ਕੋਰੋਨਾ ਵਿਰੁਧ ਜੰਗ 'ਚ ਹਥਿਆਰ ਬਣੀ 3ਡੀ ਪ੍ਰਿੰਟਿੰਗ ਤਕਨਾਲੋਜੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਾਅ ਇਕ ਆਲਮੀ ਜੰਗ ਦਾ ਰੂਪ ਧਾਰ ਗਿਆ ਹੈ

file photo

ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਾਅ ਇਕ ਆਲਮੀ ਜੰਗ ਦਾ ਰੂਪ ਧਾਰ ਗਿਆ ਹੈ। ਇਸ ਨਵੇਂ ਅਤੇ ਖ਼ਤਰਨਾਕ ਵਿਸ਼ਾਣੂ ਵਿਰੁਧ ਜੰਗ 'ਚ ਹਥਿਆਰ ਵੀ ਨਵੇਂ ਕਿਸਮ ਦੇ ਵਰਤੇ ਜਾ ਰਹੇ ਹਨ। ਇਨ੍ਹਾਂ ਹਥਿਆਰਾਂ ਦਾ ਸੱਭ ਤੋਂ ਤਾਜ਼ਾ ਰੂਪ 3ਡੀ ਪ੍ਰਿਟਿੰਗ ਤਕਨਾਲੋਜੀ ਹੈ, ਜੋ ਕਿ ਇਸ ਮਹਾਂਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਪਛਮੀ ਦੇਸ਼ਾਂ 'ਚ ਬਹੁਤ ਕੰਮ ਆ ਰਹੀ ਹੈ। ਜੇਕਰ ਤੁਹਾਡੇ ਕੋਲ ਵੀ ਘਰ 'ਚ 3ਡੀ ਪ੍ਰਿੰਟਰ ਹੈ ਤਾਂ ਤੁਸੀਂ ਵੀ ਇਸ ਨੂੰ ਪ੍ਰਯੋਗ ਕਰ ਕੇ ਕੋਰੋਨਾ ਵਾਇਰਸ ਤੋਂ ਬਚਾਅ ਦੀਆਂ ਚੀਜ਼ਾਂ ਬਣਾ ਸਕਦੇ ਹੋ।

ਅਸਲ 'ਚ 3ਡੀ ਪ੍ਰਿਟਿੰਗ ਦੀ ਮਦਦ ਨਾਲ ਫ਼ੇਸ ਸ਼ੀਲਡ ਬਣਾਈ ਜਾ ਰਹੀ ਹੈ ਜਿਸ ਦੀ ਅਮਰੀਕਾ ਅਤੇ ਯੋਰਪੀ ਦੇਸ਼ਾਂ 'ਚ ਬਹੁਤ ਕਿੱਲਤ ਹੈ। ਇਹ ਫ਼ੇਸ ਸ਼ੀਲਡ ਮੂੰਹ ਨੂੰ ਪੂਰੀ ਤਰ੍ਹਾਂ ਢਕ ਦਿੰਦੀ ਹੈ ਜਿਸ ਨਾਲ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਡਾਕਟਰ ਅਤੇ ਹੋਰ ਸਿਹਤ ਕਾਮੇ ਛਿੱਕਣ ਜਾਂ ਖੰਘਣ ਕਰ ਕੇ ਉਡਣ ਵਾਲੇ ਵਿਸ਼ਾਣੂਆਂ ਤੋਂ ਬਚ ਸਕਦੇ ਹਨ।

ਇਸ ਵੇਲੇ ਇਕੱਲੇ ਅਮਰੀਕਾ 'ਚ ਅਜਿਹੀਆਂ ਫ਼ੇਸ ਸ਼ੀਲਡਾਂ ਦੀ ਮੰਗ ਲੱਖਾਂ 'ਚ ਹੈ, ਪਰ ਇਨ੍ਹਾਂ ਦਾ ਉਤਪਾਦਨ ਏਨੀ ਗਿਣਤੀ 'ਚ ਨਹੀਂ ਹੋ ਰਿਹਾ, ਜਿਸ ਕਰ ਕੇ ਜਿਨ੍ਹਾਂ ਲੋਕਾਂ ਨੇ ਅਪਣੇ ਘਰਾਂ 'ਚ 3ਡੀ ਪ੍ਰਿੰਟਰ ਰੱਖੇ ਹੋਏ ਹਨ ਉਹ ਘਰਾਂ 'ਚ ਹੀ ਫ਼ੇਸ ਸ਼ੀਲਡ ਬਣਾ ਕੇ ਸਿਹਤ ਅਮਲੇ ਅਤੇ ਹੋਰ ਜ਼ਰੂਰਤਮੰਦ ਲੋਕਾਂ ਦੀ ਮਦਦ ਕਰ ਰਹੇ ਹਨ।

ਇਸ ਤਰ੍ਹਾਂ ਬਣਾਈ ਗਈ ਫ਼ੇਸ ਸ਼ੀਲਡ ਨੂੰ ਸਾਫ਼ ਕਰ ਕੇ ਕਈ ਵਾਰ ਵਰਤਿਆ ਜਾ ਸਕਦਾ ਹੈ ਜਦਕਿ ਆਮ ਫ਼ੇਸ ਮਾਸਕ ਕੁੱਝ ਘੰਟਿਆਂ ਲਈ ਹੀ ਵਿਸ਼ਾਣੂਆਂ ਵਿਰੁਧ ਅਸਰਦਾਰ ਰਹਿੰਦਾ ਹੈ। ਘਰਾਂ 'ਚ ਵਿਹਲੇ ਬੈਠੇ ਪਰ ਕੋਰੋਨਾ ਵਾਇਰਸ ਵਿਰੁਧ ਜੰਗ 'ਚ ਅਪਣਾ ਯੋਗਦਾਨ ਪਾਉਣ ਦੀ ਇੱਛਾ ਰੱਖਣ ਵਾਲੇ ਉਹ ਲੋਕ ਜਿਨ੍ਹਾਂ ਕੋਲ 3ਡੀ ਪ੍ਰਿੰਟਰ ਹੈ, ਉਹ ਇਸ ਵੇਲੇ ਇਕ ਦੂਜੇ ਨਾਲ ਸੰਪਰਕ ਕਰ ਕੇ ਹਜ਼ਾਰਾਂ ਦੀ ਗਿਣਤੀ 'ਚ ਰੋਜ਼ ਫ਼ੇਸ ਸ਼ੀਲਡ ਬਣਾ ਅਤੇ ਵੰਡ ਰਹੇ ਹਨ। ਇਸ ਕੰਮ ਲਈ ਉਨ੍ਹਾਂ ਨੂੰ ਵਿੱਤੀ ਮਦਦ ਵੀ ਮਿਲ ਰਹੀ ਹੈ।

ਨਿਊਯਾਰਕ ਦੇ ਮਾਈਕਲ ਪੇਰੀਨਾ ਅਜਿਹੀ 3ਡੀ ਪ੍ਰਿਟਿੰਗ ਦੀ ਦੁਕਾਨ ਚਲਾਉਂਦੇ ਸਨ, ਜਿਸ ਨੂੰ ਉਹ ਹੁਣ ਫ਼ੇਸ ਸ਼ੀਲਡ ਬਣਾਉਣ ਲਈ ਵਰਤ ਰਹੇ ਹਨ। ਉਨ੍ਹਾਂ ਨੇ 65 3ਡੀ ਪ੍ਰਿੰਟਰਾਂ ਨੂੰ ਇਕੱਠਾ ਕੀਤਾ ਹੈ ਅਤੇ ਉਹ ਇਸ ਨਾਲ ਰੋਜ਼ 4000 ਫ਼ੇਸ ਸ਼ੀਲਡ ਬਣਾ ਰਹੇ ਹਨ। 3ਡੀ ਪ੍ਰਿਟਿੰਗ ਲਈ ਪਲਾਸਟਿਕ ਦਾ ਫ਼ਿਲਾਮੈਂਟ ਖ਼ਰੀਦਣ ਲਈ ਉਨ੍ਹਾਂ ਨੂੰ ਹੁਣ ਤਕ 10 ਹਜ਼ਾਰ ਡਾਲਰ ਦਾ ਦਾਨ ਮਿਲ ਚੁੱਕਾ ਹੈ।