ਕੋਵਿਡ 19 : ਮੋਬਾਈਲ ਕਲੀਨਿਕ ਰਾਹੀਂ ਪੁਲਿਸ ਮੁਲਾਜ਼ਮਾਂ ਦੀ ਚਲ ਰਹੀ ਹੈ ਡਾਕਟਰੀ ਜਾਂਚ
ਹੁਣ ਤਕ 30567 ਪੁਲਿਸ ਕਰਮੀਆਂ ਦਾ ਕੀਤਾ ਮੁਆਇਨਾ
ਚੰਡੀਗੜ੍ਹ, 17 ਅਪ੍ਰੈਲ (ਸ.ਸ.ਸ.) : ਕੋਵਿਡ-19 ਸੰਕਟ ਦੇ ਟਾਕਰੇ ਲਈ ਮੋਹਰਲੀ ਕਤਾਰ ਵਿਚ ਡਟੇ ਪੁਲਿਸ ਕਰਮੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਵਲੋਂ ਉਨ੍ਹਾਂ ਦੀ ਡਾਕਟਰੀ ਜਾਂਚ ਲਈ ਮੋਬਾਈਲ ਕਲੀਨਿਕ ਸ਼ੁਰੂ ਕੀਤੇ ਗਏ ਹਨ ਅਤੇ ਕੁੱਲ 43000 ਪੁਲਿਸ ਮੁਲਾਜ਼ਮਾਂ ਵਿਚੋਂ 30,567 ਦਾ ਮੈਡੀਕਲ ਚੈੱਕਅਪ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ।
ਡੀਜੀਪੀ ਦਿਨਕਰ ਗੁਪਤਾ ਨੇ ਦਸਿਆ ਕਿ ਕਰਫ਼ਿਊ ਦੇ ਲਾਗੂ ਕਰਨ ਅਤੇ ਰਾਹਤ ਕਾਰਜਾਂ ਲਈ ਦਿਨ ਵਿਚ 3 ਸ਼ਿਫ਼ਟਾਂ ਦੌਰਾਨ ਮੋਹਰਲੀ ਕਤਾਰ ਵਿਚ ਖੜ੍ਹ ਕੇ ਕੰਮ ਕਰ ਰਹੇ ਪੁਲਿਸ ਕਰਮੀਆਂ ਦੀ ਡਾਕਟਰੀ ਜਾਂਚ ਲਈ ਮੋਬਾਈਲ ਪੁਲਿਸ ਕਲੀਨਿਕ ਸੂਬੇ ਦੀਆਂ ਸਾਰੀਆਂ 7 ਪੁਲਿਸ ਰੇਂਜਾਂ ਅਤੇ ਪੁਲਿਸ ਕਮਿਸ਼ਨਰਾਂ ਵਿਚ ਕੰਮ ਕਰ ਰਹੇ ਹਨ। ਕਈ ਜ਼ਿਲਿ੍ਹਆਂ ਵਿਚ ਪੁਲਿਸ ਕਰਮੀਆਂ ਖ਼ਾਸ ਕਰ ਨਾਕਿਆਂ ’ਤੇ ਡਿਊਟੀ ਕਰ ਰਹੇ ਪੁਲਿਸ ਕਰਮੀਆਂ ਦੀ ਫਲੂ ਜਾਂ ਕਿਸੇ ਹੋਰ ਬੀਮਾਰੀ ਦੇ ਲੱਛਣਾਂ ਦੀ ਜਾਂਚ ਲਈ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਸਹਾਇਤਾ ਲਈ ਜਾ ਰਹੀ ਹੈ।
ਡੀਜੀਪੀ ਨੇ ਕਿਹਾ ਕਿ ਹਰ ਦੂਜੇ ਦਿਨ ਹਰੇਕ ਕਰਮਚਾਰੀ ਦੀ ਵਾਰ-ਵਾਰ ਜਾਂਚ ਕੀਤੀ ਜਾਏਗੀ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਕੋਰੋਨਵਾਇਰਸ ਦੇ ਸੰਭਾਵਤ ਖ਼ਤਰੇ ਦੇ ਨਤੀਜੇ ਵਜੋਂ ਉਨ੍ਹਾਂ ਵਿਚ ਕੋਈ ਸਿਹਤ ਸਮੱਸਿਆ ਨਹੀਂ ਹੈ। ਸਾਰੇ ਪੁਲਿਸ ਮੁਲਾਜ਼ਮਾਂ ਨੂੰ ਮਾਸਕ, ਦਸਤਾਨੇ ਅਤੇ ਹੈਂਡ ਸੈਨੇਟਾਈਜ਼ਰ ਮੁਹਈਆ ਕਰਵਾਏ ਗਏ ਹਨ ਅਤੇ ਹਸਪਤਾਲ ਦੇ ਆਈਸੋਲੇਸ਼ਨ ਵਾਰਡਾਂ ਜਾਂ ਆਸ ਪਾਸ ਦੇ ਖੇਤਰਾਂ ਵਿਚ ਤਾਇਨਾਤ ਪੁਲਿਸ ਕਰਮੀਆਂ ਨੂੰ ਪੀਪੀਈਜ਼/ ਬਾਇਓਹੈਜ਼ਰਡ ਸੂਟ ਮੁਹਈਆ ਕਰਵਾਏ ਗਏ ਹਨ। ਹੁਣ ਤਕ 2.5 ਲੱਖ ਮਾਸਕ, 788 ਪੀਪੀਈ ਕਿੱਟਾਂ ਅਤੇ ਤਕਰੀਬਨ 2.5 ਲੱਖ ਹੈਂਡ ਸੈਨੇਟਾਈਜ਼ਰ ਵੰਡੇ ਗਏ ਹਨ।
ਇਸ ਤੋਂ ਇਲਾਵਾ ਕਮਿਸ਼ਨਰੇਟ ਆਫ਼ ਪੁਲੀਸ ਲੁਧਿਆਣਾ ਵਿਚ ਤਕਰੀਬਨ 3700 ਪੁਲਿਸ ਮੁਲਾਜ਼ਮਾਂ ਦੀ ਡਾਕਟਰੀ ਜਾਂਚ ਕੀਤੀ ਗਈ ਹੈ। ਇਸ ਦੇ ਨਾਲ ਹੀ ਕਮਿਸ਼ਨਰੇਟਜ਼ ਆਫ਼ ਪੁਲੀਸ ਅੰਮ੍ਰਿਤਸਰ ਅਤੇ ਜਲੰਧਰ ਵਿਚ ਕ੍ਰਮਵਾਰ 2500 ਅਤੇ 1300 ਪੁਲਿਸ ਮੁਲਾਜ਼ਮਾਂ ਦੀ ਜਾਂਚ ਕੀਤੀ ਗਈ ਹੈ।