ਮੈਡੀਕਲ ਸਾਇੰਸ ਦਾ ਚਮਤਕਾਰ : ਮੁੰਡੇ ਦੇ ਹੱਥ ਲਾਏ ਕੁੜੀ ਦੀਆਂ ਬਾਹਾਂ ਨੂੰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਜਿਊਂਦਾ ਵਿਅਕਤੀ ਤਾਂ ‘ਹੱਥ ਦਾਨ’ ਕਰ ਨਹੀਂ ਸਕਦਾ ਅਤੇ ‘ਬ੍ਰੇਨ ਡੈੱਡ’ ਕੇਸਾਂ ਵਿਚ ਜਾਂ ਹਾਦਸਿਆਂ ’ਚ ਮਰਨ ਵਾਲਿਆਂ ਦੇ ਰਿਸ਼ਤੇਦਾਰ ਸੋਚਦੇ ਹਨ

File Photo

ਹੱਥਾਂ ਦਾ ਦਾਨ ਬਹੁਤ ਘੱਟ ਹੁੰਦਾ ਹੈ - ਜਿਊਂਦਾ ਵਿਅਕਤੀ ਤਾਂ ‘ਹੱਥ ਦਾਨ’ ਕਰ ਨਹੀਂ ਸਕਦਾ ਅਤੇ ‘ਬ੍ਰੇਨ ਡੈੱਡ’ ਕੇਸਾਂ ਵਿਚ ਜਾਂ ਹਾਦਸਿਆਂ ’ਚ ਮਰਨ ਵਾਲਿਆਂ ਦੇ ਰਿਸ਼ਤੇਦਾਰ ਸੋਚਦੇ ਹਨ ਕਿ ਹੱਥਾਂ-ਬਾਹਾਂ ਤੋਂ ਬਗ਼ੈਰ, ਸਰੀਰ ਅਧੂਰਾ ਹੋਵੇਗਾ ਅਤੇ ਸਸਕਾਰ ਵੇਲੇ ਬੁਰਾ ਵੀ ਲਗੇਗਾ। ਭਾਵੇਂ ਸੰਸਥਾ ਵਲੋਂ ਅੰਗ ਲਾਹੁਣ ਤੋਂ ਬਾਅਦ ਨਕਲੀ-ਅੰਗ (ਬਾਂਹ) ਲਾਉਣ ਦਾ ਵੀ ਪ੍ਰਬੰਧ ਹੈ ਫਿਰ ਵੀ ਅੰਗ-ਦਾਨ (ਬਾਂਹ ਦਾਨ) ਵਾਲੇ ਦਾਨੀ ਬਹੁਤ ਘੱਟ ਹਨ। ਰਜਿਸਟ੍ਰੇਸ਼ਨ ਤੋਂ ਬਾਅਦ ਹਸਪਤਾਲ ਵਾਲਿਆਂ ਨੇ ਸ਼੍ਰੇਆ ਦੀ ਮਾਂ ਸੁੱਮਾ ਅਤੇ ਪਿਉ ਫ਼ਕੀਰਗੌੜਾ ਸਿੱਧਾਨਗਾਉੜ ਜੋ ਟਾਟਾ ਮੋਟਰਜ਼ ਵਿਚ ਸੀਨੀਅਰ ਮੈਨੇਜਰ ਸੀ, ਨੂੰ ਦਸਿਆ ਕਿ ‘ਹੱਥ ਦਾਨੀ’ ਮਿਲਣ ’ਚ ਕਈ ਕਈ ਮਹੀਨੇ ਜਾਂ ਸਾਲ ਵੀ ਲੱਗ ਸਕਦੇ ਹਨ।

ਇਸੇ ਸਾਲ 12 ਅਪ੍ਰੈਲ ਮਹੀਨੇ ਦੌਰਾਨ ਪਟਿਆਲੇ ਵਿਚ ਨਿਹੰਗਾਂ ਵਲੋਂ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਹਰਜੀਤ ਸਿੰਘ ਦਾ ਹੱਥ ਵੱਢ ਕੇ ਵੱਖ ਕਰ ਦੇਣ ਤੋਂ ਬਾਅਦ ਪੀ.ਜੀ.ਆਈ. ਚੰਡੀਗੜ੍ਹ ਦੇ ਡਾਕਟਰਾਂ ਦੀ ਟੀਮ ਨੇ ਸਫ਼ਲ ਆਪਰੇੇਸ਼ਨ ਕਰ ਕੇ ਉਹੀ ਹੱਥ ਜੋੜ ਦਿਤਾ ਸੀ। ਪੂਰੀ ਉਮੀਦ ਹੈ ਕਿ ਕੁੱਝ ਸਮੇਂ ’ਚ, ਇਹ ਹੱਥ ਬਿਲਕੁਲ ਠੀਕ ਕੰਮ ਕਰਨ ਲਗੇਗਾ। ਇਸੇ ਵਿਸ਼ੇ ’ਤੇ ਪੂਨੇ ਦੀ ਸ਼੍ਰੇਆ, ਜਿਹਦੇ ਇਕ ਹਾਦਸੇ ’ਚ ਦੋਵੇਂ ਹੱਥ ਕੱਟੇ ਗਏ ਸਨ, ਨੂੰ ਸਾਲਾਂ ਬਾਅਦ ਆਪਰੇਸ਼ਨ ਰਾਹੀਂ ਇਕ ਮੁੰਡੇ ਦੇ ਹੱਥ ਲਾ ਦਿਤੇ ਗਏ ਸਨ, ਜੋ ਅਨਹੋਣੀ ਜਿਹੀ ਗੱਲ ਲਗਦੀ ਹੈ ਪਰ ਸ਼੍ਰੇਆ ਹੁਣ ਉਨ੍ਹਾਂ ਹੱਥਾਂ ਨਾਲ ਲਿਖਣ ਵੀ ਲੱਗ ਪਈ ਹੈ। ਸਾਰੀ ਘਟਨਾ ਮੈਂ ਅਪਣੇ ਪਾਠਕਾਂ ਤਕ ਪਹੁੰਚਾਉਣ ਦਾ ਉਪਰਾਲਾ ਕਰ ਰਿਹਾ ਹਾਂ।

ਦੋਹਾਂ ਹੱਥਾਂ ਦਾ ਟਰਾਂਸਪਲਾਂਟ ਕਰਵਾਉਣ ਤੋਂ ਦੋ ਸਾਲ ਬਾਅਦ, 21 ਸਾਲ ਦੀ ਸ਼੍ਰੇਆ ਨੇ ਕੈਮੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਛੱਡ ਕੇ ਅਪਣੇ ਘਰ ਕੋਲ ਪੂਨੇ ਵਿਚ ਹੀ ਬੀ.ਏ. ਇਕਨੌਮਿਕਸ ’ਚ ਦਾਖ਼ਲਾ ਲੈ ਲਿਆ ਹੈ। ਪਿਛਲੇ ਸਮੈਸਟਰ ’ਚ ਉਸ ਨੇ ਅਪਣੇ ‘ਨਵੇਂ’ ਹੱਥਾਂ ਨਾਲ ਲਿਖ ਕੇ ਪੇਪਰ ਦਿਤੇ ਸਨ। ਉਹਦੀ ਲਿਖਾਈ ਵੀ ਉਸੇ ਤਰ੍ਹਾਂ ਦੀ ਹੈ ਜਿਵੇਂ ਉਹਦੇ ‘ਪਹਿਲੇ’ ਹੱਥਾਂ ਨਾਲ ਸੀ। ਉਹ ਹੁਣ ‘ਨਵੇਂ’ ਹੱਥਾਂ ਦੀਆਂ ਉਂਗਲੀਆਂ ਉਤੇ ਨਹੁੰ ਪਾਲਿਸ਼ ਵੀ ਲਾਉਦੀ ਹੈ। ਹੋਰ ਤਾਂ ਹੋਰ ਚਮੜੀ ਦਾ ਰੰਗ ਵੀ ਬਦਲ ਗਿਆ ਹੈ ਅਤੇ ਬਾਕੀ ਸਰੀਰ ਵਾਂਗ ਹੱਥ ਵੀ ਗੋਰੇ ਹੋ ਗਏ ਹਨ, ਜਦਕਿ ਅੰਗ-ਦਾਨੀ ਮੁੰਡੇ ਦੀ ਚਮੜੀ ਦਾ ਰੰਗ ਕੁੱਝ ਕਾਲਾ ਸੀ।

ਕੋਚੀਨ ਦੇ ਅੰਮ੍ਰਿਤਾ ਇੰਸਟੀਚਿਊਟ ਆਫ਼ ਹੈਲਥ ਸਾਇੰਸਜ਼ ਵਿਚ ਦੋ ਸਾਲ ਪਹਿਲਾਂ, 19 ਸਾਲਾਂ ਦੀ ਸ਼੍ਰੇਆ ਸਿੱਧਾਨਗਾਉੜ ਦੇ ਦੋਵੇਂ ਹੱਥ ਟਰਾਂਸਪਲਾਂਟ ਕੀਤੇ ਗਏ ਸਨ। ਟਰਾਂਸਪਲਾਂਟ ਕਰ ਕੇ ਲਗਾਏ ਗਏ ਦੋਵੇਂ ਹੱਥ ਇਕ ਮੁੰਡੇ ਦੇ ਹਨ। ਸਤੰਬਰ 2016 ਵਿਚ ਸ਼੍ਰੇਆ ਜਦੋਂ ਬੱਸ ’ਚ ਬੈਠ ਕੇ ਅਪਣੇ ਘਰੋਂ (ਪੂਨੇ ਤੋਂ) ਕਰਨਾਟਕ ਦੇ ਮੰਗਲੌਰ ਨਜ਼ਦੀਕ ਪੈਂਦੇ ਅਪਣੇ ਕਾਲਜ, ‘ਮਨੀਪਾਲ ਇੰਸਟੀਚਿਊਟ ਆਫ਼ ਟੈਕਨਾਲੋਜੀ’ ਜਾ ਰਹੀ ਸੀ ਤਾਂ ਰਸਤੇ ਵਿਚ ਹਾਦਸਾਗ੍ਰਸਤ ਹੋ ਕੇ ਬੱਸ ਉਲਟ ਗਈ। ਸ਼੍ਰੇਆ ਦੀਆਂ ਦੋਵੇਂ ਬਾਹਾਂ ਦਰੜੀਆਂ ਗਈਆਂ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਕੂਹਣੀ ਤੋਂ ਉਪਰ, ਦੋਵੇਂ ਬਾਹਾਂ ਕਟਣੀਆਂ ਪਈਆਂ ਅਤੇ ਵਿਚਾਰੀ ਦੋਹਾਂ ਬਾਹਾਂ ਤੋਂ ਟੁੰਡੀ ਹੋ ਚੁਕੀ ਸੀ।

ਤਕਰੀਬਨ ਇਕ ਸਾਲ ਬਾਅਦ, ਜਦ ਬਾਹਾਂ ਦੇ ਜ਼ਖ਼ਮ ਠੀਕ ਹੋ ਗਏ ਉਹਦੇ ਪ੍ਰਵਾਰ ਨੂੰ ਪਤਾ ਲੱਗਾ ਕਿ ਕੋਚੀਨ ਦੀ ਮੈਡੀਕਲ ਸੰਸਥਾ ‘ਅੰਮ੍ਰਿਤਾ ਇੰਸਟੀਚਿਊਟ ਆਫ਼ ਹੈਲਥ ਸਾਇੰਸਜ਼’ ਵਿਚ, ‘ਹੱਥ ਟਰਾਂਸਪਲਾਂਟ’ ਕੀਤੇ ਜਾਂਦੇ ਹਨ। ਇਹ ਖ਼ਬਰ ਸੁਣ ਕੇ ਉਨ੍ਹਾਂ ਨੇ ਉਸ ਸੰਸਥਾ ’ਚ ਜਾ ਕੇ ਅਪਣਾ ਰਜਿਸਟ੍ਰੇਸ਼ਨ ਕਰਵਾ ਦਿਤਾ। ਉਸ ਵੇਲੇ ਰਜਿਸਟ੍ਰੇਸ਼ਨ ਵਾਲਿਆਂ ਦੀ ਉਡੀਕ-ਸੂਚੀ ਕਾਫ਼ੀ ਲੰਮੀ ਸੀ। ਭਾਰਤ, ਮਲੇਸ਼ੀਆ, ਅਫ਼ਗ਼ਾਨਿਸਤਾਨ, ਬੰਗਲਾਦੇਸ਼ ਆਦਿ ਦੇ 200 ਤੋਂ ਵੱਧ ਲੋਕ ਇਸ ਸੂਚੀ ਵਿਚ ਸਨ। ਇਕ ਅਫ਼ਗਾਨੀ ਨੇ ਸ਼੍ਰੇਆ ਦੇ ਪ੍ਰਵਾਰ ਨੂੰ ਦਸਿਆ ਕਿ ਉਸ ਨੇ ਇਕ ਸਾਲ ਤੋਂ ਅਪਣਾ ਨਾਂ ਰਜਿਸਟਰ ਕਰਵਾਇਆ ਹੋਇਆ ਹੈ ਅਤੇ ਕਿਸੇ ਦਾਨੀ ਦੇ ‘ਹੱਥ’ ਦੀ ਉਡੀਕ ਵਿਚ ਹੈ।

ਹੱਥਾਂ ਦਾ ਦਾਨ ਬਹੁਤ ਘੱਟ ਹੁੰਦਾ ਹੈ। ਜਿਊਂਦਾ ਵਿਅਕਤੀ ਤਾਂ ‘ਹੱਥ ਦਾਨ’ ਕਰ ਨਹੀਂ ਸਕਦਾ ਅਤੇ ‘ਬ੍ਰੇਨ ਡੈੱਡ’ ਕੇਸਾਂ ਵਿਚ ਜਾਂ ਹਾਦਸਿਆਂ ’ਚ ਮਰਨ ਵਾਲਿਆਂ ਦੇ ਰਿਸ਼ਤੇਦਾਰ ਸੋਚਦੇ ਹਨ ਕਿ ਹੱਥਾਂ-ਬਾਹਾਂ ਤੋਂ ਬਗ਼ੈਰ, ਸਰੀਰ ਅਧੂਰਾ ਹੋਵੇਗਾ ਅਤੇ ਸਸਕਾਰ ਵੇਲੇ ਬੁਰਾ ਵੀ ਲਗੇਗਾ। ਭਾਵੇਂ ਸੰਸਥਾ ਵਲੋਂ ਅੰਗ ਲਾਹੁਣ ਤੋਂ ਬਾਅਦ ਨਕਲੀ-ਅੰਗ (ਬਾਂਹ) ਲਾਉਣ ਦਾ ਵੀ ਪ੍ਰਬੰਧ ਹੈ ਫਿਰ ਵੀ ਅੰਗ-ਦਾਨ (ਬਾਂਹ ਦਾਨ) ਵਾਲੇ ਦਾਨੀ ਬਹੁਤ ਘੱਟ ਹਨ। ਰਜਿਸਟ੍ਰੇਸ਼ਨ ਤੋਂ ਬਾਅਦ ਹਸਪਤਾਲ ਵਾਲਿਆਂ ਨੇ ਸ਼੍ਰੇਆ ਦੀ ਮਾਂ ਸੁੱਮਾ ਅਤੇ ਪਿਉ ਫ਼ਕੀਰਗੌੜਾ ਸਿੱਧਾਨਗਾਉੜ, ਜੋ ਟਾਟਾ ਮੋਟਰਜ਼ ਵਿਚ ਸੀਨੀਅਰ ਮੈਨੇਜਰ ਸੀ, ਨੂੰ ਦਸਿਆ ਕਿ ‘ਹੱਥ ਦਾਨੀ’ ਮਿਲਣ ’ਚ ਕਈ ਕਈ ਮਹੀਨੇ ਜਾਂ ਸਾਲ ਵੀ ਲੱਗ ਸਕਦੇ ਹਨ।

ਨਾ-ਉਮੀਦੀ ਅਤੇ ਮਾਯੂਸੀ ਨਾਲ ਉਹ ਅਪਣੇ ਹੋਟਲ ਨੂੰ ਵਾਪਸ ਮੁੜ ਆਏ। ਸ਼੍ਰੇਆ ਅਪਣੇ ਮਾਪਿਆਂ ਦੀ ਇਕਲੌਤੀ ਔਲਾਦ ਹੈ। ਅਚਾਨਕ ਇਕ ਘੰਟੇ ਬਾਅਦ ਹੀ ਉਨ੍ਹਾਂ ਨੂੰ ਅੰਮ੍ਰਿਤਾ ਹਸਪਤਾਲ ਤੋਂ ਫ਼ੋਨ-ਕਾਲ ਆਈ ਕਿ ਫਟਾ-ਫਟ ਆ ਕੇ ਸ਼੍ਰੇਆ ਦੇ ਖ਼ੂਨ ਦੇ ਟੈਸਟ ਕਰਵਾਉ। ਉਨ੍ਹਾਂ ਨੂੰ ਦਸਿਆ ਗਿਆ ਕਿ ਇਕ ਮੁੰਡਾ, ਮੋਟਰਸਾਈਕਲ ਹਾਦਸਾ ਹੋਣ ਕਰ ਕੇ ਬ੍ਰੇਨ ਡੈੱਡ ਹੋ ਗਿਆ ਹੈ ਅਤੇ ਉਹਦੇ ਮਾਪਿਆਂ ਨੇ ਉਸ ਦੇ ਸਾਰੇ ਅੰਗ ਦਾਨ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਮੁੰਡਾ ਸਚਿਨ, ਇਰਨਾਕੁਲੱਮ ਰਾਜਾਗਿਰੀ ਕਾਲਜ ਆਫ਼ ਮੈਨੇਜਮੈਂਟ ਵਿਚ, ਬੀ.ਕਾਮ. ਦਾ ਵਿਦਿਆਰਥੀ ਸੀ। ਸ਼੍ਰੇਆ ਦੇ ਖ਼ੂਨ ਦੇ ਸਾਰੇ ਟੈਸਟ, ਮਿ੍ਰਤਕ ਸਚਿਨ ਨਾਲ ਮੈਚ ਕਰ ਗਏ।

9 ਅਗੱਸਤ 2017 ਨੂੰ ਡਾਕਟਰ ਸੁਬਰਾਮਨੀਅਮ ਅਈਅਰ ਦੀ ਅਗਵਾਈ ਵਿਚ 20 ਸਰਜਨਾਂ, ਸੋਲਾਂ ਐਨਾਸਥਿਸਟਾਂ, ਅਨੇਕਾਂ ਨਰਸਾਂ ਅਤੇ ਸਹਾਇਕਾਂ ਦੀ ਟੀਮ ਨੇ ਲਗਾਤਾਰ 13 ਘੰਟੇ ਦੇ ਆਪਰੇਸ਼ਨ ਦੌਰਾਨ, ਸਚਿਨ ਦੀਆਂ ਦੋਵੇਂ ਬਾਹਾਂ, ਕੂਹਣੀ ਅਤੇ ਮੋਢੇ ਦੇ ਦਰਮਿਆਨ ਸ਼੍ਰੇਆ ਨੂੰ ਲਗਾ ਦਿਤੀਆਂ ਗਈਆਂ। ਪਹਿਲਾਂ ਹੱਡੀਆਂ, ਫੇਰ ਖ਼ੂਨ ਦੀਆਂ ਨਾੜੀਆਂ, ਮਾਸਪੇਸ਼ੀਆਂ (ਪੱਠੇ), ਟੈਂਡਨ, ਨਰਵਜ਼ ਅਤੇ ਆਖ਼ਰ ’ਚ ਚਮੜੀ ਨੂੰ ਜੋੜਨਾ ਬਹੁਤ ਜੋਖ਼ਮ ਭਰਿਆ ਅਤੇ ਗੁੰਝਲਦਾਰ ਕੰਮ ਸੀ। ਡਾਕਟਰ ਅਈਅਰ ਅਨੁਸਾਰ ਹੁਣ ਤਕ ਪੂਰੀ ਦੁਨੀਆਂ ਵਿਚ ਇਸ ਤਰ੍ਹਾਂ ਦੇ ਸਿਰਫ਼ 9 ਆਪਰੇਸ਼ਨ ਹੀ ਹੋਏ ਹਨ।

ਸ਼੍ਰੇਆ (ਅੰਗ ਲੈਣ ਵਾਲੇ) ਦੇ ਸਰੀਰ ਨੇ, ਅੰਗ-ਦਾਨੀ ਦੇ ਹੱਥਾਂ ਦਾ ਗ੍ਰਾਫ਼ਟ, ਤਸਲੀਮ (ਐਕਸੈਪਟ) ਕਰ ਲਿਆ, ਫਿਰ ਵੀ ਕਾਫ਼ੀ ਲੰਮਾ ਸਮਾਂ ਉਸ ਨੂੰ ਦਵਾਈਆਂ ਦੇਣੀਆਂ ਪੈਣੀਆਂ ਹਨ ਤਾਕਿ ‘ਰਿਐਕਸ਼ਨ’ ਨਾ ਹੋ ਜਾਵੇ। ਹੌਲੀ ਹੌਲੀ ਉਂਗਲਾਂ, ਗੁੱਟ ਅਤੇ ਕੂਹਣੀ ਦੇ ਜੋੜਾਂ ਵਿਚ ਹਿਲਜੁਲ ਸ਼ੁਰੂ ਹੋਈ। ਪਹਿਲਾਂ ਤਾਂ ਨਵੀਆਂ ਲਾਈਆਂ ਬਾਹਾਂ ਦਾ ਕਾਫ਼ੀ ਭਾਰ ਵੀ ਮਹਿਸੂਸ ਹੁੰਦਾ ਹੈ। ਟੀਮ ਮੈਂਬਰ, ਪਲਾਸਟਿਕ ਸਰਜਨ ਡਾ. ਮੋਹਿਤ ਸ਼ਰਮਾ ਨੇ ਦਸਿਆ ਸੀ ਕਿ ਸ਼੍ਰੇਆ ਦੀ ਜ਼ਿੰਦਾ-ਦਿਲੀ ਅਤੇ ਹੱਠ ਕਰ ਕੇ, ਦੋ ਸਾਲਾਂ ਵਿਚ ਤਕਰੀਬਨ 85% ਨਤੀਜਾ ਹਾਸਲ ਹੋ ਗਿਆ। ਫਿਜ਼ੀਓਥੈਰੇਪੀ ਚਲਦੀ ਰਹੀ, ਮਰੀਜ਼ ਨੂੰ ਡੇਢ ਸਾਲ ਹਸਪਤਾਲ ਦੇ ਨਜ਼ਦੀਕ ਹੀ ਰਹਿਣਾ ਪਿਆ ਤਾਕਿ ਲੋੜ ਪੈਣ ’ਤੇ ਉਹ ਫੌਰੀ ਡਾਕਟਰਾਂ ਕੋਲ ਜਾ ਸਕੇ।

ਸ਼੍ਰੇਆ ਦੀ ਮਾਂ ਸੁੱਮਾ ਵੇਖਦੀ ਰਹੀ ਹੈ ਕਿ ਤਿੰਨ-ਚਾਰ ਮਹੀਨਿਆਂ ’ਚ ਉਂਗਲਾਂ, ਕੁੜੀਆਂ ਵਰਗੀਆਂ ਪਤਲੀਆਂ ਹੋ ਗਈਆਂ ਹਨ। ਡਾ. ਅਈਅਰ ਮੁਤਾਬਕ, ਉਂਗਲਾਂ ਵਿਚ ਇਹ ਤਬਦੀਲੀ ਔਰਤਾਂ ਦੇ ਹਾਰਮੋਨਜ਼ ਕਰ ਕੇ ਹੋ ਸਕਦੀਆਂ ਹਨ। ਸ਼੍ਰੇਆ ਕਹਿੰਦੀ ਹੈ, ‘‘ਨਵੇਂ ਹੱਥ ਲੱਗਣ ਤੋਂ ਕੁੱਝ ਸਮਾਂ ਬਾਅਦ ਤਕ ਇਨ੍ਹਾਂ ਦਾ ਰੰਗ ਕੱੁਝ ਕਾਲਾ ਸੀ, ਪਰ ਮੈਨੂੰ ਇਸ ਦਾ ਕੋਈ ਫ਼ਿਕਰ ਨਹੀਂ ਸੀ। ਹੁਣ ਤਾਂ ਇਹ ਬਿਲਕੁਲ ਮੇਰੇ ਰੰਗ ਨਾਲ ਮਿਲ ਗਿਆ ਹੈ। ਚਮੜੀ ਦਾ ਰੰਗ ਗੋਰਾ ਹੋ ਜਾਣਾ ਜਾਂ ਉਂਗਲੀਆਂ ਪਤਲੀਆਂ ਹੋ ਜਾਣੀਆਂ, ਪਤਾ ਨਹੀਂ ਇਹ ਕਿੱਦਾਂ ਹੋ ਗਿਆ ਪਰ ਹੁਣ ਮੈਨੂੰ, ਹੱਥ-ਦਾਨੀ ਸਚਿਨ ਦੇ ਇਹ ਹੱਥ ਮੇਰੇ ਅਪਣੇ ਹੀ ਲਗਦੇ ਨੇ।’’

ਆਲਮੀ ਪੱਧਰ ’ਤੇ ਹੁਣ ਤਕ ਅਜਿਹੇ 200 ਕੇਸ ਹੋਏ ਹਨ ਪਰ ਕਿਸੇ ਵੀ ਕੇਸ ਵਿਚ ਇਸ ਤਰ੍ਹਾਂ ਦਾ ਸਬੂਤ ਨਹੀਂ ਮਿਲਿਆ ਕਿ ਹੱਥਾਂ ਦੀ ਚਮੜੀ ਦਾ ਰੰਗ, ਆਕਾਰ ਅਤੇ ਸ਼ਕਲ, ਬਾਕੀ ਸਰੀਰ ਵਰਗੀ ਹੋ ਗਈ ਹੋਵੇ। ਡਾਕਟਰਾਂ ਅਨੁਸਾਰ, ਸ਼ਾਇਦ ਇਸ ਤਰ੍ਹਾਂ ਦਾ ਇਹ ਪਹਿਲਾ ਹੀ ਕੇਸ ਹੋਵੇ। ਏਸ਼ੀਆ ਵਿਚ ਇਹ ਇਕ ਮਸ਼ਹੂਰ ਹਸਪਤਾਲ ਹੈ ਜਿੱਥੇ ਹੱਥਾਂ ਦਾ ਟਰਾਂਸਪਲਾਂਟ ਕੀਤਾ ਜਾਂਦਾ ਹੈ ਅਤੇ ਨਤੀਜੇ ਵੀ ਵਧੀਆ ਹੁੰਦੇ ਹਨ। ਭਾਰਤ ਨੂੰ ਇਸ ’ਤੇ ਮਾਣ ਹੋਣਾ ਚਾਹੀਦਾ ਹੈ। ਹੱਥਾਂ ਦਾ ਪਹਿਲਾ ਟਰਾਂਸਪਲਾਂਟ, ਇੱਥੇ 2015 ਵਿਚ ਕੀਤਾ ਗਿਆ ਸੀ।

ਸ਼੍ਰੇਆ ਤੋਂ ਬਾਅਦ, 2019 ਵਿਚ, ਦਸਾਂ ਸਾਲਾਂ ਤੋਂ ਅਪਾਹਜ ਬਣੇ ਨੇਵੀ ਆਰਮਾਮੈਂਟ ਡਿਪੋ ਦੇ ਇਲੈਕਟ੍ਰੀਸ਼ਨ, ਐਮ. ਪ੍ਰਸਾਦ ਨੂੰ ਜਦ ਇਸ ਬਾਰੇ ਪਤਾ ਲੱਗਾ ਤਾਂ ਰਖਿਆ ਮੰਤਰਾਲੇ ਕੋਲੋਂ 25 ਲੱਖ ਰੁਪਏ ਖ਼ਰਚੇ ਦੀ ਮਨਜ਼ੂਰੀ ਪ੍ਰਾਪਤ ਕਰਨ ਤੋਂ ਬਾਅਦ, ਪ੍ਰਸਾਦ ਨੇ ਇਸੇ ਸੰਸਥਾ ਤੋਂ ਦੋਵੇਂ ਬਾਹਾਂ ਟਰਾਂਸਪਲਾਂਟ ਕਰਵਾਈਆਂ ਸਨ।
ਮੈਡੀਕਲ ਸਾਇੰਸ ਅਤੇ ਮਾਹਰ ਡਾਕਟਰਾਂ ਦੀ ਇਹ ਇਕ ਬਹੁਤ ਵੱਡੀ ਪ੍ਰਾਪਤੀ ਹੈ। ਪੂਰੇ ਦੇਸ਼ ਨੂੰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ’ਤੇ ਮਾਣ ਹੈ, ਪਰ ਮੀਡੀਆ ਵਿਚ ਅਜਿਹੀਆਂ ਸੰਸਥਾਵਾਂ ਅਤੇ ਜ਼ਹੀਨ ਡਾਕਟਰਾਂ ਦਾ ਜ਼ਿਕਰ ਘੱਟ ਹੀ ਹੁੰਦਾ ਹੈ। ਨੇਤਾ ਵੀ ਅਜਿਹੇ ਕੰਮਾਂ ਬਾਰੇ ਕਦੀ ਨਹੀਂ ਬੋਲਦੇ ਕਿਉਂਕਿ ਉਨ੍ਹਾਂ ਨੂੰ ਮੰਦਰ-ਮਸਜਿਦ, ਹਿੰਦੂ-ਮੁਸਲਿਮ, ਪਾਕਿਸਤਾਨ ਤੋਂ ਹੀ ਵਿਹਲ ਨਹੀਂ ਮਿਲਦੀ। ਬਲਕਿ ਨੇਤਾ ਤਾਂ ਡਾਕਟਰਾਂ ਦੀਆਂ ਅੰਤਰਰਾਸ਼ਟਰੀ ਕਾਨਫ਼ਰੰਸਾਂ ਵਿਚ ਸ਼ਿਰਕਤ ਨੂੰ ਐਸ਼ਪ੍ਰਸਤੀ ਵਾਲੇ ਟੂਰ ਸਮਝਦੇ ਹਨ।  ਜਨਹਿੱਤਾਂ ’ਚ ਇਸ ਤਰ੍ਹਾਂ ਕੰਮਾਂ ਦੀ ਮੀਡੀਆ ਕਵਰੇਜ ਅਤੇ ਡਾਕਟਰਾਂ ਦੀ ਹੌਸਲਾ-ਅਫ਼ਜ਼ਾਈ ਲਈ ਮਾਣ ਸਨਮਾਨ ਹੋਣੇ ਚਾਹੀਦੇ ਹਨ। 
ਸੰਪਰਕ : 98728-43491