ISRO ਨੇ ਸਾਲ 2026 ਦਾ ਪਹਿਲਾ ‘ਅਨਵੇਸ਼ਾ’ ਸੈਟੇਲਾਈਟ ਕੀਤਾ ਲਾਂਚ
600 ਕਿਲੋਮੀਟਰ ਦੀ ਉਚਾਈ ਤੋਂ ਜੰਗਲਾਂ ਜਾਂ ਬੰਕਰਾਂ ’ਚ ਲੁਕੇ ਦੁਸ਼ਮਣਾਂ ਦੀ ਖਿੱਚ ਸਕੇਗਾ ਤਸਵੀਰਾਂ
ਸ਼੍ਰੀਹਰੀਕੋਟਾ : ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਵਿੱਚ ਸਤੀਸ਼ ਧਵਨ ਸਪੇਸ ਸੈਂਟਰ ਤੋਂ ‘ਅਨਵੇਸ਼ਾ’ ਸੈਟੇਲਾਈਟ ਲਾਂਚ ਕੀਤਾ ਗਿਆ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਅੱਜ ਸਵੇਰੇ 10:18 ਵਜੇ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਵਿੱਚ ਸਤੀਸ਼ ਧਵਨ ਸਪੇਸ ਸੈਂਟਰ ਤੋਂ ਸਾਲ 2026 ਦਾ ਆਪਣਾ ਪਹਿਲਾ ਸੈਟੇਲਾਈਟ ਮਿਸ਼ਨ ਲਾਂਚ ਕੀਤਾ। ਇਹ ਲਾਂਚ ਪੋਲਰ ਸੈਟੇਲਾਈਟ ਲਾਂਚ ਵਹੀਕਲ (ਪੀਐਸਐਲਪੀ)-ਸੀ62 ਦੀ ਵਰਤੋਂ ਕਰਕੇ ਕੀਤਾ ਗਿਆ।
ਇਸ ਮਿਸ਼ਨ ਤਹਿਤ ਕੁੱਲ 15 ਸੈਟੇਲਾਈਟ ਪੁਲਾੜ ਵਿੱਚ ਭੇਜੇ ਗਏ ਹਨ। ਇਨ੍ਹਾਂ ਵਿੱਚੋਂ ‘ਅਨਵੇਸ਼ਾ’ ਇੱਕ ਧਰਤੀ ਨਿਰੀਖਣ ਉਪਗ੍ਰਹਿ (ਈਓਐਸ-ਐਨ1), ਮੁੱਖ ਹੈ ਜਿਸਨੂੰ ਧਰਤੀ ਤੋਂ ਲਗਭਗ 600 ਕਿਲੋਮੀਟਰ ਉੱਪਰ ਇੱਕ ਧਰੁਵੀ ਸੂਰਜ-ਸਮਕਾਲੀ ਧਰੁਵੀ ਔਰਬਿਟ (ਐਸਐਸਓ) ਵਿੱਚ ਰੱਖਿਆ ਜਾਵੇਗਾ।
‘ਅਨਵੇਸ਼ਾ’ ਸੈਟੇਲਾਈਟ ਨੂੰ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਵੱਲੋਂ ਵਿਕਸਤ ਕੀਤਾ ਗਿਆ ਸੀ। ਇਹ ਇੱਕ ਜਾਸੂਸੀ ਉਪਗ੍ਰਹਿ ਹੈ ਜੋ ਸਟੀਕ ਨਿਗਰਾਨੀ ਅਤੇ ਮੈਪਿੰਗ ਲਈ ਉੱਨਤ ਇਮੇਜਿੰਗ ਸਮਰੱਥਾਵਾਂ ਨਾਲ ਲੈਸ ਹੈ। ਇਹ ਧਰਤੀ ਤੋਂ ਸੈਂਕੜੇ ਕਿਲੋਮੀਟਰ ਉੱਪਰ ਤੋਂ ਵੀ ਝਾੜੀਆਂ, ਜੰਗਲਾਂ ਜਾਂ ਬੰਕਰਾਂ ਵਿੱਚ ਲੁਕੇ ਦੁਸ਼ਮਣਾਂ ਦੀਆਂ ਤਸਵੀਰਾਂ ਖਿੱਚਣ ਦੇ ਸਮਰੱਥ ਹੈ।