ਟਿਕ ਟਾਕ ’ਤੇ ਪਾਬੰਦੀ ਲੱਗਣ ਤੋਂ ਬਾਅਦ ਚਿੰਗਾਰੀ ਐਪ ਨੇ ਮਚਾਈ ਧੂਮ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਭਾਰਤ ਸਰਕਾਰ ਵਲੋਂ 59 ਚੀਨੀ ਐਪਸ ’ਤੇ ਪਾਬੰਦੀ ਲਗਾਉਣ ਕਾਰਨ ਭਾਰਤ ਵਿਚ ਬਣੇ ਐਪਸ ਨੂੰ ਸ਼ਾਨਦਾਰ ਮੌਕਾ ਮਿਲਿਆ ਹੈ।

Tik Tok, Chingari

ਭਾਰਤ ਸਰਕਾਰ ਵਲੋਂ 59 ਚੀਨੀ ਐਪਸ ’ਤੇ ਪਾਬੰਦੀ ਲਗਾਉਣ ਕਾਰਨ ਭਾਰਤ ਵਿਚ ਬਣੇ ਐਪਸ ਨੂੰ ਸ਼ਾਨਦਾਰ ਮੌਕਾ ਮਿਲਿਆ ਹੈ। ਭਾਰਤੀ ਲੋਕਾਂ ਵਿਚ ਬੇਹੱਦ ਮਸ਼ਹੂਰ ਐਪ ਟਿਕਟਾਕ ’ਤੇ ਪਾਬੰਦੀ ਲੱਗਣ ਤੋਂ ਬਾਅਦ ਲੋਕ ਭਾਰਤ ਸਰਕਾਰ ਦੇ ਚਿੰਗਾਰੀ ਐਪ ਨੂੰ ਡਾਊਨਲੋਡ ਕਰਨ ਲੱਗੇ ਹਨ। 

ਇਸ ਐਪ ਦੀ ਡਾਊਨਲੋਡਿੰਗ ਵਿਚ ਅਚਾਨਕ ਇੰਨਾ ਵੱਡਾ ਇਜ਼ਾਫ਼ਾ ਦੇਖਣ ਨੂੰ ਮਿਲਿਆ ਕਿ ਹਰ ਘੰਟੇ ਇਸ ਨੂੰ 1 ਲੱਖ ਲੋਕ ਡਾਊਨਲੋਡ ਕਰ ਰਹੇ ਹਨ। ਚਿੰਗਾਰੀ ਐਪ ਦੇ ਸਹਿ-ਸੰਸਥਾਪਕ ਅਤੇ ਚੀਫ਼ ਪ੍ਰੋਡਕਟ ਅਫ਼ਸਰ ਸੁਮਿਤ ਘੋਸ਼ ਨੇ ਕਿਹਾ ਕਿ ਇਸ ਦੀ ਹਰ ਘੰਟੇ ਕਰੀਬ 1 ਲੱਖ ਵਾਰ ਡਾਊਨਲੋਡਿੰਗ ਹੋ ਰਹੀ ਹੈ। ਲੋਕਾਂ ਵਲੋਂ ਵੱਡੀ ਗਿਣਤੀ ਵਿਚ ਇਸ ਐਪ ਨੂੰ ਡਾਊਨਡੋਲ ਕਰਨ ਕਾਰਨ ਮੰਗਲਵਾਰ ਨੂੰ ਚਿੰਗਾਰੀ ਐਪ ਦਾ ਸਰਵਰ ਡਾਊਨ ਹੋ ਗਿਆ ਸੀ।

ਇਸ ਤੋਂ ਬਾਅਦ ਸੁਮਿਤ ਘੋਸ਼ ਨੇ ਟਵੀਟ ਕਰ ਕੇ ਲੋਕਾਂ ਨੂੰ ਥੋੜਾ ਸੰਜਮ ਰੱਖਣ ਦੀ ਅਪੀਲ ਕੀਤੀ ਹੈ। ਸ਼ਾਰਟ ਵੀਡੀਉ ਮੇਕਿੰਗ ਸੇਗਮੈਂਟ ਵਿਚ ਲੀਡਿੰਗ ਚੀਨੀ ਐਪ ਟਿਕਟਾਕ ਦੇ ਵਿਕਲਪ ਦੇ ਰੂਪ ਵਿਚ ਚਿੰਗਾਰੀ ਐਪ ਨੂੰ ਪਿਛਲੇ ਕੁੱਝ ਦਿਨਾਂ ਵਿਚ ਲੋਕਾਂ ਵਲੋਂ ਬਹੁਤ ਪ੍ਰਸਿੱਧੀ ਮਿਲੀ ਹੈ। ਟਿਕਟਾਕ ਦੇ ਭਾਰਤੀ ਵਿਕਲਪ ਦੇ ਰੂਪ ਵਿਚ ਚਿੰਗਾਰੀ ਐਪ ਨੂੰ ਛੱਤੀਸਗੜ੍ਹ, ਉੜੀਸਾ ਅਤੇ ਕਰਨਾਟਕ ਦੇ ਡਿਵੈਲਪਰਜ਼ ਨੇ ਮਿਲ ਕੇ ਬਣਾਇਆ ਹੈ। ਇਸ ਐਪ ਨੂੰ ਬਣਾਉਣ ਲਈ ਕਰੀਬ 2 ਸਾਲ ਦਾ ਸਮਾਂ ਲੱਗਿਆ।

ਇਸ ਐਪ ਨੂੰ ਭਾਰਤੀ ਲੋਕਾਂ ਦੀ ਲੋੜ ਅਤੇ ਦਿਲਚਸਪੀ ਨੂੰ ਧਿਆਨ ਵਿਚ ਰਖਦੇ ਹੋਏ ਬਣਾਇਆ ਗਿਆ ਹੈ। ਇਹ ਐਪ ਨਵੰਬਰ 2018 ਤੋਂ ਗੂਗਲ ਪਲੇ ਸਟੋਰ ’ਤੇ ਅਧਿਕਾਰਕ ਰੂਪ ਤੋਂ ਮੌਜੂਦ ਸੀ, ਜਿਸ ਨੂੰ ਚੀਨੀ ਸਮਾਨ ਅਤੇ ਸੇਵਾਵਾਂ ਦੇ ਵਿਰੋਧ ਦੇ ਚਲਦਿਆਂ ਹੁਣ ਵੱਡਾ ਫ਼ਾਇਦਾ ਹੋ ਰਿਹਾ ਹੈ। ਟਿਕਟਾਕ ਦੀ ਪਾਬੰਦੀ ਲੱਗਣ ਤੋਂ ਬਾਅਦ ਇਸ ਦੀ ਡਾਊਨਲੋਡਿੰਗ ਇਕ ਕਰੋੜ ਤਕ ਪਹੁੰਚ ਗਈ ਹੈ।