ਵੱਡੀ ਖ਼ਬਰ- PUBG ਦੀ ਭਾਰਤ 'ਚ ਹੋ ਸਕਦੀ ਹੈ ਛੇਤੀ ਵਾਪਸੀ, ਜਲਦ ਹੋਵੇਗਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਕੰਪਨੀ ਦੀਵਾਲੀ ਦੇ ਤਿਉਹਾਰ ਦੌਰਾਨ ਦੇਸ਼ ਵਿਚ ਮਾਰਕੀਟਿੰਗ ਅਭਿਆਨ ਚਲਾਉਣ ਦੀ ਵੀ ਯੋਜਨਾ ਬਣਾ ਰਹੀ ਹੈ।

PUBG

ਨਵੀਂ ਦਿੱਲੀ- ਨੌਜਵਾਨਾਂ ਵਿਚ ਮਸ਼ਹੂਰ ਪਬਜੀ ਮੋਬਾਈਲ ਗੇਮ ਉਤੇ ਕਰੀਬ ਦੋ ਮਹੀਨੇ ਪਹਿਲਾਂ ਸਾਈਬਰ ਸੁਰੱਖਿਆ ਦੇ ਫ਼ਿਕਰਾਂ ਨੂੰ ਦੇਖਦਿਆਂ ਭਾਰਤ ਵਿਚ ਪਾਬੰਦੀ ਲਾਈ ਗਈ ਸੀ। ਸੂਤਰਾਂ ਮੁਤਾਬਕ ਪਬਜੀ ਭਾਰਤ ਵਿਚ ਫਿਰ ਤੋਂ ਵਾਪਸੀ ਕਰ ਸਕਦਾ ਹੈ। ਪਬਜੀ ਮੋਬਾਈਲ ਦੀ ਪੇਰੇਂਟ ਸਾਊਥ ਕੋਰੀਅਨ ਕੰਪਨੀ ਪਿਛਲੇ ਕੁੱਝ ਹਫ਼ਤਿਆਂ ਤੋਂ ਗਲੋਬਲ ਸਰਵਿਸ ਪ੍ਰੋਵਾਈਡਰਜ਼ ਨਾਲ ਗੱਲਬਾਤ ਕਰ ਰਹੀ ਹੈ। ਕੇਂਦਰ ਸਰਕਾਰ ਵਲੋਂ ਯੂਜ਼ਰਜ਼ ਦੇ ਡਾਟਾ ਨੂੰ ਦੇਸ਼ ਤੋਂ ਬਾਹਰ ਕੀਤੇ ਜਾਣ 'ਤੇ ਚਿੰਤਾ ਜ਼ਾਹਰ ਕਰਦਿਆਂ ਕੰਪਨੀ ਭਾਰਤ ਦੇ ਯੂਜ਼ਰਜ਼ ਦਾ ਡਾਟਾ ਭਾਰਤ ਵਿਚ ਹੀ ਸਟੋਰ ਕਰਨ ਲਈ ਹਿੱਸੇਦਾਰਾਂ ਨਾਲ ਗੱਲ ਕਰ ਰਹੀ ਹੈ।

ਸੂਤਰਾਂ ਮੁਤਾਬਕ ਗੇਮਿੰਗ ਦੇ ਇਸ ਮਹਾਂਬਲੀ ਨੇ ਨਿਜੀ ਤੌਰ 'ਤੇ ਦੇਸ਼ ਵਿਚ ਕੁੱਝ ਹਾਈ-ਪ੍ਰੋਫ਼ਾਈਲ ਸਟ੍ਰੀਮਰਜ਼ ਨੂੰ ਸੂਚਿਤ ਕੀਤਾ ਹੈ ਕਿ ਉਹ ਇਸ ਸਾਲ ਦੇ ਅੰਤ ਤੋਂ ਪਹਿਲਾਂ ਭਾਰਤ ਵਿਚ ਸੇਵਾ ਫਿਰ ਤੋਂ ਸ਼ੁਰੂ ਕਰਨ ਦੀ ਉਮੀਦ ਕਰ ਰਿਹਾ ਹੈ। ਕੰਪਨੀ ਇਸ ਹਫ਼ਤੇ ਭਾਰਤ ਲਈ ਆਪਣੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਇਕ ਐਲਾਨ ਕਰ ਸਕਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕੰਪਨੀ ਦੀਵਾਲੀ ਦੇ ਤਿਉਹਾਰ ਦੌਰਾਨ ਦੇਸ਼ ਵਿਚ ਮਾਰਕੀਟਿੰਗ ਅਭਿਆਨ ਚਲਾਉਣ ਦੀ ਵੀ ਯੋਜਨਾ ਬਣਾ ਰਹੀ ਹੈ।

ਇੰਡਸਟਰੀ ਦੇ ਇਕ ਐਗਜ਼ੀਕਿਊਟਿਵ ਨੇ ਕਿਹਾ ਹਾਲ ਹੀ ਦੇ ਚਾਰ ਹਫ਼ਤਿਆਂ ਵਿਚ ਪਬਜੀ ਨੇ ਸੌਫ਼ਟਬੈਂਕ ਸਮਰਥਤ ਪੇਟੀਐਮ ਤੇ ਟੈਲੀਕੌਮ ਦੇ ਬਾਦਸ਼ਾਹ ਏਅਰਟੈਲ ਸਮੇਤ ਕਈ ਸਥਾਨਕ ਕੰਪਨੀਆਂ ਨਾਲ ਗੱਲਬਾਤ ਕੀਤੀ ਹੈ ਤਾਕਿ ਇਹ ਪਤਾ ਲਾਇਆ ਜਾ ਸਕੇ ਕਿ ਉਹ ਦੇਸ਼ ਵਿਚ ਮਸ਼ਹੂਰ ਮੋਬਾਈਲ ਗੇਮ ਨੂੰ ਚਾਲੂ ਕਰਨ ਵਿਚ ਰੁਚੀ ਰਖਦੇ ਹਨ ਜਾਂ ਨਹੀਂ। ਹਾਲਾਂਕਿ ਪੇਟੀਐਮ ਨੇ ਇਸ 'ਤੇ ਕੋਈ ਟਿਪਣੀ ਨਹੀਂ ਕੀਤੀ।