ਦੇਸੀ ਸਮਾਰਟਫ਼ੋਨ ਹੋਣਗੇ ਸਸਤੇ, ਕੇਂਦਰ ਸਰਕਾਰ ਦੇਵੇਗੀ ਛੋਟ
ਦੇਸ਼ 'ਚ ਬਣਨ ਵਾਲੇ ਸਮਾਰਟਫ਼ੋਨ ਆਉਣ ਵਾਲੇ ਦਿਨਾਂ 'ਚ ਸਸਤੇ ਹੋ ਸਕਦੇ ਹਨ। ਕੇਂਦਰ ਸਰਕਾਰ ਨੇ ਸਮਾਰਟਫ਼ੋਨ ਵਿਚ ਇਸਤੇਮਾਲ ਹੋਣ ਵਾਲੇ ਛੋਟੇ ਪੁਰਜ਼ਿਆਂ ਤੋਂ ਆਯਾਤ ਡਿਊਟੀ ਹਟਾ...
ਨਵੀਂ ਦਿੱਲੀ : ਦੇਸ਼ 'ਚ ਬਣਨ ਵਾਲੇ ਸਮਾਰਟਫ਼ੋਨ ਆਉਣ ਵਾਲੇ ਦਿਨਾਂ 'ਚ ਸਸਤੇ ਹੋ ਸਕਦੇ ਹਨ। ਕੇਂਦਰ ਸਰਕਾਰ ਨੇ ਸਮਾਰਟਫ਼ੋਨ ਵਿਚ ਇਸਤੇਮਾਲ ਹੋਣ ਵਾਲੇ ਛੋਟੇ ਪੁਰਜ਼ਿਆਂ ਤੋਂ ਆਯਾਤ ਡਿਊਟੀ ਹਟਾ ਦਿਤੀ ਹੈ। ਇਸ ਨਾਲ ਸਮਾਰਟਫ਼ੋਨ ਦੀਆਂ ਕੀਮਤਾਂ 'ਚ ਪੰਜ ਤੋਂ ਦਸ ਫ਼ੀ ਸਦੀ ਤਕ ਕਮੀ ਆ ਸਕਦੀ ਹੈ। ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨੀਕੀ ਵਿਭਾਗ ਦੇ ਇਕ ਉੱਚ ਅਧਿਕਾਰੀ ਨੇ ਦਸਿਆ ਕਿ ਮੋਬਾਈਲ ਫ਼ੋਨ ਲਈ ਛੋਟੇ ਪੁਰਜ਼ਿਆਂ ਨੂੰ ਮੰਗਾਉਣ 'ਤੇ ਹੁਣ ਮੋਬਾਈਲ ਫ਼ੋਨ ਕੰਪਨੀਆਂ ਨੂੰ ਕੋਈ ਡਿਊਟੀ ਨਹੀਂ ਦੇਣੀ ਹੋਵੇਗੀ।
ਪੁਰਜ਼ਿਆਂ 'ਤੇ ਲਗਣ ਵਾਲੀ ਡਿਊਟੀ ਹੁਣ ਦਸ ਫ਼ੀ ਸਦੀ ਹੈ, ਜਿਸ ਨੂੰ ਹੁਣ ਖ਼ਤਮ ਕੀਤਾ ਜਾ ਰਿਹਾ ਹੈ। ਇਸ ਤੋਂ ਨਾ ਸਿਰਫ਼ ਸਮਾਰਟਫ਼ੋਨ ਦੇ ਮੁੱਲ ਘਟਣਗੇ ਸਗੋਂ ਰੋਜ਼ਗਾਰ ਦੇ ਮੌਕੇ ਵੀ ਵਧਣਗੇ। ਵਿਭਾਗ ਮੁਤਾਬਕ ਦੇਸ਼ 'ਚ ਹੁਣ ਮੋਬਾਇਲ ਬਣਾਉਣ ਵਾਲੀ 120 ਕੰਪਨੀਆਂ ਹਨ। ਇਹਨਾਂ 'ਚ ਕਰੀਬ 22 ਕਰੋਡ਼ ਫ਼ੋਨ ਸੈਟ ਬਣ ਰਹੇ ਹਨ। ਜਦਕਿ ਸਾਲ 2020 ਤਕ ਦੇਸ਼ 'ਚ 50 ਕਰੋਡ਼ ਮੋਬਾਈਲ ਬਣਾਉਣ ਦਾ ਟੀਚਾ ਰਖਿਆ ਗਿਆ ਹੈ। ਹੁਣ ਇਹ ਕੰਪਨੀਆਂ ਪੁਰਜ਼ੇ ਵਿਦੇਸ਼ ਤੋਂ ਲਿਆ ਕੇ ਫ਼ੋਨ ਤਿਆਰ ਕਰਵਾ ਰਹੇ ਹਨ।
ਮੋਬਾਈਲ ਫ਼ੋਨ 'ਚ ਕੁਝ ਹੀ ਮੁੱਖ ਪੁਰਜ਼ੇ ਹੁੰਦੇ ਹਨ ਜਿਨ੍ਹਾਂ ਨੂੰ ਜੋੜ ਕੇ ਇਹ ਤਿਆਰ ਹੁੰਦੇ ਹਨ। ਜਿਵੇਂ ਪੀਸੀਬੀ ਪਲੇਟ, ਕੈਮਰਾ ਮਾਡਿਊਲ ਆਦਿ ਪਰ ਇਹ ਪੁਰਜ਼ੇ ਕਈ ਹੋਰ ਛੋਟੇ - ਛੋਟੇ ਪੁਰਜ਼ਿਆਂ ਤੋਂ ਮਿਲ ਕੇ ਬਣੇ ਹੁੰਦੇ ਹਨ। ਹੁਣ ਇਹਨਾਂ ਪੁਰਜ਼ਿਆਂ ਤੋਂ ਬਣੀ ਪੂਰੀ ਪਲੇਟ ਜਾਂ ਸਮੂਹ ਨੂੰ ਆਯਾਤ ਕੀਤਾ ਜਾਂਦਾ ਹੈ, ਜਿਸ 'ਤੇ 10 ਫ਼ਿ ਸਦੀ ਆਯਾਤ ਡਿਊਟੀ ਲਗਦੀ ਹੈ।
ਜਦਕਿ ਤਿਆਰ ਮੋਬਾਈਲ ਫ਼ੋਨ ਲਿਆਉਣ 'ਤੇ ਇਹ ਡਿਊਟੀ 20 ਫ਼ੀ ਸਦੀ ਹੈ। ਨਿਰਮਾਤਾਵਾਂ ਨੂੰ ਇਨ੍ਹਾਂ ਨੂੰ ਇਥੇ ਲਿਆ ਕੇ ਪਹਿਲਾਂ ਮੁੱਖ ਪੁਰਜ਼ੇ ਦੇ ਆਕਾਰ 'ਚ ਤਿਆਰ ਕਰਨਾ ਹੋਵੇਗਾ। ਇਸ ਤੋਂ ਬਾਅਦ ਮੋਬਾਈਲ ਫ਼ੋਨ ਤਿਆਰ ਹੋਵੇਗਾ।