ਹੁਣ ਘੱਟ ਆਉਂਦੀਆਂ ਨੇ ਚਿੱਠੀਆਂ, ਡਾਕ ਟਿਕਟਾਂ ਦੀ ਵਿਕਰੀ ਵਿਚ 78 ਫੀਸਦੀ ਤੋਂ ਜ਼ਿਆਦਾ ਕਮੀ

ਏਜੰਸੀ

ਜੀਵਨ ਜਾਚ, ਤਕਨੀਕ

ਵਾਟਸਐਪ, ਫੇਸਬੁੱਕ ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਦੀ ਪ੍ਰਸਿੱਧੀ ਦੇ ਦੌਰ ਵਿਚ ਚਿੱਠੀ ਪੱਤਰ ਦਾ ਰੁਝਾਨ ਘੱਟ ਹੁੰਦਾ ਜਾ ਰਿਹਾ ਹੈ।

Indian Postal service

ਇੰਦੋਰ: ਵਾਟਸਐਪ, ਫੇਸਬੁੱਕ ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਦੀ ਪ੍ਰਸਿੱਧੀ ਦੇ ਦੌਰ ਵਿਚ ਚਿੱਠੀ ਪੱਤਰ ਦਾ ਰੁਝਾਨ ਘੱਟ ਹੁੰਦਾ ਜਾ ਰਿਹਾ ਹੈ ਅਤੇ ਹਾਲਤ ਇਹ ਹੋ ਗਈ ਹੈ ਕਿ ਡਾਕ ਟਿਕਟਾਂ ਦੀ ਵਿਕਰੀ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਸੂਚਨਾ ਦੇ ਅਧਿਕਾਰ (ਆਰਟੀਆਈ) ਕਾਨੂੰਨ ਤਹਿਤ ਡਾਕ ਵਿਭਾਗ ਤੋਂ ਮਿਲੇ ਅਧਿਕਾਰਕ ਅੰਕੜੇ ਇਸ ਗੱਲ ਦੀ ਗਵਾਹੀ ਦਿੰਦੇ ਹਨ, ਜਿਨ੍ਹਾਂ ਮੁਤਾਬਕ ਟਿਕਟਾਂ ਦੀ ਵਿਕਰੀ ਵਿਚ ਸਾਲ ਦਰ ਸਾਲ ਗਿਰਾਵਟ ਆ ਰਹੀ ਹੈ।

ਮੱਧ ਪ੍ਰਦੇਸ਼ ਦੇ ਨੀਮਚ ਨਿਵਾਸੀ ਆਰਟੀਆਈ ਕਾਰਜਕਰਤਾ ਵੱਲੋਂ ਹਾਸਲ ਇਹਨਾਂ ਅੰਕੜਿਆਂ ਅਨੁਸਾਰ ਵਿੱਤੀ ਸਾਲ 2018-19 ਵਿਚ ਡਾਕ ਵਿਭਾਗ ਨੂੰ ਟਿਕਟਾਂ ਦੀ ਵਿਕਰੀ ਤੋਂ ਮਿਲਣ ਵਾਲਾ ਮਾਲੀਆ ਇਸ ਦੇ ਪਿਛਲੇ ਸਾਲ ਦੇ ਮੁਕਾਬਲੇ 78.66 ਫੀਸਦੀ ਘਟ ਕੇ 78.25 ਕਰੋੜ ਰਹਿ ਗਿਆ। ਵਿੱਤੀ ਸਾਲ 2017-18 ਵਿਚ ਡਾਕ ਵਿਭਾਗ ਨੇ ਟਿਕਟ ਵੇਚ ਕੇ 366.69 ਕਰੋੜ ਰੁਪਏ ਕਮਾਏ ਸਨ। ਵਿੱਤੀ ਸਾਲ 2016-17 ਵਿਚ ਡਾਕ ਵਿਭਾਗ ਨੇ ਟਿਕਟ ਵਿਕਰੀ ਨਾਲ ਅਪਣੇ ਖਜਾਨੇ ਵਿਚ 470.90 ਕਰੋੜ ਰੁਪਏ ਜਮਾਂ ਕੀਤੇ ਸਨ।

ਡਾਕ  ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਮਹਿਕਮਾ ਆਮ ਡਾਕ ਟਿਕਟਾਂ ਤੋਂ ਇਲਾਵਾ ਮਾਲੀਆ ਟਿਕਟ ਅਤੇ ਹੋਰ ਟਿਕਟਾਂ ਵੀ ਵੇਚਦਾ ਹੈ। ਹਾਲਾਂਕਿ ਮਹਿਕਮੇ ਦੀਆਂ ਟਿਕਟਾਂ ਵਿਚ ਜ਼ਿਆਦਾ ਹਿੱਸਾ ਡਾਕ ਟਿਕਟਾਂ ਦਾ ਹੀ ਹੁੰਦਾ ਹੈ। ਇੰਦੌਰ ਦੇ ਤਿਲਕ ਨਗਰ ਸਥਿਤ ਡਾਕਘਰ ਵਿਚ ਇਕ ਸੀਨੀਅਨ ਪੋਸਟਮੈਨ ਨੇ ਦੱਸਿਆ ਕਿ ਇਕ ਜ਼ਮਾਨਾ ਸੀ ਜਦੋਂ ਉਹਨਾਂ ਦਾ ਚਿੱਠੀਆਂ ਦਾ ਥੈਲਾ ਭਰਿਆ ਰਹਿੰਦਾ ਸੀ।

ਇਸ ਵਿਚ ਨਿੱਜੀ ਅਤੇ ਸਰਕਾਰੀ ਚਿੱਠੀਆਂ ਹੁੰਦੀਆਂ ਸਨ, ਪਰ ਹੁਣ ਨਿੱਜੀ ਚਿੱਠੀਆਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਹਨ। ਪੇਸ਼ੇ ਵਜੋਂ ਮਨੋ ਵਿਗਿਆਨੀ ਡਾਕਟਰ ਸਵਾਤੀ ਪ੍ਰਸਾਦ ਨੇ ਕਿਹਾ ਕਿ ਇਹ ਸੱਚ ਹੈ ਕਿ ਹੱਥਾਂ ਨਾਲ ਲਿਖੀ ਚਿੱਠੀ ਪੜ੍ਹ ਕੇ ਮਨ ਵਿਚ ਅਪਣੇਪਣ ਦਾ ਅਹਿਸਾਸ ਹੁੰਦਾ ਹੈ ਅਤੇ ਅਕਸਰ ਅਜਿਹੀਆਂ ਚਿੱਠੀਆਂ ਵਿਚ ਇਕ ਭਾਵਨਾਤਮਕ ਯਾਦ ਜੁੜੀ ਹੁੰਦੀ ਹੈ। ਪਰ ਸੋਸ਼ਲ ਮੀਡੀਆ ਦੇ ਦੌਰ ਵਿਚ ਇਹ ਸਭ ਖ਼ਤਮ ਹੁੰਦਾ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਅਕਸਰ ਸੋਸ਼ਲ ਮੀਡੀਆ ਦੇ ਕਈ ਗਾਹਕ ਕਿਸੇ ਪੋਸਟ ‘ਤੇ ਖ਼ਾਸ ਕਰ ਕਿਸੇ ਨਕਾਰਾਤਮਕ ਪ੍ਰਤੀਕਿਰਿਆ ਦੇਣ ਵਿਚ ਬਹੁਤ ਜਲਦਬਾਜ਼ੀ ਕਰਦੇ ਹਨ। ਇਹ ਬੇਚੈਨੀ ਉਹਨਾਂ ਲਈ ਬਾਅਦ ਵਿਚ ਤਣਾਅ ਦਾ ਸਬਕ ਬਣ ਜਾਂਦੀ ਹੈ ਕਿਉਂਕਿ ਹਰ ਗੱਲ ‘ਤੇ ਤੁਰੰਤ ਪ੍ਰਕਿਰਿਆ ਦੇਣ ਦੀ ਆਦਤ ਨਾਲ ਮਨੁੱਖੀ ਰਿਸ਼ਤੇ ਪ੍ਰਭਾਵਿਤ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਡਾਕ ਟਿਕਟਾਂ ਦੀ ਵਰਤੋਂ ਨੂੰ ਵਧਾਉਣ ਲਈ ਡਾਕ ਵਿਭਾਗ ‘ਮਾਈ ਸਟਾਂਪ’ ਯੋਜਨਾ ਚਲਾ ਰਿਹਾ ਹੈ। ‘ਮਾਈ ਸਟਾਂਪ’ ਨਿੱਜੀ ਪਸੰਦ ‘ਤੇ ਅਧਾਰਿਤ ਡਾਕ ਟਿਕਟਾਂ ਦੀ ਸ਼ੀਟ ਹੈ। ਇਸ ਯੋਜਨਾ ਦੇ ਜ਼ਰੀਏ ਗਾਹਕ ਨਿਰਧਾਰਿਤ ਫੀਸ ਦੇ ਕੇ ਡਾਕ ਟਿਕਟ ‘ਤੇ ਅਪਣੀ ਜਾਂ  ਅਪਣੇ ਕਿਸੇ ਵੀ ਖ਼ਾਸ ਦੀ ਤਸਵੀਰ ਲਗਵਾ ਸਕਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।