ਤੋਂ ਲੈ ਕੇ ਟਾਈਟ ਚਮੜੀ, ਵਾਲਾਂ ਤੇ ਚਿਹਰੇ ਨੂੰ ਖ਼ੂਬਸੂਰਤ ਬਣਾਇਆ ਜਾ ਸਕਦਾ ਹੈ ਤਾਂ ਆਉ ਅਸੀ ਪ੍ਰਣ ਕਰੀਏ ਕਿ ਸੈਰ ਤੇ ਯੋਗ ਨੂੰ ਜੀਵਨ ਦਾ ਹਿੱਸਾ ਬਣਾਵਾਂਗੇ ਤਾਕਿ ਅੜੀਅਲ ਬੀਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕੇ। ਯੋਗ ਨਾਲ ਜੋੜ ਕੇ ਲੋਕਾਂ ਨੂੰ ਬੀਮਾਰੀਆਂ ਤੋਂ ਮੁਕਤ ਕਰਨ ਦਾ ਉਪਰਾਲਾ ਕਰੀਏ ਕਿਉਂਕਿ ਸਾਡਾ ਜੀਵਨ ਬੀਮਾਰੀਆਂ ਨਾਲ ਹੰਢਾਉਣ ਵਾਸਤੇ ਨਹੀਂ ਬਣਿਆ। ਇਸ ਲਈ ਯੋਗ ਨਾਲ ਨਿਰੋਗ ਰਹਿਣ ਦਾ ਹੱਕ ਸੱਭ ਨੂੰ ਹੈ।  
-ਡਾ.ਅਨਿਲ ਕੁਮਾਰ ਬੱਗਾ,
ਕੁਮਾਰ ਈ/ਐਚ ਰਿਸਰਚ ਸੈਂਟਰ, ਕੋਟਕਪੂਰਾ।