Darknet 'ਤੇ ਲੀਕ ਕੀਤੀ ਗਈ 100,000 ਤੋਂ ਜ਼ਿਆਦਾ ਭਾਰਤੀ ਨਾਗਰਿਕਾਂ ਦੀ ID!
ਸਾਈਬਲ ਵੱਲੋਂ ਜਾਰੀ ਰਿਪੋਰਟ ਅਨੁਸਾਰ ਡਾਰਕਨੈੱਟ ´ਤੇ ਵੱਡੇ ਪੱਧਰ 'ਤੇ ਭਾਰਤੀ ਨਾਗਰਿਕਾਂ ਦੀ ਪਛਾਣ ਸਬੰਧੀ ਜਾਣਕਾਰੀ ਲੀਕ ਕੀਤੀ ਗਈ ਹੈ।
ਨਵੀਂ ਦਿੱਲੀ: ਸਾਈਬਲ ਵੱਲੋਂ ਜਾਰੀ ਰਿਪੋਰਟ ਅਨੁਸਾਰ ਡਾਰਕਨੈੱਟ ´ਤੇ ਵੱਡੇ ਪੱਧਰ 'ਤੇ ਭਾਰਤੀ ਨਾਗਰਿਕਾਂ ਦੀ ਪਛਾਣ ਸਬੰਧੀ ਜਾਣਕਾਰੀ ਲੀਕ ਕੀਤੀ ਗਈ ਹੈ। ਰਿਪੋਰਟ ਵਿਚ ਪਾਇਆ ਗਿਆ ਕਿ ਡਾਰਕਨੈੱਟ 'ਤੇ ਇਕ ਲੱਖ ਤੋਂ ਜ਼ਿਆਦਾ ਭਾਰਤੀ ਨਾਗਰਿਕਾਂ ਦੀ ਜਾਣਕਾਰੀ ਲੀਕ ਕੀਤੀ ਗਈ ਹੈ।
ਇਸ ਦੌਰਾਨ ਇਕ ਗੈਰ-ਨਾਮੀ ਅਭਿਨੇਤਾ ਨਾਲ ਸੰਪਰਕ ਕੀਤਾ ਗਿਆ ਜੋ ਡਾਰਕਨੈੱਟ 'ਤੇ 1,00,000 ਤੋਂ ਵੱਧ ਭਾਰਤੀ ਨਾਗਰਿਕਾਂ ਦੀ ਆਈਡੀ ਵੇਚ ਰਿਹਾ ਸੀ। ਉਸ ਵੱਲੋਂ ਸਾਂਝੇ ਕੀਤੇ ਗਏ ਸੈਂਪਲਾਂ ਅਨੁਸਾਰ ਭਾਰਤ ਵਿਚ ਵੱਖ-ਵੱਖ ਥਾਵਾਂ ਤੋਂ 1,00,000 ਤੋਂ ਜ਼ਿਆਦਾ ਨਾਗਰਿਕਾਂ ਦੀ ਪਛਾਣ ਵੇਚੀ ਗਈ ਹੈ। ਇਹ ਡਾਟਾ ਕੁੱਲ 100 ਜੀਬੀ ਤੋਂ ਵੱਧ ਦਾ ਹੈ।
ਸਾਈਬਲ ਦੇ ਖੋਜਕਰਤਾਵਾਂ ਨੇ ਅੰਕੜਿਆਂ ਦੇ ਨਮੂਨੇ ਹਾਸਲ ਕਰ ਲਏ ਹਨ ਅਤੇ ਪੁਸ਼ਟੀ ਕੀਤੀ ਹੈ ਕਿ ਆਈਡੀ ਭਾਰਤੀ ਨਾਗਰਿਕਾਂ ਨਾਲ ਸਬੰਧਤ ਹਨ।
ਇਹਨਾਂ ਨਮੂਨਿਆਂ ਵਿਚ ਪਾਸਪੋਰਟ, ਪੈਨ ਕਾਰਡ, ਵੋਟਰ ਕਾਰਡ, ਅਧਾਰ, ਡਰਾਈਵਿੰਗ ਲਾਇਸੈਂਸ ਆਦਿ ਸ਼ਾਮਲ ਹਨ।
ਸਾਈਬਰ ਅਪਰਾਧੀਆਂ ਵੱਲੋਂ ਲੀਕ ਕੀਤੇ ਗਏ ਨਿੱਜੀ ਡਾਟਾ ਦੀ ਵਰਤੋਂ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਲਈ ਦੇਖਣ ਨੂੰ ਮਿਲਦੀ ਹੈ। ਇਹਨਾਂ ਦੀ ਵਰਤੋਂ ਧੋਖਾਧੜੀ ਲਈ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ।
ਸਾਈਬਲ ਨੇ ਕਿਹਾ ਹੈ ਕਿ, 'ਸ਼ੁਰੂਆਤੀ ਜਾਂਚ ਕਹਿੰਦੀ ਹੈ ਕਿ ਇਹ ਡਾਟਾ ਕਿਸੇ ਤੀਜੀ ਧਿਰ ਵੱਲੋਂ ਲੀਕ ਕੀਤਾ ਗਿਆ ਹੈ, ਇਹਨਾਂ ਦੇ ਕਿਸੇ ਸਰਕਾਰੀ ਸਿਸਟਮ ਤੋਂ ਲੀਕ ਹਣ ਦਾ ਕੋਈ ਸੰਕੇਤ ਨਹੀਂ ਮਿਲਿਆ। ਇਸ ਸਮੇਂ ਕੰਪਨੀ ਦੇ ਖੋਜਕਰਤਾ ਮਾਮਲੇ ਦੀ ਜਾਂਚ ਕਰ ਰਹੇ ਹਨ'। ਸਕੈਨ ਕੀਤੇ ਗਏ ਦਸਤਾਵੇਜ ਇਸ ਗੱਲ 'ਤੇ ਇਸ਼ਾਰ ਕਰਦੇ ਹਨ ਕਿ ਸੰਭਵ ਹੈ ਕਿ ਇਹ ਡਾਟਾ ਕਿਸੇ ਅਜਿਹੀ ਕੰਪਨੀ ਦੇ ਡੇਟਾਬੇਸ ਤੋਂ ਲੀਕ ਹੋਇਆ ਹੋਵੇ, ਜਿਨਾਂ ਕੰਪਨੀਆਂ ਨੂੰ ਕੇਵਾਈਸੀ ('Know Your Customer') ਨਿਯਮਾਂ ਦਾ ਪਾਲਣ ਕਰਨਾ ਹੁੰਦਾ ਹੈ।