Pahalgam attack News: ਪਹਿਲਗਾਮ ਹਮਲੇ ਤੋਂ ਪਹਿਲਾਂ ਅਮਰੀਕੀ ਸਪੇਸ ਕੰਪਨੀ ਨੂੰ ਮਿਲਿਆ ਸੀ ਸੈਟੇਲਾਈਟ ਤਸਵੀਰਾਂ ਦਾ ਆਰਡਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

Pahalgam attack News: ਇੱਕ ਰਿਪੋਰਟ 'ਚ ਹੋਏ ਵੱਡੇ ਖ਼ੁਲਾਸੇ

Before the Pahalgam attack, the American space company received an order for satellite images.

ਪਹਿਲਗਾਮ ਅਤਿਵਾਦੀ ਹਮਲੇ ਮਗਰੋਂ ਭਾਰਤ ਤੇ ਪਾਕਿਸਤਾਨੀ ਵਿਚਾਲੇ ਤਣਾਅ ਦੀਆਂ ਪਰਤਾਂ ਖੁਲ੍ਹਣੀਆਂ ਸ਼ੁਰੂ ਹੋ ਗਈਆਂ ਹਨ। ਇਸ ਟਕਰਾਅ ਦੌਰਾਨ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਈਆਂ ਜੋ ਕਈ ਸਵਾਲ ਖੜੇ ਕਰਦੀਆਂ ਹਨ। ਇਸ ਦੌਰਾਨ ਇਕ ਹੋਰ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ। ਤਾਜ਼ਾ ਰੀਪੋਰਟ ਅਨੁਸਾਰ ਅਪ੍ਰੈਲ 2025 ਵਿਚ ਜੰਮੂ-ਕਸਮੀਰ ਦੇ ਪਹਿਲਗਾਮ ਵਿਚ ਹੋਏ ਅਤਿਵਾਦੀ ਹਮਲੇ ਤੋਂ ਸਿਰਫ਼ ਦੋ ਮਹੀਨੇ ਪਹਿਲਾਂ ਇਕ ਪ੍ਰਮੁੱਖ ਅਮਰੀਕੀ ਸਪੇਸ ਟੈਕ ਕੰਪਨੀ ਮੈਕਸਰ ਟੈਕਨਾਲੋਜੀਜ ਨੂੰ ਪਹਿਲਗਾਮ ਤੇ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ਦੀਆਂ ਉੱਚ-ਰੈਜੋਲਿਊਸਨ ਸੈਟੇਲਾਈਟ ਤਸਵੀਰਾਂ ਲਈ ਥੋਕ ਆਰਡਰ ਮਿਲੇ ਸਨ। 

ਜੀ ਹਾਂ, 2 ਤੋਂ 22 ਫ਼ਰਵਰੀ 2025 ਦੇ ਵਿਚਕਾਰ ਘੱਟੋ-ਘੱਟ 12 ਆਰਡਰ ਦਿਤੇ ਗਏ ਸਨ, ਜੋ ਆਮ ਗਿਣਤੀ ਤੋਂ ਦੁੱਗਣਾ ਹੈ। ਇਸ ਤੋਂ ਪਹਿਲਾਂ ਜੂਨ 2024 ਵਿਚ ਇਕ ਸ਼ੱਕੀ ਪਾਕਿਸਤਾਨੀ ਕੰਪਨੀ ਬਿਜਨੈੱਸ ਸਿਸਟਮਜ਼ ਇੰਟਰਨੈਸਨਲ ਪ੍ਰਾਈਵੇਟ ਲਿਮਟਿਡ ਨੂੰ ਮੈਕਸਰ ਦਾ ਨਵਾਂ “ਭਾਗੀਦਾਰ’’ ਬਣਾਇਆ ਗਿਆ ਸੀ। ਮੈਕਸਰ ਦੇ ਪੋਰਟਲ ’ਤੇ ਵੇਖੇ ਗਏ ਡੇਟਾ ਅਨੁਸਾਰ ਪਹਿਲਗਾਮ ਦੇ ਨਾਲ-ਨਾਲ ਪੁਲਵਾਮਾ, ਅਨੰਤਨਾਗ, ਪੁੰਛ, ਰਾਜੌਰੀ ਤੇ ਬਾਰਾਮੂਲਾ ਵਰਗੇ ਫ਼ੌਜੀ ਤੌਰ ’ਤੇ ਸੰਵੇਦਨਸ਼ੀਲ ਖੇਤਰਾਂ ਦੀਆਂ ਸੈਟੇਲਾਈਟ ਤਸਵੀਰਾਂ ਵੀ ਡਾਊਨਲੋਡ ਕੀਤੀਆਂ ਗਈਆਂ ਸਨ। 

ਰੀਪੋਰਟ ਮੁਤਾਬਕ ਇਨ੍ਹਾਂ ਆਦੇਸ਼ਾਂ ਵਿਚ ਬਿਜਨੈੱਸ ਸਿਸਟਮਜ਼ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਦਾ ਸਿੱਧਾ ਨਾਮ ਨਹੀਂ ਪਰ ਅਮਰੀਕਾ ਵਿਚ ਇਸ ਦੇ ਸੰਸਥਾਪਕ ਓਬੈਦੁੱਲਾ ਸਈਦ ਦਾ ਅਪਰਾਧਕ ਰੀਕਾਰਡ ਇਸ ‘ਸੰਜੋਗ’ ਨੂੰ ਸ਼ੱਕੀ ਬਣਾਉਂਦਾ ਹੈ। ਓਬੈਦੁੱਲਾ ਸਈਦ ਨੂੰ ਇਕ ਅਮਰੀਕੀ ਸੰਘੀ ਅਦਾਲਤ ਨੇ ਬਿਨਾਂ ਇਜਾਜ਼ਤ ਪਾਕਿਸਤਾਨ ਪਰਮਾਣੂ ਊਰਜਾ ਕਮਿਸਨ ਨੂੰ ਉੱਚ-ਪ੍ਰਦਰਸਨ ਵਾਲੇ ਕੰਪਿਊਟਰ ਤੇ ਸਾਫ਼ਟਵੇਅਰ ਨਿਰਯਾਤ ਕਰਨ ਲਈ ਇਕ ਸਾਲ ਦੀ ਸਜ਼ਾ ਸੁਣਾਈ ਸੀ। ਇਹ ਏਜੰਸੀ ਪ੍ਰਮਾਣੂ ਹਥਿਆਰਾਂ ਤੇ ਮਿਜ਼ਾਈਲ ਤਕਨਾਲੋਜੀ ਵਿਚ ਸ਼ਾਮਲ ਹੈ।

ਰਖਿਆ ਮਾਹਰਾਂ ਤੇ ਇਸਰੋ ਵਿਗਿਆਨੀਆਂ ਦਾ ਮੰਨਣਾ ਹੈ ਕਿ ਅਜਿਹੀਆਂ ਗਤੀਵਿਧੀਆਂ ਭਾਰਤ ਦੀ ਸੁਰੱਖਿਆ ਲਈ ਗੰਭੀਰ ਖ਼ਤਰਾ ਹਨ। ਇਸ ਤਰ੍ਹਾਂ ਅਤਿਵਾਦੀ ਫ਼ੌਜੀ ਗਤੀਵਿਧੀਆਂ, ਚੌਕੀਆਂ, ਹਥਿਆਰਾਂ ਦੇ ਸਥਾਨਾਂ ਤੇ ਬੁਨਿਆਦੀ ਢਾਂਚੇ ਬਾਰੇ ਵਿਸਤਿ੍ਰਤ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। 10 ਸੈਂਟੀਮੀਟਰ ਜਾਂ 30 ਸੈਂਟੀਮੀਟਰ ਰੈਜੋਲਿਊਸਨ ਵਾਲੀਆਂ ਤਸਵੀਰਾਂ ਇੰਨੀਆਂ ਉੱਚੀਆਂ ਸਪਸ਼ਟਤਾ ਨਾਲ ਹੁੰਦੀਆਂ ਹਨ ਕਿ ਸੜਕ ’ਤੇ ਤੁਰਨ ਵਾਲੇ ਵਿਅਕਤੀ ਦੀ ਪਛਾਣ ਕਰਨਾ ਸੰਭਵ ਹੁੰਦਾ ਹੈ।

ਉਧਰ, ਮੈਕਸਰ ਦਾ ਕਹਿਣਾ ਹੈ ਕਿ ਕੋਈ ਵੀ ਗਾਹਕ ਜੋ ਭੁਗਤਾਨ ਕਰਦਾ ਹੈ, ਉਹ ਦੂਜੇ ਗਾਹਕਾਂ ਦੁਆਰਾ ਆਰਡਰ ਕੀਤੀਆਂ ਤਸਵੀਰਾਂ ਵੇਖ ਸਕਦਾ ਹੈ ਜਦੋਂ ਤਕ ਕਿ ਇਹ “ਰਣਨੀਤਕ’’ ਨਾ ਹੋਵੇ, ਪਰ ਮੈਕਸਰ ਅਪਣੇ ਗਾਹਕਾਂ ਦੀ ਪਛਾਣ ਗੁਪਤ ਰਖਦਾ ਹੈ। ਘੱਟੋ-ਘੱਟ 11 ਭਾਰਤੀ ਸਪੇਸ ਟੈਕ ਸਟਾਰਟਅੱਪ ਜਿਨ੍ਹਾਂ ਵਿਚ ਭਾਰਤ ਸਰਕਾਰ ਦਾ ਰਖਿਆ ਮੰਤਰਾਲਾ ਤੇ ਇਸਰੋ ਸ਼ਾਮਲ ਹਨ, ਮੈਕਸਰ ਦੇ ਗਾਹਕ ਹਨ।  ਮੈਕਸਰ ਦਾ ਦਾਅਵਾ ਹੈ ਕਿ ਇਹ ਵਪਾਰਕ ਸੈਟੇਲਾਈਟ ਇਮੇਜਰੀ ਦੀਆਂ ਸੱਭ ਤੋਂ ਵਿਆਪਕ ਸੇਵਾਵਾਂ ਪ੍ਰਦਾਨ ਕਰਦਾ ਹੈ। ਕੰਪਨੀ ਅਨੁਸਾਰ ਇਹ ਸਿੰਥੈਟਿਕ ਅਪਰਚਰ ਰਾਡਾਰ ਤਕਨਾਲੋਜੀ ਦੀ ਵਰਤੋਂ ਕਰਦਾ ਹੈ, ਜਿਸ ਦੀ ਮਦਦ ਨਾਲ ਬੱਦਲਾਂ ਤੇ ਹਨੇਰੇ ਦੇ ਵਿਚਕਾਰ ਵੀ ਜ਼ਮੀਨ ਦੀਆਂ ਸਪਸ਼ਟ ਤਸਵੀਰਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।  (ਏਜੰਸੀ)